ਆਖ਼ਰ ਕਦੋਂ ਬਣੇਗਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ

ਕੋਈ ਸਮਾ ਸੀ ਜਦੋਂ ਸ਼ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਸੀ। ਉਹ ਵੀ ਸਮਾ ਪੰਥ ਲਈ ਖ਼ੁਸ਼ੀ ਵਾਲਾ ਹੋਵੇਗਾ ਜਦੋਂ 1920 ਵਿਚ ਸ਼ਰੋਮਣੀ ਅਕਾਲੀ ਦਲ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਹੋਂਦ ਵਿਚ ਆਇਆ ਹੋਵੇਗਾ।ਫਿਰ ਉਹ ਵੀ ਸਮਾ ਆਇਆ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਡਤ ਜਵਾਹਰ ਲਾਲਾ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਹੱਥਾਂ ਤੇ ਚੜ ਕੇ 1947 ਵਿਚ ਦੇਸ਼ ਵੰਡ ਵੇਲੇ ਭਾਰਤ ਨਾਲ ਰਹਿਣਾ ਸਵੀਕਾਰ ਕਰ ਲਿਆ।ਉਸ ਮਨਹੂਸ ਦਿਨ ਤੋ ਬਾਅਦ ਕਦੇ ਵੀ ਸਿੱਖਾਂ ਵਾਸਤੇ ਸਮਾ ਚੰਗਾ ਨਹੀਂ ਰਿਹਾ ਅਤੇ ਸ਼ਰੋਮਣੀ ਅਕਾਲੀ ਦਲ ਦੇ ਤਤਕਾਲੀ ਆਗੂ ਆਪਣੀ ਇਸ ਬੱਜਰ ਗ਼ਲਤੀ ਲਈ ਮਰਨ ਤੱਕ ਪਛਤਾਉਂਦੇ ਰਹੇ ਸਨ।ਉਸ ਤੋ ਬਾਅਦ ਸਮਾ ਸ਼ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦਾ ਵੀ ਆਇਆ, ਖ਼ਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਵਾਲੇ ਕਾਰਜਕਾਲ ਦੀ ਗੱਲ ਕਰੀਏ, ਕਿਉਂਕਿ ਸ੍ਰ ਬਾਦਲ ਸਿੱਖ ਰਾਜਨੀਤੀ ਵਿਚ ਇੱਕ ਅਜਿਹਾ ਕਿਰਦਾਰ ਹੈ, ਜਿਸ ਨੇ ਪਰਦੇ ਪਿੱਛੇ ਰਹਿ ਕੇ ਕੌਮ ਦੀ ਨਸਲਕੁਸ਼ੀ ਕਰਨ ਵਾਲਿਆਂ ਦਾ ਸਾਥ ਵੀ ਦਿੱਤਾ ਅਤੇ ਉਂਜ ਕੌਮ ਦਾ ਆਗੂ ਵੀ ਬਣਿਆ ਰਿਹਾ। ਇਹ ਕਿੰਨਾ ਹੈਰਾਨੀਜਨਕ ਸੱਚ ਹੈ ਕਿ ਬਹੁਤ ਲੰਮਾ ਸਮਾ ਸਿੱਖ ਕੌਮ ਬਾਦਲ ਦਾ ਅਸਲੀ ਚਿਹਰਾ ਪਛਾਣਨ ਵਿਚ ਅਸਫਲ ਰਹੀ ਤੇ ਉਹ ਸਮਾ ਹੀ ਸਿੱਖਾਂ ਲਈ ਜ਼ਿਆਦਾ ਘਾਤਕ ਰਿਹਾ। ਜਦੋਂ ਪੰਜਾਬ ਚ ਨਕਸਲਬਾੜੀ ਲਹਿਰ ਜ਼ੋਰਾਂ ਤੇ ਸੀ ਤੇ ਪੰਜਾਬ ਵਿਚ ਸ੍ਰ ਬਾਦਲ ਦੀ ਸਰਕਾਰ ਸੀ, ਉਸ ਸਮੇਂ ਹੀ ਇਸ ਪਰਿਵਾਰ ਦੀ ਬਦਨੀਤੀ ਨੂੰ ਪੜ੍ਹ ਲੈਣਾ ਚਾਹੀਦਾ ਸੀ,ਪਰ ਅਫ਼ਸੋਸ ਕਿ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਦਾ ਦਮ ਭਰਨ ਵਾਲੇ ਕਾਮਰੇਡ ਵੀ ਸ੍ਰ ਬਾਦਲ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣ ਵਿਚ ਅਸਫਲ ਰਹੇ।ਉਸ ਮੌਕੇ ਚਾਹੀਦਾ ਤਾਂ ਇਹ ਸੀ ਜਿੱਥੇ ਲੋਕਾਂ ਨੂੰ ਬਾਦਲ ਵੱਲੋਂ ਝੂਠੇ ਮੁਕਾਬਲਿਆਂ ਦੀ ਪਾਈ ਪਿਰਤ ਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਸੀ ਕਿ ਅਕਸਰ ਸ੍ਰ ਬਾਦਲ ਇਹ ਸਾਰਾ ਕੁੱਝ ਕਰ ਕਿਉਂ ਰਿਹਾ ਹੈ, ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹਨ ਜਿਹੜੀਆਂ ਇਹਨੂੰ ਪੰਜਾਬ ਦੀ ਨਸਲਕੁਸ਼ੀ ਲਈ ਤੇਜੇ,ਪਹਾੜੇ ਦੇ ਬਦਲ ਵਜੋਂ ਤਿਆਰ ਕਰ ਰਹੀਆਂ ਹਨ।
ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ 1982 ਵਿਚ ਧਰਮਯੁੱਧ ਮੋਰਚਾ ਅਰੰਭਿਆ ਗਿਆ, ਤਾਂ ਮੋਰਚੇ ਨੂੰ ਪੂਰੇ ਜੋਬਨ ਤੇ ਪਹੁੰਚਾਉਣ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਹਿਮ ਭੂਮਿਕਾ ਰਹੀ, ਪਰ ਸੰਤ ਭਿੰਡਰਾਂ ਵਾਲਿਆਂ ਦੀ ਦਿਨੋਂ ਦਿਨ ਵਧ ਰਹੀ ਲੋਕਪ੍ਰਿਯਤਾ ਅਕਾਲੀ ਦਲ ਦੇ ਆਗੂਆਂ ਤੋ ਬਰਦਾਸ਼ਤ ਨਹੀਂ ਸੀ ਕੀਤੀ ਜਾ ਰਹੀ, ਉਨ੍ਹਾਂ ਨੇ ਫ਼ਰੇਬ ਨਾਲ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਨੂੰ ਬਣਾ ਦਿੱਤਾ। ਭਾਵੇਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ,ਪਰ ਲੋਕ ਮਨਾਂ ਵਿਚ ਸੰਤ ਭਿੰਡਰਾਂ ਵਾਲਿਆਂ ਦੀ ਸ਼ਖ਼ਸੀਅਤ ਦਿਨੋਂ ਦਿਨ ਹੋਰ ਨਿੱਖਰਵੇਂ ਰੂਪ ਵਿਚ ਸਤਿਕਾਰੀ ਜਾਣ ਲੱਗੀ। ਇਹ ਸ੍ਰ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਰਵਾਨ ਨਹੀਂ ਸੀ। ਉਨ੍ਹਾਂ ਨੇ ਆਪਣੇ ਹੱਥੋ ਗੇਂਦ ਨਿਕਲਦੀ ਦੇਖ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਜਾ ਫ਼ਰਿਆਦ ਕੀਤੀ ਕਿ ਜਿੰਨਾ ਜਲਦੀ ਹੋ ਸਕੇ, ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕੀਤਾ ਜਾਵੇ, ਤੇ ਸੰਤ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖ਼ਤਮ ਕਰਕੇ ਹਮੇਸ਼ਾ ਹਮੇਸ਼ਾ ਲਈ ਸਾਡਾઠ ਰਸਤਾ ਸਾਫ਼ ਕੀਤਾ ਜਾਵੇ। ਇੱਕ ਕਹਾਵਤ ਹੈ ਕਿ ਅੰਨ੍ਹਾ ਕੀ ਭਾਲੇ, ਦੋ ਅੱਖਾਂ,ਸੋ ਕੇਂਦਰ ਨੂੰ ਅਕਾਲੀਆਂ ਦੀ ਸ਼ਹਿ ਮਿਲਣ ਨਾਲ ਹੋਰ ਵੀ ਕੰਮ ਸੁਖਾਲਾ ਹੋ ਗਿਆ। ਜਿਹੜਾ ਅਕਾਲੀ ਦਲ ਐਮਰਜੈਂਸੀ ਦੌਰਾਨ ਕੇਂਦਰ ਵੱਲੋਂ ਪੰਜਾਬ ਦੇ ਸਾਰੇ ਹੱਕ ਦਿੱਤੇ ਜਾਣ ਦੇ ਵਾਅਦੇ ਨੂੰ ਠੁਕਰਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੈਠ ਗਿਆ ਸੀ ਹੁਣ ਉਹ ਹੀ ਅਕਾਲੀ ਦਲ ਸੰਤઠ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਸਭ ਤੋਂ ਉੱਚੇ ਅਤੇ ਪਵਿੱਤਰ ਅਸਥਾਨ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਵਾਉਣ ਲਈ ਕੇਂਦਰ ਨਾਲ ਦੋਨੋਂ ਹੱਥ ਮਿਲਾਉਣ ਲਈ ਕਾਹਲਾ ਪੈ ਰਿਹਾ ਸੀ। ਉਸ ਤੋ ਬਾਅਦ ਜੋ ਕੁੱਝ ਵਾਪਰਿਆ ਉਹ ਹੁਣ ਬੱਚਾ ਬੱਚਾ ਜਾਣ ਚੁੱਕਾ ਹੈ, ਉਹਦੇ ਦੁਹਰਾਓ ਦੀ ਜ਼ਰੂਰਤ ਨਹੀਂ, ਪ੍ਰੰਤੂ ਇੱਕ ਗੱਲ ਜ਼ਰੂਰ ਗ਼ੌਰ ਕਰਨ ਵਾਲੀ ਹੈ ਕਿ ਜਿਸ ਅਕਾਲੀ ਦਲ ਨੂੰ ਕਦੇ ਪੰਥ ਦੀ ਸਿਰਮੌਰ ਜਥੇਬੰਦੀ ਦਾ ਦਰਜਾ ਮਿਲਿਆ ਹੋਇਆ ਸੀ, ਉਹ 1984 ਤੱਕ ਪਹੁੰਚਦਿਆਂ ਪਹੁੰਚਦਿਆਂ ਕਿੰਨੇ ਨਿਘਾਰ ਚ ਜਾ ਚੁੱਕੀ ਸੀ।
ਉਸ ਤੋ ਬਾਅਦ ਕਦੇ ਵੀ ਅਕਾਲੀ ਦਲ ਦੀ ਪਹੁੰਚ ਲੋਕ ਪੱਖੀ ਜਾਂ ਪੰਥ ਪ੍ਰਸਤੀ ਵਾਲੀ ਨਹੀਂ ਰਹੀ। ਜਿਹੜੇ ਪੰਥ ਪ੍ਰਸਤ ਆਗੂ ਸ਼ਰੋਮਣੀ ਅਕਾਲੀ ਦਲ ਵਿਚ ਮੌਜੂਦ ਸਨ ਉਨ੍ਹਾਂ ਦਾ ਜਿਸਮਾਨੀ ਜਾਂ ਸਿਆਸੀ ਕਤਲ ਕਰਨ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਐਨੇ ਮਾਹਰ ਹੋ ਚੁੱਕੇ ਸਨ ਕਿ ਉਨ੍ਹਾਂ ਨੇ ਕਿਸੇ ਨੂੰ ਪਾਰਟੀ ਵਿਚ ਸਿਰ ਨਹੀਂ ਚੁੱਕਣ ਦਿੱਤਾ,ਜਿਸ ਨੇ ਵੀ ਸਿਰ ਚੁੱਕਿਆ ਉਹ ਫੇਹਿਆ ਗਿਆ॥ ਇਹ ਪ੍ਰਮਾਤਮਾ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਉਮਰ ਦੇ ਆਖ਼ਰੀ ਪੜਾਅ ਤੇ ਆਕੇ ਉਹਦੀ ਜ਼ਿੰਦਗੀ ਦਾ ਸਾਰਾ ਚਿੱਠਾ ਨੰਗਾ ਕਰ ਦਿੱਤਾ। ਸ੍ਰ ਬਾਦਲ ਜ਼ਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਨ੍ਹਾਂ ਦੀ ਪਾਰੀ ਸਿੱਖ ਕੌਮ ਲਈ ਸ਼ੁੱਭ ਨਹੀਂ ਰਹੀ।ਪਹਿਲੀ ਵਾਰ 1970,1971 ਵਿਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਆਪਣੇ ਰਾਜ ਭਾਗ ਦੀ ਸ਼ੁਰੂਆਤ ਕੀਤੀ,ਫਿਰ ਦੂਜੀ ਵਾਰ ਮੁੱਖ ਮੰਤਰੀ ਰਹੇ 1977 1980 ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿਚ ਮਦਦ ਕਰਨ ਅਤੇ ਆਰ ਐਸ ਐਸ ਦੀ 1994 ਵਿੱਚઠ ਪੱਕੀ ਮੈਂਬਰਸ਼ਿਪ ਲੈਣ ਦੇ ਇਨਾਮ ਵਿਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋਂ ਸੈਂਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ,ਚੌਥੀ ਵਾਰ 2007 2012 ਵਿਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿਚ ਵੀ ਸੈਂਕੜੇ ਝੂਠੇ ਕੇਸ ਸਿੱਖਾਂ ਤੇ ਪਾਏ ਸਿੱਖ ਨੌਜਵਾਨ ਸ਼ਹੀਦ ਕੀਤੇ ਅਤੇ ਡੇਰੇਦਾਰਾਂ ਨੂੰ ਸੁਰੱਖਿਆ ਦਿੱਤੀ, ਪੰਜਵੀਂ ਅਤੇ ਆਖ਼ਰੀ ਵਾਰ 2012 -2017 ਵਿਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋਂ ਜੂਨ 2015 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸઠ ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਂਕੜੇ ਸਿੱਖ ਗੰਭੀਰ ਰੂਪ ਵਿਚ ਜ਼ਖਮੀ ਕੀਤੇ ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ।
ਸੋ ਹੁਣ ਜੇਕਰ ਗੱਲ ਉਨ੍ਹਾਂ ਦੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਪੁੱਤਰ ਵੀ ਪਿਉ ਦੇ ਨਕਸ਼ੇ ਕਦਮਾਂ ਤੇ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਵੀ ਅਕਾਲੀ ਦਲ ਦੀ 1984 ਵਿਚ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਪੰਜਾਬ ਭਾਜਪਾ ਨਾਲ ਗੱਠਜੋੜ ਦੌਰਾਨ ਭਾਜਪਾ ਦੇ ਪ੍ਰਧਾਨ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਬੇਅਦਬੀ ਦਾ ਇਨਸਾਫ਼ ਲੈਣ ਲਈ ਬਰਗਾੜੀ ਵਿਚ ਲੱਗੇ ਸ਼ਾਂਤਮਈ ਇਨਸਾਫ਼ ਮੋਰਚੇ ਤੇ ਜਲਦੀ ਤੋ ਜਲਦੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਗਰਮ ਖ਼ਿਆਲੀ ਸਿੱਖ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ, ਜਿੰਨਾ ਜਲਦੀ ਹੋ ਸਕੇ ,ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਇਹ ਵੀ ਕੇਹਾ ਇਤਫ਼ਾਕ ਹੈ ਕਿ ਕਦੇ 1984 ਵਿਚ ਵੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਜਲਦੀ ਤੋ ਜਲਦੀ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਕਿਹਾ ਸੀ।ਹੁਣ ਸਿੱਖ ਪੰਥ ਨੂੰ ਸੋਚਣਾ ਪਵੇਗਾ ਕਿ ਆਖ਼ਰ ਸ਼ਰੋਮਣੀ ਅਕਾਲੀ ਦਲ ਕਦੋਂ ਤੱਕ ਕੇਂਦਰ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੇਂਦਰ ਲਈ ਕੰਮ ਕਰਦਾ ਰਹੇਗਾ ਤੇ ਕਦੋਂ ਮੁੜ ਤੋ ਪੰਥ ਦੀ ਸਿਰਮੌਰ ਜਥੇਬੰਦੀ ਬਣੇਗਾ।