ਸ਼ੇਰੇ ਦੀ ਸਕੀਮ

ਸਾਡੀ ਸ਼ਰਾਬ ਦੀ ਦੁਕਾਨ ਹੈ ਜਿਸ ਵਿੱਚ ਬੀਅਰ, ਵਿਸਕੀ, ਵੋਧਕਾ, ਰੰਮ, ਬਰਾਂਡੀ ਤੇ ਵਾਈਨ ਤੋਂ ਇਲਾਵਾ ਇਕ ਫਰਿੱਜ ਸੋਫਟ ਡ੍ਰਿੰਕ ਲਈ ਹੈ ਤੇ ਨਾਲ ਥੋੜੀਆਂ ਜੀਆਂ ਕਰਿਸਪਾਂ ਤੇ ਚਾਕਲੇਟਾਂ ਰੱਖੀਆਂ ਹੋਈਆਂ। ਪਿਛਲੇ ਮਹੀਨੇ ਦੁਕਾਨ ਚ ਚੂਹੇ ਆ ਗਏ। ਕਰਿਸਪਾਂ ਤੇ ਚਾਕਲੇਟਾਂ ਤੇ ਹਮਲਾ ਕਰ ਦਿੱਤਾ। ਪਤੰਦਰ ਖਾਂਦੇ ਘੱਟ, ਪਰ ਖਿਲਾਰਾ ਜਿਆਦਾ ਪਾਉਂਦੇ। ਸਵੇਰੇ ਆ ਕੇ ਅੱਠ ਦਸ ਕਰਿਸਪ ਤੇ ਇੰਨੇ ਹੀ ਚਾਕਲੇਟ ਬਿੰਨ ਕਰਨੇ ਪੈਂਦੇ। ਕੁੜਿੱਕੀ ਲਾਈ, ਦੁਆਈ ਰੱਖੀ, ਦੋ ਕੁ ਸ਼ਿਕਾਰ ਕਾਬੂ ਆਏ ਵੀ ਪਰ ਨੁਕਸਾਨ ਹੋਣੋਂ ਨਾ ਹਟਿਆ ।ਮੈਂ ਪਹਿਲੇ ਦਿਨ ਹੀ ਮੰਗਲ ਸਿੰਘ ਕੂਨਰ ਬੌਸ ਨੂੰ ਆਖਿਆ ਸੀ ਕਿ ਆਪਾਂ “ਸ਼ੇਰੇ ਸ਼ਰਾਬੀ” ਵਾਲੀ ਸਕੀਮ ਵਰਤ ਲਈਏ। ਪਰ ਉਹ ਨੀ ਮੰਨਿਆ ਕਹਿੰਦਾ, “ਪੀਣ ਤੇ ਨਮਕੀਨ ਦਾ ਮੇਲ ਟੁੱਟਦਾ, ਸ਼ਰਾਬ ਨਾਲ ਬੰਦਾ ਕਰਿਸਪ ਦਾ ਪੈਕਟ ਵੀ ਚੁੱਕ ਲੈਂਦਾ ਤੇ ਬੱਚਿਆਂ ਲਈ ਸੜੀ ਸਵੀਟੀ ਵੀ ਖਰੀਦ ਲੈਂਦਾ। ਨਾਲੇ ਸੇਲ ਘਟ ਜਾਉ, ਗਾਹਕ ਖਰਾਬ ਹੋਉ। ਦੁਆਈ  ਰੱਖ ਦੇ, ਖਾ ਕੇ ਮਰ ਜਾਣਗੇ। ਕਾਫੀ ਨੁਕਸਾਨ ਕਰਵਾ ਕੇ ਪਰਸੋਂ ਕਹਿੰਦਾ,” ਲਾ ਲੈ ਫਿਰ ਸ਼ੇਰੇ ਵਾਲੀ ਸਕੀਮ।

ਹੁਣ ਤੁਸੀਂ ਪੁੱਛੋਂਗੇ ਐਸੀ ਕਿਹੜੀ ਸਕੀਮ ਲਾ ਗਿਆ ਸ਼ੇਰਾ? ਅਲਬਰਟ ਡਰਾਈਵ ਤੇ ਕਿਰਾਏ ਦੇ ਘਰ ਵਿੱਚ ਅਸੀਂ ਛੇ ਸੱਤ ਮੁੰਡੇ ਰਹਿੰਦੇ ਸੀ। ਘਰ ਵਿੱਚ ਚੂਹੇ ਆ ਗਏ। ਫੜਨ ਜਾਂ ਮਾਰਨ ਵਾਲੇ ਕਈ ਪੰਜਾਬੀ ਤੇ ਵਲੈਤੀ ਤਰੀਕੇ ਵਰਤੇ ਪਰ ਸ਼ੈਤਾਨ ਦੀਆਂ ਟੂਟੀਆਂ ਚੂਹੇ ਖਤਮ ਹੋਣ ਦਾ ਨਾਂ ਹੀ ਨਾ ਲੈਣ। ਘਰ ਦੀ ਨੰਬਰਦਾਰੀ ਮੇਰੇ ਕੋਲ ਸੀ। ਇਕ ਦਿਨ ਸ਼ੇਰਾ ਦੋ ਕੁ ਲੰਡੂ ਜਿਹੇ ਪੈੱਗ ਲਾ ਕੇ ਮੇਰੇ ਕੋਲ ਬੈਠਾ ਤੇ ਸੋਫੇ ਹੇਠੋਂ ਵੱਡਾ ਸਾਰਾ ਚੂਹਾ ਰਸੋਈ ਵੱਲ ਨੂੰ ਦੌੜ ਗਿਆ। ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕਿੱਧਰ ਲੁਕ ਗਿਆ। ਸ਼ੇਰਾ ਕਹਿੰਦਾ, “ਬਾਈ ਪਿਛਲੇ ਮਹੀਨੇ ਮੈਂ ਸ਼ਰਾਬ ਦੀ ਸੌਂਹ ਪਾਉਣ ਗੁਰਦੁਆਰੇ ਗਿਆ ਸੀ।” ਸੌਂਹ ਤਾਂ ਤੂੰ ਪੰਦਰੀਂ ਦਿਨੀ ਪਾਈ ਰੱਖਦਾ ਕਦੇ ਸਿਰੇ ਤਾਂ ਚਾੜ੍ਹੀ ਨਹੀਂ, ਮੈਂ ਵਿੱਚੋਂ ਹੀ ਟੋਕ ਦਿੱਤਾ। “ਬੇਸ਼ਰਮ ਜਿਹਾ ਹੁੰਦਾ ਕਹਿੰਦਾ,” ਆਹੋ, ਸੌਂਹ ਤਾਂ ਤੀਜੇ ਦਿਨ ਹੀ ਟੁੱਟ ਗਈ ਸੀ ਪਰ ਓਦਣ ਮੈਂ ਗੁਰਦੁਆਰੇ ਅੱਧਾ ਕੁ ਘੰਟਾ ਬੈਠ ਕੇ ਕਥਾ ਸੁਣਦਾ ਸੀ। ਭਾਈ ਕਹਿੰਦਾ ਕਿ,” ਇਕ ਵਾਰ ਇਕ ਸਾਧ ਦੇ ਡੇਰੇ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧ ਗਈ ਤੇ ਸਾਧ ਦੇ ਖਾਸ ਚੇਲੇ ਨੇ ਸ਼ਕਾਇਤ ਕੀਤੀ ਕਿ ਬਾਬਾ ਜੀ ਡੇਰੇ ਚ ਚੇਲੇ ਬਹੁਤ ਹੋ ਗਏ, ਰਾਸ਼ਣ ਪਾਣੀ ਮੁੱਕਦਾ ਜਾ ਰਿਹਾ, ਕੀ ਕਰੀਏ ਇਹਨਾਂ ਦਾ? ਸਾਧ ਕਹਿੰਦਾ, ਫਿਕਰ ਨਾ ਕਰ ਜਦੋਂ ਭੁੱਖੇ ਮਰਨ ਲੱਗੇ ਆਪੇ ਭੱਜ ਜਾਣਗੇ”ਸ਼ੇਰਾ ਖੀਂ ਖੀਂ ਕਰਕੇ ਹੱਸਿਆ ਤੇ ਦਾਰੂ ਦੀ ਹਵਾੜ ਮੇਰੇ ਮੂੰਹ ਤੇ ਮਾਰੀ। ਮੈਂ ਇਹ ਗੱਲ ਪਹਿਲਾਂ ਵੀ ਸੁਣੀ ਪੜ੍ਹੀ ਹੋਈ ਸੀ ਕੋਈ ਖਾਸ ਹੈਰਾਨੀ ਵਾਲੀ ਗੱਲ ਵੀ ਨਹੀਂ ਸੀ। ਇਸ ਕਰਕੇ ਕੋਈ ਖਾਸ ਹੁੰਗਾਰਾ ਨਾ ਦਿੱਤਾ ਤੇ ਕਿਤਾਬ ਪੜ੍ਹਨ ਵਿੱਚ ਮਸ਼ਰੂਫ ਹੋ ਗਿਆ। ਸ਼ੇਰੇ ਨੇ ਕਿਤਾਬ ਮੇਰੇ ਕੋਲੋਂ ਖੋਹ ਕੇ ਪਰਾਂ ਵਗਾਹ ਮਾਰੀ ਤੇ ਖਿੱਝ ਕੇ ਬੋਲਿਆ,” ਤੁਸੀਂ ਯਾਰ ਮੈਨੂੰ ਝੁੱਡੂ ਹੀ ਸਮਝਦੇ ਹੋ? ਮੈਂ ਗਿਆਨ ਦੀ ਗੱਲ ਦੱਸਣ ਲੱਗਾ ਸੀ ਪਰ ਤੇਰੇ ਭਾ ਦਾ ਤਾਂ ਮੈਂ ਕੁੱਤਾ ਭੌਂਕਦਾ। 

ਉਹ ਸ਼ੇਰ ਬਾਦਸ਼ਾਹ, ਇਹੋ ਜਿਹੇ ਗਿਆਨ ਦੀਆਂ ਗੱਲਾਂ ਮੈਂ ਰੋਜ਼ ਪੜ੍ਹਦਾ ਲਿਖਦਾ ਰਹਿੰਨਾ, ਤੂੰ ਐਵੇਂ ਲੀੜਿਓਂ ਬਾਹਰ ਨਾ ਹੋ ਜਾ ਕੇ ਆਪਣੀ ਗਲਾਸੀ ਲਾ, ਬੋਤਲ ਵਾਜਾਂ ਮਾਰੀ ਜਾਂਦੀ ਆ। ਤੀਜਾ ਪੈੱਗ ਮਾਰ ਕੇ ਸ਼ੇਰਾ ਹੋਰ ਤੱਤਾ ਹੋ ਗਿਆ। ਕਾਫ਼ੀ ਕੁੱਝ ਬੋਲ ਗਿਆ ਜ਼ਿਆਦਾਤਰ ਉਸਦੀਆਂ ਗੱਲਾਂ ਨੂੰ ਇਗਨੋਰ ਕਰਨ ਦੇ ਮੇਹਣੇ ਸਨ। ਸ਼ੇਰਾ, ਸੀ ਵੀ ਸੱਚਾ…. ਨਸ਼ੇੜੀ ਸਮਝ ਕੇ ਉਸ ਦੀ ਹਰੇਕ ਗੱਲ ਦਾ ਮਜ਼ਾਕ ਬਣਾਇਆ ਜਾਂਦਾ ਸੀ। ਉਸ ਵੱਲੋਂ ਦਿੱਤੀ ਹਰੇਕ ਸਲਾਹ ਨੂੰ ਇਉਂ ਉਲੱਦ ਦਿੱਤਾ ਜਾਂਦਾ ਸੀ ਜਿਵੇਂ ਰਿਸ਼ਵਤ ਬਗੈਰ ਆਈ ਫਾਈਲ ਨੂੰ ਸਰਕਾਰੀ ਅਫਸਰ ਤਾਕੀ ਤੋਂ ਬਾਹਰ ਵਗਾਹ ਮਾਰਦਾ। ਮੈਨੂੰ ਗਲਤੀ ਦਾ ਅਹਿਸਾਸ ਹੋਇਆ, ਅਸੀਂ ਹਰੇਕ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਤਾਂ ਸ਼ੇਰੇ ਨੂੰ ਨਜ਼ਰ ਅੰਦਾਜ਼ ਕਰਨਾ ਗਲਤ ਹੈ। ਸ਼ੇਰੇ ਨੂੰ ਠੰਡਾ ਕਰਨ ਤੋਂ ਬਿਨਾਂ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਂ ਉਸ ਦੇ ਸਾਹਮਣੇ ਬੈਠ ਗਿਆ ਤੇ ਸੌਰੀ ਬੋਲਣ ਨਾਲ ਹੀ ਉਹ ਠੰਡਾ ਸੀਤ ਹੋ ਗਿਆ।

ਸ਼ੇਰਿਆ, “ਹੁਣ ਦੱਸ ਉਸ ਤੋਂ ਅਗਲੀ ਕਥਾ ਕੀ ਸੀ?” ਉਹ ਕਥਾ ਤਾਂ ਬਾਈ ਏਨੀ ਹੀ ਸੀ,ਜਿੰਨੀ ਤੈਨੂੰ ਦੱਸੀ ਆ। ਮੈਨੂੰ ਤਾਂ ਸਾਲੇ ਚੂਹਿਆਂ ਤੋਂ ਖਹਿੜਾ ਛੁਡਾਉਣ ਦਾ ਨੁੱਕਤਾ ਲੱਭਿਆ ਸੀ ਇਸ ਕਥਾ ਤੋਂ।” ਉਹ ਕਿਵੇਂ? ਮੇਰੇ ਵੀ ਇਕ ਦਮ ਕੰਨ ਖੜ੍ਹੇ ਹੋ ਗਏ।” ਜਿਵੇਂ ਸਾਧ ਕਹਿੰਦਾ ਸੀ ਕਿ ਭੁੱਖੇ ਮਰਦੇ ਭੱਜ ਜਾਣਗੇ ਕਿਉਂ ਨਾ ਇਹਨਾਂ ਨੂੰ ਵੀ ਭੁੱਖੇ ਮਾਰ ਕੇ ਭਜਾਈਏ। ਮੈਨੂੰ ਗੱਲ ਜਚ ਗਈ। ਦਰਅਸਲ ਅਸੀਂ ਸਾਰੇ ਮੁੰਡੇ ਰੈਸਟੋਰੈਂਟਾਂ ਤੇ ਕੰਮ ਕਰਦੇ ਸੀ। ਸਵੇਰ ਦੀ ਚਾਹ ਹੀ ਘਰ ਬਣਦੀ ਸੀ। ਦੋਨੋਂ ਵੇਲਿਆਂ ਦੀ ਰੋਟੀ ਕੰਮ ਤੇ ਹੀ ਹੁੰਦੀ। ਗਲਾਸੀ ਦੇ ਸ਼ੌਕੀਨ ਤਿੰਨ ਚਾਰ ਜਣੇ ਰਾਤ ਦੀ ਰੋਟੀ ਘਰ ਲਿਆ ਕੇ ਖਾਂਦੇ। ਗਲਾਸੀ ਲਾ ਕੇ ਖਾਣਾਂ ਖਾਂਦੇ ਤੇ ਬਚੀ ਖੁਚੀ ਜੂਠ ਟੇਬਲ ਤੇ ਛੱਡ ਕੇ ਸੌਂ ਜਾਂਦੇ।ਮਗਰੋਂ ਬਚੇ ਖੁਚੇ ਨਾਨ, ਰੋਟੀਆਂ, ਚੌਲ ਤੇ ਮੀਟ ਦੀਆਂ ਹੱਡੀਆਂ ਚੂਹੇ ਰੀਝਾਂ ਨਾਲ ਚੂੰਡਦੇ। 

ਉਸੇ ਰਾਤ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਪੂਰੇ ਇਕ ਮਹੀਨੇ ਲਈ ਘਰ ਵਿੱਚ ਖਾਣਾ ਲਿਆਉਣਾ ਤੇ ਖਾਣਾ ਮਨ੍ਹਾਂ ਹੈ। ਚਾਹ ਬਣਾਉਣ ਤੇ ਵੀ ਪਾਬੰਦੀ ਲਗਾ ਦਿੱਤੀ। ਦੂਜੇ ਦਿਨ ਸਾਰਿਆਂ ਨੇ ਰਲ ਕੇ ਪੂਰੇ ਘਰ ਦੀ ਸਫਾਈ ਕਰ ਦਿੱਤੀ। ਖਾਣ ਵਾਲੀਆਂ ਚੀਜ਼ਾਂ ਬਿਸਕੁਟ, ਨਮਕੀਨ, ਖੰਡ ਬਗੈਰਾ ਸਭ ਬਾਹਰ ਸੁੱਟ ਦਿੱਤੇ।ਫਾਰਮੂਲਾ ਕੰਮ ਕਰ ਗਿਆ। ਦਸਾਂ ਕੁ ਦਿਨਾਂ ਬਾਅਦ ਹੀ ਘਰ ਵਿੱਚੋਂ ਚੂਹਿਆਂ ਦੀ ਦੌੜ ਭੱਜ ਬੰਦ ਹੋ ਗਈ। ਸਾਧ ਦੇ ਚੇਲੇ ਭੁੱਖੇ ਮਰਦੇ ਅੱਡੀਆਂ ਨੂੰ ਥੁੱਕ ਲਾ ਗਏ। ਸ਼ੇਰੇ ਦੀ ਸ਼ਰਾਬ ਤਾਂ ਮਰਨ ਤੱਕ ਨਹੀਂ ਸੁੱਟੀ ਪਰ ਉਸਦੀ ਕਥਾ ਦੇ ਪ੍ਰੈਕਟੀਕਲ ਨੇ ਸਾਡਾ ਚੂਹਿਆਂ ਤੋਂ ਖਹਿੜਾ ਛੁਡਾ ਦਿੱਤਾ। ਹੁਣ ਤਾਂ ਸ਼ੇਰੇ ਦੀ ਗੱਲ ਨੂੰ ਵੀ ਇਉਂ ਤਵੱਜੋਂ ਮਿਲਣ ਲੱਗ ਪਈ ਸੀ ਜਿਵੇਂ ਢੱਡਰੀਆਂ ਵਾਲੇ ਦੇ ਤਰਕਾਂ ਨੂੰ।

ਇਧਰ ਦੁਕਾਨ ਤੋਂ ਮੈਂ ਵੀ ਕਰਿਸਪਾਂ ਤੇ ਚਾਕਲੇਟਾਂ ਡੱਬਿਆਂ ਚ ਬੰਦ ਕਰਕੇ ਚੂਹਿਆਂ ਦੇ ਢਾਬੇ ਨੂੰ ਅਣਮਿੱਥੇ ਸਮੇਂ ਲਈ ਸੀਲ ਕਰ ਦਿੱਤਾ। 

ਅਮਰ ਮੀਨੀਆਂ (ਗਲਾਸਗੋ)  00447868370984 

Install Punjabi Akhbar App

Install
×