ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

(ਭਾਈ ਜਸਵੀਰ ਸਿੰਘ ਜਮਾਲਪੁਰੀ ਦਾ ਰਾਗੀ ਜਥਾ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕਰਦਾ ਹੋਇਆ)

(ਬ੍ਰਿਸਬੇਨ) ਸਾਹਿਬ-ਏ-ਕਮਾਲ, ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰਦੁਆਰਾ ਸਿੰਘ ਸਭਾ ਟਾਇਗਮ ਵਿਖੇ ਪ੍ਰਬੰਧਕ ਕਮੇਟੀਆ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਠ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਜਿਸ ‘ਚ ਭਾਈ ਜਸਵੀਰ ਸਿੰਘ ਜਮਾਲਪੁਰੀ, ਭਾਈ ਗੁਰਤੇਜ ਸਿੰਘ, ਭਾਈ ਨਰਿੰਦਰਪਾਲ ਸਿੰਘ, ਗਿਆਨੀ ਕੰਵਲਜੀਤ ਸਿੰਘ, ਭਾਈ ਪਰਮਜੀਤ ਸਿੰਘ ਮੈਲਬਾਰਨ ਆਦਿ ਦੇ ਪੰਥ ਪ੍ਰਸਿੱਧ ਰਾਗੀ, ਕਥਾਵਾਚਕ, ਢਾਡੀ ਜੱਥਿਆਂ ਅਤੇ ਬੱਚਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ, ਕਥਾ ਵਿਚਾਰਾ ਦੁਆਰਾ ਗੁਰੂ ਸਾਹਿਬ ਜੀ ਦੇ ਜੀਵਨ ਫਲਸਫ਼ੇ ਬਾਰੇ ਚਾਨਣਾ ਪਾਉਦਿਆਂ ਸੰਗਤਾ ਨੂੰ ਦੱਸਿਆਂ ਕੀ ਖਾਲਸਾ ਪੰਥ ਦੇ ਸਿਰਜਣਹਾਰ, ਦਸ਼ਮੇਸ਼ ਪਿਤਾ ਜੀ ਵਿਸ਼ਵ ਦੇ ਇਤਿਹਾਸ ‘ਚ ਅਜਿਹੇ ਰਹਿਬਰ ਸਨ ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਦੀ ਚੜ੍ਹਦੀਕਲਾ, ਹੱਕ-ਸੱਚ, ਜ਼ੁਲਮ ਦੇ ਖਾਤਮੇ ਅਤੇ ਮਨੁੱਖਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ।

(ਗੁਰੂ ਦੀਆ ਲਾਡਲੀਆਂ ਫੌਜਾਂ ਗੱਤਕੇ ਦੇ ਕਰਤੱਵ ਵਿਖਾਉਦੀਆ ਹੋਈਆਂ)

ਉਨ੍ਹਾਂ ਸੰਗਤਾ ਨੂੰ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਬਾਣੇ ਤੇ ਬਾਣੀ ਦੇ ਧਾਰਨੀ ਬਣਕੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ‘ਤੇ ਗੁਰੂ ਦੀਆ ਲਾਡਲੀਆਂ ਫੌਜਾਂ ਵੱਲੋਂ ਵਿਖਾਏ ਗਏ ਗੱਤਕੇ ਦੇ ਕਰਤੱਵ ਵੀ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਸਵੀਰ ਸਿੰਘ ਜਮਾਲਪੁਰੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਨੂੰ ਗੁਰੂਘਰ ਵਿਖੇ ਨਿਭਾਈਆ ਗਈਆ ਸੇਵਾਵਾਂ ਲਈ ਗੁਰੂ ਸਾਹਿਬ ਦੀ ਬਖਸਿਸ਼ ਸਿਰੋਪਾਓ ਭੇਟ ਕਰਕੇ ਵਿਦਾਇਗੀ ਦਿੱਤੀ ਗਈ। ਗੁਰੂ ਦੀਆਂ ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

Install Punjabi Akhbar App

Install
×