ਮਿੰਨੀ ਕਹਾਣੀ – ਸਮਝ

ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣ ਵਾਲਾ ਗੱਭਰੂ, ਦਿਨ ਰਾਤ ਕਮਾਈ ਕਰਨ ਵਾਲਾ ਮਜ਼ਦੂਰ, ਕੜੀ ਵਰਗਾ ਨੌਜਵਾਨ ਸੀ ਕੰਤਾ, ਪਰ ਉਹਦੀ ਤਰਾਸਦੀ ਇਹ ਸੀ ਕਿ ਉਹ ਅਤਿ ਗ਼ਰੀਬ ਤੇ ਅੰਧ ਵਿਸ਼ਵਾਸੀ ਪਰਿਵਾਰ ਵਿਚ ਜੰਮਿਆ ਸੀ। ਉਹਦੇ ਪਰਿਵਾਰ ਦਾ ਦਵਾਈਆਂ ਬੂਟੀਆਂ ਨਾਲੋਂ ਧਾਗਿਆਂ ਤਵੀਤਾਂ ਟੂਣਿਆਂ ਟਮਾਣਿਆਂ ਵਿਚ ਵਧੇਰੇ ਭਰੋਸਾ ਸੀ। ਪਰਿਵਾਰ ਦੇ ਕਿਸੇ ਮੈਂਬਰ ਦਾ ਸਿਰ ਦੁਖਦਾ ਤਾਂ ਸੰਤ ਚਾਕੂ ਦਾਸ ਦੇ ਡੇਰੇ ਦਾ ਮਹੰਤ ਤਿੰਨ ਡੰਗ ਲਈ ਪਾਣੀ ਕਰਕੇ ਦੇ ਦਿੰਦਾ, ਜੋ ਬਿਮਾਰ ਨੂੰ ਪਿਆਇਆ ਜਾਂਦਾ। ਬੁਖ਼ਾਰ ਚੜ੍ਹ ਜਾਂਦਾ ਤਾਂ ਚਾਰ ਦਿਨਾਂ ਲਈ ਧੂਣੇ ਚੋਂ ਸੁਆਹ ਦੀਆਂ ਪੁੜੀਆਂ ਬਣਾ ਦਿੰਦਾ। ਪਰਿਵਾਰ ਨੂੰ ਤਾਂ ਭਾਵੇਂ ਪਾਣੀ ਤੇ ਸੁਆਹ ਤੇ ਭਰੋਸਾ ਸੀ, ਪਰ ਤੇਜ਼ ਤਰਾਰ ਸਾਧ ਇਹ ਜਾਣਦਾ ਸੀ ਕਿ ਅਜਿਹੀ ਆਮ ਬੀਮਰੀ ਆਪਣੇ ਆਪ ਕਿੰਨੇ ਸਮੇਂ ‘ਚ ਠੀਕ ਹੋ ਜਾਂਦੀ ਹੈ। ਉਹ ਪੁੜੀਆਂ ਖੁਆਉਂਦੇ ਮਰੀਜ਼ ਠੀਕ ਹੋ ਜਾਂਦਾ ਤੇ ਉਨ੍ਹਾਂ ਦਾ ਵਿਸ਼ਵਾਸ ਹੋਰ ਵਧ ਜਾਂਦਾ।
ਕੰਤਾਂ ਦਿਹਾੜੀ ਕਰਕੇ ਘਰ ਆਇਆ ਸੀ, ਪਰ ਉਸਨੂੰ ਭੁੱਖ ਨਾ ਲੱਗੀ, ਅਗਲੇ ਦਿਨ ਉਸਦਾ ਕੰਮ ਤੇ ਜਾਣ ਦਾ ਵੀ ਹੌਸਲਾ ਨਾ ਪਿਆ ਅਤੇ ਤੀਜੇ ਦਿਨ ਨੂੰ ਉਸਦੇ ਸਰੀਰ ਤੇ ਛੋਟੇ ਛੋਟੇ ਦਾਣੇ ਜਿਹੇ ਨਿਕਲ ਆਏ। ਕੰਤੇ ਦੀ ਮਾਂ ਨੇ ਉਸਦੇ ਸਿਰ ਤੋਂ ਦਸ ਰੁਪਏ ਛੁਹਾਏ ਤੇ ਡੇਰੇ ‘ਚ ਮਹੰਤ ਮੂਹਰੇ ਜਾ ਧਰੇ ਅਤੇ ਕੰਤੇ ਦੇ ਬਿਮਾਰ ਹੋਣ ਦੀ ਸਾਰੀ ਜਾਣਕਾਰੀ ਦੇ ਦਿੱਤੀ। ਮਹੰਤ ਨੇ ਧੂਣੀ ਚੋਂ ਪੁੜੀਆਂ ਬਣਾਈਆਂ ਤੇ ਇਹ ਕਹਿੰਦਿਆਂ ਫੜਾ ਦਿੱਤੀਆਂ, ”ਕੰਤੇ ਦੇ ਛੋਟੀ ਮਾਤਾ ਨਿਕਲ ਆਈ ਐ, ਘਰ ‘ਚ ਪੂਰੀ ਸੁੱਚਮ ਰੱਖਣੀ ਐ, ਸ਼ਰਾਬ ਘਰ ਵਿਚ ਨਹੀਂ ਲਿਆਉਣੀ, ਬੱਸ ਪੁੜੀਆਂ ਖੁਆਓ ਠੀਕ ਹੋਜੂ।” ਕੰਤੇ ਨੂੰ ਹੋਰ ਕੋਈ ਦਵਾਈ ਨਾ ਦਿਵਾਈ ਗਈ ਪੁੜੀਆਂ ਖੁਆਉਂਦੇ ਰਹੇ, ਇੰਨੇ ਵਿਚ ਬਿਮਾਰੀ ਵਧ ਗਈ ਤੇ ਕੰਤਾ ਨੀਮ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ। ਹੁਣ ਉਹ ਪੁੜੀਆਂ ਪਾਣੀ ‘ਚ ਘੋਲ ਕੇ ਪਿਆ ਦਿੰਦੇ। ਇੱਕ ਦਿਨ ਸੁਭਾ ਜਦ ਕੰਤੇ ਨੂੰ ਪੁੜੀ ਦੇਣ ਲੱਗੇ ਤਾਂ ਉਹ ਕਦੇ ਵੀ ਨਾ ਉੱਠਣ ਵਾਲੀ ਨੀਂਦ ਲੈ ਚੁੱਕਾ ਸੀ।
ਆਂਢ ਗੁਆਂਢ ਆ ਗਿਆ, ਰਿਸ਼ਤੇਦਾਰ ਪਹੁੰਚ ਗਏ, ਕੰਤੇ ਦੇ ਸਸਕਾਰ ਦੀ ਤਿਆਰੀ ਕਰਨ ਲੱਗੇ ਤਾਂ ਇੱਕ ਔਰਤ ਨੇ ਕਿਹਾ, ”ਭਾਈ ਸਸਕਾਰ ਕਰੋਗੇ ਤਾਂ ਛੋਟੀ ਮਾਤਾ ਵੀ ਨਾਲ ਸੜ ਜੂਗੀ ਇਹ ਤਾਂ ਹੋਰ ਵੱਡਾ ਪਾਪ ਹੋਜੂ, ਤੁਸੀਂ ਇਸ ਨੂੰ ਦੱਬ ਦਿਓ।” ਅੰਧ ਵਿਸ਼ਵਾਸੀ ਪਰਿਵਾਰ ਨੇ ਦੱਬਣ ਦਾ ਫ਼ੈਸਲਾ ਕਰ ਲਿਆ ਅਤੇ ਸ਼ਮਸ਼ਾਨਘਾਟ ‘ਚ ਕੰਤੇ ਦੀ ਲਾਸ਼ ਦੱਬਣ ਲਈ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ। ਇਹ ਪਤਾ ਲੱਗਣ ਤੇ ਪਿੰਡ ਦੇ ਮੋਹਤਬਰ ਬੰਦੇ ਪਹੁੰਚ ਗਏ, ਉਨ੍ਹਾਂ ਕਿਹਾ ”ਸਾਡਾ ਧਰਮ ਦੱਬਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜੇ ਤੁਸੀਂ ਦੱਬਣਾ ਹੀ ਹੈ ਤਾਂ ਕਬਰਾਂ ਵਿਚ ਦੱਬ ਆਓ।” ਕੰਤੇ ਦੀ ਲਾਸ਼ ਨੂੰ ਦੱਬਣ ਲਈ ਕਬਰਾਂ ‘ਚ ਲਿਜਾਇਆ ਗਿਆ, ਪਤਾ ਲੱਗਣ ਤੇ ਉਸ ਧਰਮ ਦੇ ਲੋਕ ਆਣ ਪਹੁੰਚੇ ਤੇ ਉਨ੍ਹਾਂ ਕਿਹਾ, ”ਇਹ ਸਾਡੇ ਧਰਮ ਦਾ ਆਦਮੀ ਨਹੀਂ, ਇਸ ਨੂੰ ਕਬਰਾਂ ਵਿਚ ਨਹੀਂ ਦਫ਼ਨਾਇਆ ਜਾ ਸਕਦਾ।”
ਆਖ਼ਰ! ਫੇਰ ਕੁੱਝ ਸਿਆਣਿਆਂ ਨੇ ਕਿਹਾ, ”ਭਾਈ ਕਮਲ ਨਾ ਮਾਰੋ, ਮਰਨ ਤੋਂ ਮਗਰੋਂ ਸਰੀਰ ਮਿੱਟੀ ਹੀ ਹੁੰਦੀ ਐ ਤੇ ਇਸ ਨੂੰ ਸਮੇਟਣਾ ਹੀ ਹੁੰਦੈ, ਤੁਸੀਂ ਸਸਕਾਰ ਕਰ ਦਿਓ।” ਫੇਰ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਲਾਸ਼ ਦਾ ਸਸਕਾਰ ਕੀਤਾ। ਸਸਕਾਰ ਤੋਂ ਆਉਂਦੇ ਲੋਕ ਚਰਚਾ ਕਰ ਰਹੇ ਸਨ ਕਿ ”ਪਹਿਲਾਂ ਤਾਂ ਇਲਾਜ ਦੀ ਥਾਂ ਸਾਧ ਦੀਆਂ ਪੁੜੀਆਂ ਨੇ ਹੀ ਜਾਨ ਲੈ ਲਈ, ਫੇਰ ਵਿਚਾਰੇ ਦੀ ਲਾਸ਼ ਵੀ ਅੰਧ ਵਿਸ਼ਵਾਸ ਸਦਕਾ ਰੁਲਦੀ ਰਹੀ। ਦੁਨੀਆ ਦੇ ਲੋਕ ਚੰਦ ਤੇ ਪਹੁੰਚ ਗਏ ਨੇ, ਇਹਨਾਂ ਲੋਕਾਂ ਨੂੰ ਪਤਾ ਨੀ ਸਮਝ ਕਦੋਂ ਆਊਗੀ।”

Install Punjabi Akhbar App

Install
×