ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਸ਼ੀਲਾ ਦੀਕਸ਼ਤ ਨੂੰ ਤਿੰਨ ਲੱਖ ਦਾ ਜੁਰਮਾਨਾ

SheilaDikshit

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵਲੋਂ ਭਾਜਪਾ ਨੇਤਾ ਵਿਜੇਂਦਰ ਗੁਪਤਾ ਖਿਲਾਫ ਦਾਇਰ ਇਕ ਮਾਣਹਾਨੀ ਮਾਮਲੇ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ‘ਚ ਨਾਕਾਮ ਰਹਿਣ ‘ਤੇ ਅਦਾਲਤ ਨੇ ਸ੍ਰੀਮਤੀ ਦੀਕਸ਼ਤ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਦੂਸਰਾ ਮੌਕਾ ਹੈ ਜਦੋਂ ਉਸ ਨੂੰ ਇਸ ਮਾਮਲੇ ਵਿਚ ਜੁਰਮਾਨਾ ਹੋਇਆ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਅਦਾਲਤ ‘ਚ ਪੇਸ਼ ਨਾ ਹੋਣ ਬਦਲੇ ਸ਼ੀਲਾ ਦੀਕਸ਼ਤ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨੇ ਦੀ ਰਕਮ ਉਨ੍ਹਾਂ ਨੇ ਇਸ ਸਾਲ ਜਨਵਰੀ ਮਹੀਨੇ ਜਮ੍ਹਾਂ ਕਰਵਾਈ ਸੀ। ਮੈਟਰੋਪੋਲੀਟਨ ਮਜਿਸਟਰੇਟ ਨੇਹਾ ਨੇ ਸ੍ਰੀਮਤੀ ਦੀਕਸ਼ਤ ਨੂੰ ਜੁਰਮਾਨਾ ਕਰਦਿਆਂ ਹਦਾਇਤ ਕੀਤੀ ਕਿ ਤਿੰਨ ਲੱਖ ਵਿਚੋਂ ਦੋ ਲੱਖ ਰੁਪਏ ਦਿੱਲੀ ਸੂਬਾ ਕਾਨੂੰਨ ਸੇਵਾਵਾਂ ਅਥਰਾਟੀ ਕੋਲ ਜਮ੍ਹਾਂ ਕਰਵਾਏ ਜਾਣ ਅਤੇ ਇਕ ਲੱਖ ਰੁਪਏ ਗੁਪਤਾ ਨੂੰ ਦਿੱਤੇ ਜਾਣ। ਅਦਾਲਤ ਨੇ ਹੁਣ ਸ਼ੀਲਾ ਦੀਕਸ਼ਤ ਨੂੰ ਹਦਾਇਤ ਕੀਤੀ ਕਿ ਉਹ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਵੇ। ਸ੍ਰੀਮਤੀ ਦੀਕਸ਼ਤ ਜਿਨ੍ਹਾਂ ਕੇਰਲਾ ਦੇ ਰਾਜਪਾਲ ਵਜੋਂ ਮੰਗਲਵਾਰ ਅਸਤੀਫਾ ਦੇ ਦਿੱਤਾ ਸੀ ਨੇ ਇਸ ਆਧਾਰ ‘ਤੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ ਕਿ ਉਹ ਕੁਝ ਸਿਆਸੀ ਕੰਮਾਂ ‘ਚ ਰੁਝੀ ਹੋਈ ਹੈ। ਇਸ ਦਲੀਲ ਦਾ ਗੁਪਤਾ ਦੇ ਵਕੀਲ ਨੇ ਵਿਰੋਧ ਕਰਦਿਆਂ ਕਿਹਾ ਕਿ ਇਹ ਮਾਮਲੇ ‘ਚ ਦੇਰੀ ਲਈ ਸਿਰਫ ਇਕ ਬਹਾਨਾ ਹੈ ਕਿਉਂਕਿ ਉਨ੍ਹਾਂ ਦਾ ਭਾਜਪਾ ਨੇਤਾ ਖਿਲਾਫ ਕੋਈ ਮਾਮਲਾ ਹੈ ਹੀ ਨਹੀਂ। ਅਦਾਲਤ ਨੇ ਪਿਛਲੇ ਸਾਲ 6 ਅਗਸਤ ਨੂੰ ਦੀਕਸ਼ਤ ਵਲੋਂ ਦਾਇਰ ਸ਼ਿਕਾਇਤ ‘ਤੇ ਗੁਪਤਾ ਖਿਲਾਫ ਮਾਣਹਾਨੀ ਦੇ ਦੋਸ਼ ਆਇਦ ਕੀਤੇ ਸਨ। ਸ਼ੀਲਾ ਦੀਕਸ਼ਤ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ 2012 ਦੀਆਂ ਦਿੱਲੀ ਨਿਗਮ ਚੋਣਾਂ ਵਿਚ ਭਾਜਪਾ ਨੇਤਾ ਨੇ ਉਨ੍ਹਾਂ ‘ਤੇ ਬਿਜਲੀ ਕੰਪਨੀਆਂ ਦੀ ਮਦਦ ਕਰਨ ਅਤੇ ਮਿਲੇ ਹੋਣ ਦਾ ਦੋਸ਼ ਲਾਉਂਦੇ ਸਮੇਂ ਗੈਰਸਭਿਅਕ ਭਾਸ਼ਾ ਦੀ ਵਰਤੋਂ ਕੀਤੀ ਸੀ।

Welcome to Punjabi Akhbar

Install Punjabi Akhbar
×