“ਮਰਨਾ ਸੱਚ, ਜਿਉਣਾ ਝੂਠ” ਸਿੱਧ ਕਰਨ ਵਾਲਾ ਜੋਤਿਸ਼ੀ – ਸ਼ਿਵ ਕੁਮਾਰ ਬਟਾਲਵੀ

( ਬੀਤੇ ਕੱਲ੍ਹ -23 ਜੁਲਾਈ ਜਨਮ ਦਿਨ ਤੇ ਵਿਸ਼ੇਸ )

ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਦਾ ਤਾਂ ਭੰਬਲਭੂਸਾ ਚਾਹੇ ਬਣਿਆ ਰਿਹਾ ਪਰ ਸ਼ਿਵ ਨੇ ਆਪਣੀ ਮੌਤ ਦੀ ਤਾਰੀਕ ਜਰੂਰ ਮਿਥ ਦਿੱਤੀ ਸੀ, ਜਿਸਨੂੰ ਝੁਠਲਾਇਆ ਨਹੀਂ ਜਾ ਸਕਿਆ । ਸ਼ਿਵ ਦਾ ਜਨਮ 23 ਜੁਲਾਈ 1936 ਨੂੰ ਮੌਜੂਦਾ ਪਾਕਿਸਤਾਨ ਦੇ ਪਿੰਡ ਬੜਾ ਪਿੰਡ  ਲੋਹਟੀਆਂ ਵਿੱਚ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ਼੍ਰੀਮਤੀ ਸ਼ਾਤੀ ਦੇਵੀ ਦੇ ਘਰ ਹੋਇਆ । ਪਰ ਦੱਸਿਆ ਜਾਦਾ ਹੈ ਕਿ ਆਮ ਮਾਪਿਆਂ ਦੇ ਵਾਂਗ ਘਰ ਦਿਆਂ ਨੇ ਨੌਕਰੀ ਦੀ  ਚਾਹਤ ਨੂੰ ਰੱਖਦਿਆਂ  ਸਕੂਲੀ ਰਿਕਾਰਡ ਵਿੱਚ 8 ਅਗੱਸਤ 1937 ਜਨਮ ਮਿਤੀ ਦਰਜ ਕਰਵਾ ਦਿੱਤੀ । ਪੰਜਾਬੀ ਕਾਵਿ ਸੰਸਾਰ ਦਾ ਇਹ ਸ਼ਾਹ ਅਸਵਾਰ ਬਿਰਹਾ ਅਤੇ ਪੀੜ ਦੇ ਦਰਦ ਨੂੰ ਮਜੇ ਨਾਲ ਮਾਣਦਿਆਂ ਜੋਬਨ ਰੁੱਤੇ ਮਰਨ ਦੀ ਚਾਹਤ ਵਿੱਚ ਭਰ ਜਵਾਨੀ ਵਿੱਚ ਹੀ ਆਲੋਪ ਹੋ ਗਿਆ । ਭਰ ਜਵਾਨੀ ਵਿੱਚ ਮਰਨ ਦਾ ਵਿਚਾਰ ਤਾਂ ਉਹਦੀ ਸੋਚ ਵਿੱਚ ਏਨਾ ਘਰ ਕਰ ਗਿਆ ਸੀ ਕਿ ਮਰਨ ਲਈ ਤਾਂ ਉਹਨੇ ਸਮਾਂ ਤੇ ਸਥਾਨ ਵੀ ਮਿਥ ਲਿਆ ਸੀ । ਮਰਨ ਦਾ ਸਮਾਂ ਤਾਂ ਆਪਣੀ ਰਚਨਾ “ ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸੀਂ ਭਰੇ ਭਰਾਏ ” ਵਿੱਚ ਦੱਸ ਦਿੱਤਾ ਅਤੇ ਸਥਾਨ ਵੀ ਆਪਣੇ ਸਹੁਰਿਆਂ ਦੇ ਪਿੰਡ ਕੀੜੀ ਮੰਗਲ ਚ ਆਪਣੀ ਪਤਨੀ ਦੇ ਗੋਡੇ ਤੇ ਸਿਰ । ਜਦੋਂ ਉਹ ਕਹਿੰਦਾ ਹੈ ਕਿ “ ਤੇਰਾ ਇਹ ਪਿੰਡ ਜਿਉਣ ਲਈ ਵੀ ਚੰਗਾ ਹੈ ਅਤੇ ਮਰਨ ਲਈ ਵੀ ।” ਇਹ ਵੀ ਕਹਿ ਦਿੱਤਾ ਸੀ ਕਿ ਜੇ ਤੂੰ ਵਚਨਾਂ ਦੀ ਪੱਕੀ ਤਾਂ ਮੈਂ ਵੀ ਵਚਨਾਂ ਦਾ ਪੱਕਾ ਹਾਂ। ਅੰਤਿਮ ਸਮੇਂ ਵੀ ਮੇਰਾ ਇਹ ਸਿਰ ਅੱਜ ਵਾਂਗ ਤੇਰੇ ਗੋਡੇ ਮੁੱਢ ਜੁੜਿਆ ਹੋਵੇਗਾ। ਸ਼ਾਇਦ ਇਸੇ ਲਈ ਦੇਸ਼ ਵਿਦੇਸ਼ੋਂ ਘੁੰਮਦਿਆਂ ਉਹਨੇ ਚੰਡੀਗੜ ਦੀ ਬਜਾਇ ਮਰਨ ਲਈ ਇਹੋ ਥਾਂ ਚੁਣੀ । ਆਪਣੀ ਜਵਾਨੀ ਦੇ ਪਹਿਲੇ ਪਹਿਰ ਵਿੱਚ ਆਪਣੀ ਚਾਹਤ ਖੋਹ ਜਾਣ ਤੇ ਵਿਛੋੜੇ ਦੇ ਸਿਤਮ ਚ ਧੁਰ ਅੰਦਰੋਂ ਧੁਆਂਖੇ ਆਮ ਨੌਜਵਾਨ ਤੋਂ ਕਵੀ ਬਣੇ ਸ਼ਿਵ ਨੂੰ ਬਿਰਹਾ ਦਾ ਕਵੀ  ਕਹਿੰਦੇ  ਹਨ । ਪੀੜ ਜਾਂ ਵਿਛੋੜੇ ਦੇ ਦਰਦ ਨੂੰ ਏਨੀ ਸ਼ਿਦਤ ਅਤੇ ਖੁਸ਼ੀ ਨਾਲ ਮਾਨਣ ਦਾ ਵਲ ਸਿਖਾਉਣ ਦਾ ਸਿਹਰਾ ਵੀ ਸ਼ਾਇਦ ਸ਼ਿਵ ਨੂੰ ਹੀ ਜਾਵੇਗਾ । ਸ਼ਿਵ ਪੰਜਾਬੀ ਕਾਵਿ ਸੰਸਾਰ ਵਿੱਚ ਇੱਕ ਮੁਕੰਮਲ ਸ਼ਾਇਰ ਦਾ ਦਰਜਾ ਰੱਖਦਾ ਹੈ, ਜਿਸਨੇ ਸ਼ਾਇਰੀ ਵਿੱਚ ਸਮਾਜ ਦੇ ਹਰ ਪੱਖ ਨੂੰ ਛੋਹਿਆ ਹੈ । ਪਰ ਲੱਗਦਾ ਕਿ ਸ਼ਿਵ ਦੇ ਇਸ਼ਕ ਦੇ ਦਰਦ ਵਿਚਲੀ ਪੀੜਾ ਅਤੇ ਹਿਜਰ ਦੀ ਬਾਤ ਪੜਦਿਆਂ ਪੜਾਉਂਦਿਆਂ ਸ਼ਿਵ ਦੀ ਸਮੁੱਚੀ ਲੇਖਣੀ ਦੀ ਗੱਲ ਅਧੂਰੀ ਰਹਿ ਗਈ । ਸ਼ਿਵ ਨੂੰ ਪੜਦਿਆਂ ਲਗਦਾ ਹੈ ਕਿ ਉਹਦੀ ਪੀੜਾ ਔਰਤ ਦੀ ਪੀੜਾ ਹੈ । ਆਲੋਚਕਾਂ ਦਾ ਜੋਰ ਸ਼ਾਇਦ ਸ਼ਿਵ ਨੂੰ ਸ਼ਰਾਬੀ ਅਤੇ ਆਸ਼ਿਕ ਐਲਾਨ ਕਰਨ ਵਿੱਚ ਲੱਗ ਗਿਆ ਪਰ ਔਰਤ ਦਾ ਦਰਦ ਜੋ ਉਸਨੇ  ਬਿਆਨ ਕੀਤਾ ਉਹ ਉਹਦੇ ਆਪਣੇ ਦਰਦ ਤੋਂ ਵੀ ਵੱਡਾ ਸੀ ।“ ਲੂਣਾ ” ਵਰਗੀ ਸ਼ਾਹਕਾਰ ਰਚਨਾ ਨਾਲ 1967 ਵਿੱਚ ਸਭ ਤੋਂ ਛੋਟੀ ਉਮਰ ਵਿੱਚ ਸਾਹਿਤ ਅਕਾਡਮੀ ਪੁਰਸਕਾਰ ਹਾਸਿਲ ਕਰਨ ਦਾ ਮਾਣ ਪ੍ਰਾਪਤ ਸ਼ਿਵ ਨੇ ਲੂਣਾ ਵਿੱਚ ਔਰਤ ਨੂੰ ਤਾਂ ਸਨਮਾਨ ਜਨਕ ਰੁਤਬਾ ਤਾਂ ਦਿੱਤਾ ਹੀ, ਉਥੇ ਉਹਨੇ ਸਮਾਜ ਦੀ ਬੇਹੱਦ ਘਿਨਾਉਣੀ ਤਸਵੀਰ ਬਾਖੂਬੀ ਪੇਸ਼ ਕਰ ਦਿੱਤੀ । ਆਪਣੇ ਪਿਓ ਦੀ ਉਮਰ ਦੇ ਵਰ ਨਾਲ ਜਿੰਦਗੀ ਗੁਜਾਰਨ ਲਈ ਮਜਬੂਰ ਕੱਚੀਆਂ ਕਲੀਆਂ ਦੀਆਂ ਉਦਾਹਰਣਾਂ ਹੁਣ ਵੀ ਘੱਟ ਨਹੀਂ ਚਾਹੇ ਉਹ ਵਿਦੇਸ਼ੀ ਲਾੜਿਆਂ ਦੇ ਰੂਪ ਚ ਹੋਵੇ ਜਾਂ ਗਰੀਬੀ ਦੀ ਦਲ ਦਲ ਵਿੱਚ ਫਸੇ ਪਰਿਵਾਰਾਂ ਦੀਆਂ ਸ਼ੇਖਾਂ ਨਾਲ ਜਬਰੀ ਵਿਆਹੀਆਂ ਜਾਦੀਆਂ ਕੁੜੀਆਂ ਦੇ ਕਹਾਣੀ ਹੋਵੇ । ਸ਼ਿਵ ਲੂਣਾ ਬਾਰੇ ਜਾਣ ਪਹਿਚਾਣ ਕਰਵਾਉਦਿਆਂ ਸ਼ਪੱਸਟ ਕਹਿੰਦਾ ਹੈ ਕਿ ਇਹ ( ਪਿਓ ਦੀ ਉਮਰ ਦੇ ਲਾੜੇ ) ਸੱਜਰਾ ਤਾਂ ਕੀ ਜਿਓਦੇ ਰਹਿਣ ਜੋਗਾ ਪਿਆਰ ਵੀ ਨਹੀਂ ਦੇ ਸਕਦੇ । ਲੂਣਾ ਬਾਰੇ ਗੱਲ ਕਰਦਿਆਂ ਜਦੋਂ ਉਹ ਕਹਿੰਦਾ ਹੈ ਕਿ ਗਰੀਬ ਹੋ ਕੇ ਵੀ ਰੂਪਮਾਨ ਹੋਣਾ ਇਨਾਂ ਦਾ ਗੁਨਾਹ ਸੀ ਅਤੇ ਨਿਮਾਣਿਆਂ ਨਿਤਾਣਿਆਂ ਦੀਆਂ ਜਾਈਆਂ ਹੋਣਾ ਇਨਾਂ ਦਾ ਦੋਸ਼ ਸੀ ਤਾਂ ਉਹ ਲੂਣਾਂ ਦੇ ਬਹਾਨੇ ਸਮੁੱਚੀ ਔਰਤ ਜਾਤ ਦੀ ਪੀੜਾ ਬਿਆਨ ਕਰਦਾ ਹੈ ਕਿਉਕਿ ਸਲਵਾਨਾਂ ਦੀ ਅੱਜ ਵੀ ਕਮੀ ਨਹੀਂ ਅਤੇ ਲੂਣਾਂ ਅੱਜ ਵੀ ਨਿਰਦੋਸ਼ ਨਹੀਂ ।  ਧਰਮਾਂ ਨੂੰ ਗਲਤੀ ਕਰਦਿਆਂ ਵੰਗਾਰਨ  ਦਾ ਜੁਰਅਤ ਆਸਾਨ ਨਹੀਂ ਹੁੰਦੀ । ਇਹ ਕਹਿਣਾ ਕਿ “ ਮੰਦਿਰਾਂ ਦੇ ਵਿੱਚ ਸੰਖ ਵਜਾਓ, ਵੱਟਿਆਂ ਦੇ ਵਿੱਚ ਸ਼ਰਧਾ ਰੱਖੋ, ਪੱਥਰਾਂ ਅੱਗੇ ਧੂਫ ਧੁਖਾਓ, ਪਰ ਜੇ ਮਾਨਵ ਮਰਦਾ ਹੋਵੇ , ਮਰਦੇ ਮੂੰਹ ਵਿੱਚ ਬੂੰਦ ਨਾਂ ਪਾਓ ,” ਇਹ ਜਿਕਰ ਕਰਨ ਦਾ ਹੌਸਲਾ ਸ਼ਿਵ ਰੱਖਦਾ ਸੀ । ਆਪਣੇ ਪਿੰਡ ਦੇ ਖੇਤਾਂ ਦੇ ਬੰਨਿਆਂ ਤੇ ਅਤੇ ਬਸੰਤੀ ਨਾਲੇ ਤੇ ਕੁਦਰਤ ਦੀ ਗੋਦ ਵਿੱਚ ਘੁੰਮਣ ਵਾਲੇ ਪਿੰਡ ਵਾਲਿਆਂ ਦੇ ਇਸ “ ਸ਼ੁਦਾਈ ” ਦਾ ਦਰਦ ਅਸਲ ਵਿੱਚ ਦੇਖਿਆ ਅਤੇ ਹੰਡਾਇਆ ਦਰਦ ਸੀ । ਆਪਣੀ ਮਾਂ ਤੋਂ ਸਾਹਾਂ  ਨੂੰ ਬੀਜਣ ਲਈ ਥਾਂ ਪੁੱਛਦਾ ਝੁੱਗੀਆਂ ਵਿੱਚ ਮਰਦੇ ਸਾਹਾਂ ਦੀ ਆਪਣੀ ਪੀੜ ਵੀ ਸਾਂਝੀ ਕਰਦਾ ਹੈ । “ ਜੇ ਮੈਂ ਬੀਜਾਂ ਮਾਏ ਮਹਿਲਾਂ ਦੀਆਂ ਟੀਸੀਆਂ ਤੇ, ਅੱਥਰੇ ਤਾਂ ਮਹਿਲਾਂ ਦੇ ਨੀਂ ਕਾਂ, ਜੇ ਮੈਂ ਬੀਜਾਂ ਮਾਏ, ਝੁੱਗੀਆਂ ਦੇ ਵਿਹਰੜੇ, ਮਿਧੇ ਨੀ ਮੈਂ ਜਾਣ ਤੋਂ ਡਰਾਂ । ” ਨਾਲ ਹੀ ਝੁੱਗੀਆਂ ਦੀ ਆਵਾਜ ਦਾ ਹੋਕਾ ਵੀ ਦਿੰਦਾ ਹੈ । “ ਸੁਣੋ ਆਵਾਜ ਝੁੱਗੀਆਂ ਚੋਂ ਸਰਦ ਹੋਈ ਰਾਖ ਦੀ , ਸੁਣੋ ਆਵਾਜ ਝੁੱਗੀਆਂ ਚੋਂ ਝੁਰੜ ਗਏ ਮਾਸ ਦੀ, ਸੁਣੋ ਆਵਾਜ ਮੇਹਨਤੋਂ ਮੱਥੇ ਲਿਖੀ ਬਾਰਾਤ ਦੀ , ਸੁਣੋ ਆਵਾਜ ਲੋਰੀਆਂ ਨੂੰ ਭੁੱਖਿਆਂ ਸੁਲਾਉਣ ਦੀ । ” ਸ਼ਿਵ ਦੁਆਰਾ ਭਾਰਤ ਮਾਤਾ ਨੂੰ ਸਿਜਦਾ ਕੀਤੀਆਂ ਅਨੇਕ ਰਚਨਾਵਾਂ ਜਿੰਨਾਂ ਵਿੱਚ ਭਾਰਤ ਮਾਤਾ, ਜੈ ਜਵਾਨ ਜੈ ਕਿਸਾਨ, ਦੇਸ਼ ਜਵਾਨ, ਧਰਤੀ ਦੇ ਜਾਏ,ਦੇਸ਼ ਦਾ ਸਿਪਾਹੀ ਆਦਿ ਲਿਖਤਾਂ ਉਹਦੀਆਂ ਦੂਸਰੀਆਂ ਲਿਖਤਾਂ ਦੇ ਸਾਹਮਣੇ ਬੇਸ਼ਕ ਚਰਚਿਤ ਨਾਂ ਹੋ ਸਕੀਆਂ ਪਰ ਇਹ ਸ਼ਿਵ ਦੇ ਇੱਕ ਮੁਕੰਮਲ ਸ਼ਾਇਰ ਹੋਣ ਦੀ ਹਾਮੀ ਭਰਦੀਆਂ ਹਨ । ਬਚਪਨ ਵਿੱਚ ਕੁਦਰਤ ਦੀ ਗੋਦੀ ਚ ਅਨੰਦ ਮਾਨਣ ਦੇ ਸ਼ੌਕੀਨ ਨੂੰ ਦਰੱਖਤਾਂ ਨਾਲ ਇਸ ਕਦਰ ਪਿਆਰ ਸੀ ਕਿ ਉਨਾਂ ਦੀ ਰਚਨਾ ਰੁੱਖ – ਕੁੱਝ ਰੁੱਖ ਮੈਨੂੰ ਪੁਤ ਲਗਦੇ ਨੇ , ਕੁੱਝ ਰੁੱਖ ਲਗਦੇ ਮਾਵਾਂ , ਅੱਜ ਦੇ ਸਮੇਂ ਵਿੱਚ ਵੀ  ਓਨੀ ਹੀ ਸਾਰਥਕ ਲੱਗਦੀ ਹੈ । ਸ਼ਿਵ ਦੇ ਦਿਲ ਦੀ ਪੀੜਾ ਨੂੰ ਇਸ਼ਕ ਪਰੁੰਨੀ ਪੀੜਾ ਤੋਂ ਹਟ ਕੇ ਦੇਸ਼ ਦੀ ਵੰਡ ਦੇ ਧੁਰ ਦਿਲ ਵਿੱਚ ਵਿਛੋੜੇ ਦੇ ਗਮ ਤੋਂ ਵੱਖ ਵੀ ਨਹੀਂ ਦੇਖਿਆ ਜਾ ਸਕਦਾ । ਪਟਵਾਰੀ ਬਾਪ ਦੀ ਨੌਕਰੀ ਦੌਰਾਨ ਗਿਰਦਾਵਰ ਵਜੋਂ ਤਰੱਕੀ ਹੋਣ  ਕਾਰਨ ਸ਼ਿਵ ਆਪਣੇ ਪਰਿਵਾਰ ਨਾਲ 1946 ਵਿੱਚ ਆਪਣੇ  ਜੱਦੀ ਪਿੰਡ ਤੋਂ ਮੌਜੂਦਾ ਪੰਜਾਬ ਦੇ ਗੁਰਦਾਸਪੁਰ ਜਿਲੇ ਵਿਚਲੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਰਹਿਣ ਲੱਗਾ । 11 ਸਾਲਾ ਸ਼ਿਵ ਜਦੋਂ 1947 ਵਿੱਚ ਆਪਣੇ ਜੱਦੀ ਪਿੰਡ ਬੜਾ ਪਿੰਡ ਲੋਹਟੀਆਂ ਮੌਜੂਦਾ ਪਾਕਿਸਤਾਨ ਛੁੱਟੀਆਂ ਮਨਾਉਣ ਗਿਆ ਤਾਂ ਸਮੇ ਦੀ ਸਰਕਾਰ ਵੱਲੋਂ  ਦੇਸ਼ਾਂ ਦੇ ਬਟਵਾਰੇ ਦਾ ਐਲਾਨ ਆ ਗਿਆ ਤਾ ਸ਼ਿਵ ਵੀ ਵੰਡਿਆ ਗਿਆ ਕਿਉਕਿ ਸ਼ਿਵ ਦਾ ਜੱਦੀ ਪਿੰਡ ਪਾਕਿਸਤਾਨ ਦੇ ਅਤੇ ਰਿਹਾਇਸ਼ੀ ਪਿੰਡ ਭਾਰਤ ਦਾ ਹਿੱਸੇ ਆ ਗਿਆ । ਇਸ ਅਵੱਸਥਾ ਵਿੱਚ ਪਿੰਡ ਦੀਆਂ ਫਿਰਨੀਆਂ ਤੇ ਬਸੰਤ ਨਾਲੇ ਦੇ ਰੁੱਖਾਂ ਨਾਲ ਗੱਲਾਂ ਕਰਨ ਵਾਲਾ ਪਿੰਡ ਵਾਲਿਆਂ ਦਾ ਮਲੰਗ ਆਪਣੇ ਪਿੰਡ ਤੋਂ ਹੀ ਪਰਾਇਆ ਹੋ ਗਿਆ । ਫਿਰਕੂ ਨਫਰਤਾਂ ਚੋਂ ਹੁੰਦਾ ਜੰਮੂ ਕਸ਼ਮੀਰ ਦੇ ਰਸਤੇ ਕਈ ਦਿਨਾਂ ਦੇ ਬਾਅਦ ਆਪਣੇ ਘਰ ਪਰਤਿਆ ਅਤੇ ਇਹ ਉਦਾਸੀ ਵੀ ਸ਼ਿਵ ਦੇ ਦਿਲ ਅਤੇ ਦਿਮਾਗ ਦੇ ਇੱਕ ਕੋਨੇ ਵਿੱਚ ਵਸੀ ਰਹੀ ਜਿਸਨੂੰ ਉਸਨੇ ਬਹੁਤ ਬਾਅਦ ਦੁੱਧ ਦਾ ਕਤਲ ਰਚਨਾ ਵਿੱਚ  ਵਰਨਿਤ ਕੀਤਾ , ਜੋ ਦੇਸ਼ ਦੀ ਵੰਡ ਦੇ  ਸ਼ਿਵ ਦੁਆਰਾ ਅੱਖਾਂ ਨਾਲ ਦੇਖੇ ਅਤੇ ਪਿੰਡੇ ਤੇ ਹੰਢਾਏ ਦਰਦ ਦਾ ਹੁ-ਬ- ਹੂ ਬਿਆਨ ਹੈ ।  ਭਾਰਤ ਤੇ ਚੀਨੀ ਹਮਲੇ ਦੀ ਪੀੜਾ ਵੀ ਸ਼ਿਵ ਲਈ ਸਹਿਣਯੋਗ ਨਹੀਂ ਸੀ । ਇਸਨੂੰ ਜਖਮ ਕਵਿਤਾ ਵਿੱਚ ਬਾਖੂਬੀ ਬਿਆਨ ਕਰਦਾ ਸੱਚ ਅੱਜ ਵੀ ਜੰਗ ਲਈ ਤਰਲੋਮੱਛੀ ਹੋ ਰਹੇ ਮਨੁੱਖ ਨੂੰ ਸਮਝਾਉਣ ਲਈ ਪੂਰਾ  ਸਾਰਥਕ ਹੈ । “ ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਅਕਲਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, ਅੱਜ ਅੱਖ ਚੁੱਭੀ ਅਮਨ ਦੀ ਆਓ ਵੇ ਫੂਕਾਂ ਮਾਰਿਓ । ਸੁਣਿਓ ਵੇ ਦੇਸ਼ਾਂ ਵਾਲਿਓ, ਸੁਣਿਓ ਵੇ ਕੌਮਾਂ ਵਾਲਿਓ, ਐਟਮਾਂ ਦੇ ਤਾਜਰੋ, ਬਾਰੂਦ ਦੇ ਵਣਜਾਰਿਓ, ਹੁਣ ਹੋਰ ਨਾਂ ਮਨੁੱਖ ਸਿਰ ਲਹੂਆਂ ਦਾ ਕਰਜ ਚਾੜਿਓ । ਪੂਰੀ ਜਿੰਦਗੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਰਹੇ  ਸ਼ਿਵ ਦੀ ਲੇਖਣੀ ਵਿਚਲੀ ਦੂਰ ਅੰਦੇਸੀ ਨੂੰ ਸਾਲਾਮ ਕਰਨਾ ਬਣਦਾ ਹੈ ।

(ਡਾ. ਸੁਰਜੀਤ ਸਿੰਘ ਭਦੌੜ) +91 98884-88060