ਸ਼ਹਿਨਸ਼ਾਹ ਖੁਦ ਹੀ ਕਉ ਭਾਖਤ

ਸੰਸਾਰ ਦੇ ਇਤਿਹਾਸ ਅੰਦਰ ਸਿੱਖ ਕੌਮ ਦੀ ਬਿਲਕੁਲ ਵਿਲੱਖਣ ਅਤੇ ਆਦਰਯੋਗ ਥਾਂ ਹੈ। ਗਿਣਤੀ ਪੱਖੋਂ ਸਿੱਖ ਕੌਮ ਬਹੁਤ ਥੋੜ੍ਹੀ ਹੈ। ਇਸ ਦਾ ਸਰੂਪ ਸਿਧਾਂਤ ਅਤੇ ਜੀਵਨ ਕਰਨੀ ਨਿਰਮਲ ਨਿਆਰੀ ਅਤੇ ਗੁਣ ਭਰਪੂਰ ਹੈ। ਜਿਸ ਤੋਂ ਸੰਸਾਰ ਦੇ ਦੂਜੇ ਭਾਈਚਾਰੇ ਪ੍ਰਭਾਵਤ ਹੁੰਦੇ ਰਹੇ ਹਨ। ਜਦੋਂ ਸਿੱਖ ਕੌਮ ਦੇ ਅਤਿ ਮਾਣਯੋਗ ਇਤਿਹਾਸ ਨੂੰ ਘੋਖਵੀਂ ਅੱਖ ਨਾਲ ਕੋਈ ਸੰਸਾਰ ਦਾ ਸਿੱਖ ਅਤੇ ਗ਼ੈਰ-ਸਿੱਖ ਚਿੰਤਕ ਵੇਖਦਾ ਹੈ ਤਾਂ ਉਸ ਦਾ ਸਿਰ ਗੁਰੂ ਸਾਹਿਬਾਨ ਦੀ ਨਿਰੰਤਰ ਘਾਲਣਾ ਅੱਗੇ ਮੱਲੋ ਮੱਲੀ ਝੁਕ ਜਾਂਦਾ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਕਾਲੀ ਜੋਤਿ-ਜੁਗਤਿ ਦੇ ਵਾਰਸ ਹੋ ਕੇ ਅਕਾਲ ਪੁਰਖ ਦੀ ਖ਼ੁਦਾਈ ਰਹਿਮਤ ਸਦਕਾ ਸੰਸਾਰ ਦੀ ਧਰਤੀ ਉੱਤੇ ਆਉਂਦੇ ਹਨ ਤਾਂ ਉਸ ਵਕਤ ਮਨੁੱਖੀ ਸਮਾਜ ਦੀ ਹਾਲਤ ਅਤਿ ਤਿੜਕੀ ਹੋਈ, ਜ਼ੋਰ-ਜ਼ੁਲਮ ਦਾ ਸੰਤਾਪ ਸਹਿੰਦੀ ਅਤੇ ਢਹਿੰਦੀ ਦਿਸ਼ਾ ਵਿਚ ਸੀ। ਸੰਸਾਰ ਦਾ ਉਹ ਖਿੱਤਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਉਂਦੇ ਹਨ, ਉਹ ਰਾਜਨੀਤਕ ਪੱਖੋਂ ਸਦੀਆਂ ਦੀ ਗ਼ੁਲਾਮੀ ਦੀ ਸੱਟ ਸਹਿੰਦਾ ਆ ਰਿਹਾ ਸੀ। ਮੁਗ਼ਲ-ਪਠਾਣਾਂ ਦੀ ਗ਼ੁਲਾਮੀ ਇਸ ਖਿੱਤੇ ਦੇ ਲੋਕਾਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਦਸ਼ਾ ਨੂੰ ਬੁਰੀ ਤਰ੍ਹਾਂ ਤਬਾਹ ਕਰ ਚੁੱਕੀ ਸੀ। ਭਾਰਤੀ ਖੱਤਰੀ ਰਾਜਪੂਤ ਮਰਾਠੇ ਅਤੇ ਹੋਰ ਲੜਾਕੂ ਭਾਈਚਾਰੇ ਇਨ੍ਹਾਂ ਬਾਹਰੋਂ ਆਏ ਜ਼ਰਵਾਣਿਆਂ ਦਾ ਪਾਣੀ ਭਰਨ ਲਈ ਮਜ਼ਬੂਰ ਹੋ ਚੁੱਕੇ ਸਨ। ਇਸ ਖਿੱਤੇ ਦੇ ਲੋਕਾਂ ਦੀ ਆਬਰੂ ਬਹੁਤ ਬੁਰੀ ਤਰ੍ਹਾਂ ਲੁੱਟ ਕੇ ਪੈਰਾਂ ਹੇਠ ਮਸਲ ਦਿੱਤੀ ਗਈ ਸੀ।
ਬੇਸ਼ੱਕ ਕਹਿਣ ਨੂੰ ਉਸ ਮੌਕੇ ਤਿੰਨ ਮਜ਼ਹਬ ਆਪਣਾ ਆਪਣਾ ਪ੍ਰਭਾਵ ਰੱਖਦੇ ਸਨ। ਇਸਲਾਮ ਬਾਹਰੋਂ ਆਏ ਹਮਲਾਵਰਾਂ ਦਾ ਮੱਤ ਸੀ ਜੋ ਬੜੇ ਜ਼ੋਰ-ਜ਼ੁਲਮ ਅਤੇ ਕਪਟੀ ਢੰਗਾਂ ਨਾਲ ਫੈਲਾਇਆ ਗਿਆ ਸੀ। ਰਾਜਿਆਂ ਦਾ ਮਤ ਹੋਣ ਕਰਕੇ ਮਨਮਾਨੀ ਦੇ ਸਾਰੇ ਸਾਧਨ ਝੋਕਣ ਤੋਂ ਰਤਾ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਸੀ। ਹਿੰਦੂ ਮਤ ਦਰਜਾ-ਬ-ਦਰਜਾ ਮਨੁੱਖੀ ਸਮਾਜ ਨੂੰ ਜਾਤੀ ਵੰਡ ਦਾ ਸ਼ਿਕਾਰ ਬਣਾਉਣ ਦਾ ਆਪਣਾ ਸਦੀਆਂ ਪੁਰਾਣਾ ਵਤੀਰਾ ਜਿਉਂ ਦਾ ਤਿਉਂ ਜਾਰੀ ਰੱਖਣ ਵਾਸਤੇ ਬਜ਼ਿਦ ਸੀ। ਇਸ ਦੇ ਧਾਰਮਿਕ ਮੁਖੀ ਸਮੇਂ ਦੇ ਜ਼ੋਰ ਜ਼ੁਲਮ ਦੇ ਖ਼ਿਲਾਫ ਅਤੇ ਹਿੰਦੂ ਧਾਰਮਿਕ ਮਾਨਤਾਵਾਂ ਤੇ ਕੀਤੇ ਜਾਂਦੇ ਵਾਰਾਂ ਦਾ ਜਵਾਬ ਦੇਣ ਲਈ ਕਿਸੇ ਵੀ ਤਰ੍ਹਾਂ ਹੀਲ ਹੁਜਤ ਕਰਨ ਦੇ ਯੋਗ ਨਹੀਂ ਸਨ। ਮਨੁੱਖ ਜੀਵਨ ਦੀ ਮਹਾਨਤਾ ਦਾ ਘੋਰ ਨਿਰਾਦਰ ਇਹ ਲੋਕ ਖੁਦ ਕਰਦੇ ਸਨ। ਤੀਜੀ ਜਮਾਤ ਜੋਗ ਮਤ ਦੀ ਸੀ ਜੋ ਗ਼ੈਰ-ਸਮਾਜਿਕ ਸਰੋਕਾਰਾਂ ਦੇ ਧਾਰਨੀ ਸਨ। ਕੇਵਲ ਆਪਣੇ ਮਤ ਦੇ ਕਠਨ ਕਰਮ-ਕਾਂਡਾਂ ਨਾਲ ਜਾਤੀ ਅੱਗਾ ਸਵਾਰਨ ਤੇ ਪੂਜਾ ਪ੍ਰਤਿਸ਼ਟਾ ਨੂੰ ਮੰਨਣ ਤੱਕ ਹੀ ਜੀਵਨ ਕਿਰਿਆ ਸੀਮਤ ਸੀ। ਆਮ ਸਮਾਜ ਦੇ ਸਿਰ’ਤੇ ਇਕ ਭਾਰ ਤੋਂ ਸਿਵਾਏ ਕੁਝ ਵੀ ਐਸਾ ਨਹੀਂ ਸੀ ਜੋ ਮਨੁੱਖੀ ਜ਼ਿੰਦਗੀ ਨੂੰ ਸਮੇਂ ਦੀਆ ਬੁਰਾਈਆਂ ਜਾਂ ਜ਼ੋਰ-ਜ਼ੁਲਮ ਦੇ ਖ਼ਿਲਾਫ ਅਣਖੀ ਜ਼ਿੰਦਗੀ ਜੀਊਣ ਦਾ ਸਬਕ ਦੇਂਦਾ ਹੋਵੇ।
ਐਸੇ ਅਧੋਗਤੀ ਦੇ ਦੌਰ ਵਿਚ ਫਸੇ ਹੋਏ ਮਨੁੱਖੀ ਸਮਾਜ ਲਈ ਜ਼ਿੰਦਗੀ ਨੂੰ ਸਹੀ ਸਚਿਆਰ ਮਾਰਗ ਦੱਸਣ ਦਾ ਨਿਸ਼ਾਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਸ ਸੀ। ਉਨ੍ਹਾਂ ਪਹਿਲਾਂ ਫੈਲੀਆਂ ਕਮਜ਼ੋਰੀਆਂ, ਬੁਰਾਈਆਂ ਅਤੇ ਧੱਕੇਸ਼ਾਹੀਆਂ ਤ੍ਰਾਸਦੀਆਂ ਨੂੰ ਰੱਬੀ ਗਿਆਨ ਦੀ ਅੱਖ ਨਾਲ ਵੇਖਿਆ। ਭਾਈ ਗੁਰਦਾਸ ਜੀ ਅਨੁਸਾਰ : ”ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ”। ਸੰਸਾਰ ਦੀ ਇਸ ਭਿਆਨਕ ਅਧੋਗਤੀ ਨੂੰ ਸੁਧਾਰਨ ਸਵਾਰਨ ਲਈ ਲੰਮੀ ਰਣਨੀਤੀ ਅਤੇ ਜੁਗਤਿ ਦੀ ਜ਼ਰੂਰਤ ਸੀ। ਗ਼ੁਲਾਮੀ ਦੀ ਰਸਾਤਲ ਵਿਚ ਧੱਸੇ ਹੋਏ ਮਨੁੱਖੀ ਸਮਾਜ ਨੂੰ ਜ਼ਿੰਦਗੀ ਦਾ ਵਡਮੁੱਲਾ ਮਕਸਦ ਸਮਝਾਉਣਾ ਅਤੇ ”ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ” ਦੀ ਆਤਮ-ਨਿਰਭਰਤਾ ਭਰਨਾ ਉਸ ਵਕਤ ਸਭ ਤੋਂ ਔਖਾ ਕੰਮ ਸੀ। ਜਿਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵੀਕਾਰ ਕਰਕੇ ”ਚੜ੍ਹਿਆ ਸੋਧਣਿ ਧਰਤਿ ਲੁਕਾਈ” ਅਤੇ ਅਕਾਲ ਪੁਰਖੀ ਸਿੰਘ ਨਾਦ ਵਜਾਇਆ। ਜਿਸ ਦੀ ਗਰਜ ਨੇ ਸਾਰੇ ਪਾਸੇ ਥਰ-ਥਰਾਹਟ ਪੈਦਾ ਕੀਤੀ। ਉਨ੍ਹਾਂ ਜੋ ਨਿਸ਼ਾਨਾ ਮਿਥਿਆ ਪੜ੍ਹ ਸੁਣ ਕੇ ਉਂਗਲਾਂ ਮੂੰਹੀਂ ਆ ਜਾਂਦੀਆਂ ਹਨ। ਦੱਬੇ-ਕੁਚਲੇ ਅਤੇ ਸਾਹ-ਸਤ ਹੀਣ ਸਮਾਜ ਅੰਦਰ ਜ਼ਿੰਦਗੀ ਦਾ ਉੱਚਾ ਸੁੱਚਾ ਮਕਸਦ ਉਨ੍ਹਾਂ ਨੇ ਮਨੁੱਖੀ ਸਮਾਜ ਦੇ ਕੰਨਾਂ ਵਿਚ ਦੋ ਅਹਿਮ ਸਵਾਲ ਖੜ੍ਹੇ ਕਰਕੇ ਭਰਨ ਦਾ ਨਿਰਣਾ ਲਿਆ। ਉਨ੍ਹਾਂ ਦਾ ਇਲਾਹੀ ਪੈਗਾਮ ਹੈ, ” ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ॥” ਇਹਨਾਂ ਸਵਾਲਾਂ ਅੰਦਰ ਕ੍ਰਾਂਤੀ-ਇਨਕਲਾਬ ਦੀਆਂ ਮਜ਼ਬੂਤ ਜੜ੍ਹਾਂ ਹਨ। ਬੇ-ਅਰਥੀ ਤੇ ਬੇ-ਰਸੀ ਜ਼ਿੰਦਗੀ ਜੀਊਣ ਵਾਲੀ ਲੋਕਾਈ ਨੂੰ ਇਨ੍ਹਾਂ ਦੋਵਾਂ ਸਵਾਲਾਂ ਦਾ ਉੱਤਰ ਵੀ ਬਖਸ਼ਿਆ ਕਿ ”ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”॥ ਬੜਾ ਸਪੱਸ਼ਟ ਸੰਦੇਸ਼ ਹੈ ਕਿ ਐ ਮਨੁੱਖ, ਗ਼ੁਲਾਮੀ ਤੋਂ ਆਜ਼ਾਦੀ ਤੱਕ ਜਾਣ ਲਈ ਸਮੇਂ ਦੀਆਂ ਬਾਦਸ਼ਾਹੀਆਂ ਨੂੰ ਵੰਗਾਰਨ ਲਈ ਬੰਦਿਆਂ ਅਤੇ ਵਕਤੀ ਰਾਜਿਆਂ ਦੇ ਕੂੜੇ ਫੁਰਮਾਣਾਂ ਦੀ ਗ਼ੁਲਾਮੀ ਛੱਡ ਕੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜੋ ਇਕੋ ਇਕ ਹੈ ਉਸ ਦੇ ਹੁਕਮ ਹੇਠ ਆ ਜਾਉ। ਜ਼ਿੰਦਗੀ ਸਚਿਆਰ ਹੋ ਜਾਵੇਗੀ। ਕੂੜ-ਗ਼ੁਲਾਮੀ ਦੀ ਕੰਧ ਢਹਿ-ਢੇਰੀ ਹੋ ਜਾਵੇਗੀ। ਮਨੁੱਖ ਦੇ ਅੰਦਰ ਸੁੱਤੀਆਂ ਕਲ਼ਾਂ ਜਗਾਉਣ ਦੇ ਵੱਡੇ ਮਕਸਦ ਨਾਲ ਉਨ੍ਹਾਂ ਆਵਾਜ਼ ਦਿੱਤੀ : ”ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥”
ਸਭ ਪ੍ਰਕਾਰ ਦੀ ਗ਼ੁਲਾਮੀ ਤੋਂ ਆਜ਼ਾਦੀ ਵੱਲ ਵੱਡੀ ਪੁਲਾਂਘ ਪੁੱਟਣ ਦੇ ਮੁਤਲਾਸ਼ੀ ਜਿਵੇਂ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਗਿਰਦੇ ਇਕੱਠੇ ਹੋਏ ਉਹ ਇਤਿਹਾਸ ਦੇ ਪੰਨੇ ਬਾ-ਖ਼ੂਬੀ ਦੱਸ ਰਹੇ ਹਨ। ਗੁਰੂ ਜੀ ਨੇ ਇਕ ਅਹਿਮ ਖ਼ੁਦਾਈ ਬਖਸ਼ਿਸ਼ ਦੇ, ਰਾਜ ਦੀ ਗੱਲ ਹੋਰ ਵੀ ਸਮਝਾਈ ਕਿ ਦੁਨਿਆਵੀ ਤਖ਼ਤਾਂ ਤਾਜਾਂ ਦੇ ਮਗਰ ਭੱਜਣ ਦੀ ਥਾਂ ਪਹਿਲਾਂ ਉਸ ਪਾਤਸ਼ਾਹੀ ਨੂੰ ਪ੍ਰਾਪਤ ਕਰਨ ਲਈ ਖ਼ੁਦਾਈ ਹੁਕਮ ਅੰਦਰ ਜੀਊਣਾ ਲਾਜ਼ਮੀ ਹੈ। ਜਿੱਥੇ ਬੰਦਿਆਂ ਦੀ ਤਰੀਫ਼ ਦੀ ਥਾਂ ਇਕੋ ਇਕ ਖੁਦਾ ਦੀ ਸਿਫ਼ਤੋਂ ਸਾਲਾਹ ਦੀ ਬਖਸ਼ਿਸ਼ ਮਿਲਦੀ। ਇਸ ਬਖਸ਼ਿਸ਼ ਵਿਚ ਕਾਦਰ ਦੀ ਆਪਣੀ ਪਾਤਸ਼ਾਹੀ ਭਰੀ ਹੋਈ ਹੈ। ਗੁਰੂ ਗਿਆਨ ਦੇ ਅੰਮ੍ਰਿਤ ਬੋਲ ਹਨ : ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥ ਇਥੇ ਸਾਰੀਆਂ ਬਾਦਸ਼ਾਹੀਆਂ ਝੁਕਦੀਆਂ ਹਨ। ਸੰਸਾਰ ਨੇ ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਬਾਬਰ ਨੂੰ ਖੁਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਝੁਕਦਾ ਵੇਖਿਆ। ਇਥੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਅੰਦਰ ਰੂਹਾਨੀਅਤ ਦੀਆਂ ਸਿਖ਼ਰਾਂ ਛੂਹਣ ਵਾਲੀ ਅਮਲੀ ਕਮਾਈ ਦੀ ਜਿਥੇ ਪ੍ਰਬਲ ਲਾਲਸਾ ਪੈਦਾ ਹੁੰਦੀ ਉੱਥੇ ਖੁਦ ਨੂੰ ਦੁਨਿਆਵੀ ਬਾਦਸ਼ਾਹ ਦੀਆਂ ਕੂੜੀਆਂ ਗ਼ੁਲਾਮੀਆਂ ਨਾ ਮੰਨਣ ਦੀ ਹਿੰਮਤ ਪੈਦਾ ਹੁੰਦੀ ਹੈ।
ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਮੁਕੱਦਸ ਕਦਮਾਂ ਵਿਚ ਹਿਮਾਯੂੰ ਵਰਗਾ ਪਾਤਸ਼ਾਹ ਹਾਜ਼ਰੀ ਭਰ ਖ਼ੈਰ ਮੰਗਦਾ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਦਰਬਾਰ ਵਿਚ ਅਕਬਰ ਬਾਦਸ਼ਾਹ ਹਾਜ਼ਰੀ ਭਰਨੀ ਗ਼ਨੀਮਤ ਮੰਨਦਾ ਹੈ। ਸਮੇਂ ਦੀਆਂ ਹਕੂਮਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਦੀ ਅਹਿਮੀਅਤ ਦੀ ਬੇਬਾਕ ਜਾਣਕਾਰੀ ਭਾਈ ਜੇਠਾ ਜੀ ਜੋ ਸਮੇਂ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੋ ਰੱਬੀ ਫਰਜ਼ਾਂ ਪਾਲ਼ਦੇ ਪ੍ਰਸਾਰਦੇ ਹਨ, ਲਾਹੌਰ ਜਾ ਕੇ ਦੇਂਦੇ ਹਨ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਪਾਸੋਂ ਸਮੇਂ ਦੇ ਜ਼ਰਵਾਣੇ ਬਾਦਸ਼ਾਹ ਦਾ ਕਰਿੰਦਾ ”ਬੀਰ ਬਲ” ਹਕੂਮਤੀ ਜਜ਼ੀਆ ਮੰਗਦਾ ਹੈ ਤਾਂ ਗੁਰੂ ਸਾਹਿਬ ਜੀ ਬਹੁਤ ਸਪੱਸ਼ਟ ਉੱਤਰ ਦੇਂਦੇ ਹਨ ਕਿ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਉਮਤ ਕਿਸੇ ਰਾਜੇ ਦੀ ਪਰਜਾ ਨਹੀਂ ਹੈ। ਇਹ ਕੇਵਲ ਅਕਾਲ ਪੁਰਖ ਸ਼ਹਿਨਸ਼ਾਹ ਦਾ ਹੁਕਮ ਮੰਨਦੀ ਹੈ। ਇਸ ਲਈ ਹਕੂਮਤੀ ਜਜ਼ੀਆ ਨਹੀਂ ਭਰਿਆ ਜਾਵੇਗਾ। ਸਮੇਂ ਦੇ ਹਾਕਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਅੰਦਰ ਨਿਰਭਉ-ਨਿਰਵੈਰ ਖ਼ੁਦਾਈ ਗੁਣਾਂ ਵਾਲੇ ਤਿਆਰ ਹੋ ਰਹੇ ਸਚਿਆਰ ਮਨੁੱਖਾਂ ਨੂੰ ਤਖਤੋ ਤਾਜਾਂ ਲਈ ਵੰਗਾਰ ਵਜੋਂ ਲੰਮੇ ਸਮੇਂ ਤੋਂ ਦੇਖ ਰਹੇ ਸਨ। ਇਸੇ ਲਈ ਇਨਕਲਾਬ ਦੀ ਅਦੁੱਤੀ ਖਾਣ ਦੇ ਮਾਲਕ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਤੱਤੀ ਤਵੀ’ ਤੇ ਬੈਠਾ ਅਣ-ਮਨੁੱਖੀ ਤਸੀਹੇ ਦੇਂਦੇ ਹਨ। ਗੁਰੂ ਪਾਤਸ਼ਾਹ ਦੀ ਸ਼ਹਾਦਤ ਨੇ ਸਮੇਂ ਦੀਆਂ ਸਲਤਨਤਾਂ ਦੇ ਥੰਮਾਂ ਨੂੰ ਹਿਲਾਉਣ ਦਾ ਕੰਮ ਕੀਤਾ। ਦੁਨਿਆਵੀ ਬਾਦਸ਼ਾਹੀ ਦੀ ਗ਼ੁਲਾਮੀ ਤੋਂ ਬੇਨਿਆਜ਼ ਹੋ ਕੇ ਕੇਵਲ ਖ਼ੁਦਾਈ ਪਾਤਸ਼ਾਹੀ ਅੱਗੇ ਸਿਜਦਾ ਕਰਨ ਵਾਲਾ ਦੂਲੇ ਸਚਿਆਰ ਸਿੱਖਾਂ ਦਾ ਕਾਫ਼ਲਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਹਿਨੁਮਾਈ ਹੇਠ ਜ਼ੋਰ ਤੇ ਜ਼ੁਲਮ ਢਾਹੁਣ ਵਾਲੇ ਜ਼ਰਵਾਣਿਆਂ ਨਾਲ ਖੰਡੇ ਨਾਲ ਖੰਡਾ ਖੜਕਾ ਅਜਿਤ ਹੋ ਵਕਤੀ ਹਾਕਮਾਂ ਦੀਆਂ ਦੰਦੀਆਂ ਜੋੜ ਦੇਂਦਾ ਹੈ। ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦੇ ਵੱਡੇ ਅਰਥ ਗੁਰੂ ਜੀ ਨੇ ਖੁਦ ਸਮਝਾਏ ਸਨ ਕਿ ਮੀਰੀ ਕਿਰਪਾਨ ਨਾਲ ਮੀਰਾਂ (ਜ਼ਰਵਾਣਿਆਂ) ਦੀ ਮੀਰੀ ਖਿੱਚ ਲੈਣੀ ਹੈ। ਪੀਰੀ ਕਿਰਪਾਨ ਨਾਲ ਪੀਰਾਂ ਦੀ ਪੀਰੀ ਖਿੱਚ ਲੈਣੀ ਹੈ। ਇਥੋਂ ਤੱਕ ਆਪਾਂ ਦੇਖ ਲਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਤਿਆਰ ਹੋਣ ਵਾਲੇ ਸਚਿਆਰ ਮਨੁੱਖ ਅੰਦਰ ਦੁਨਿਆਵੀ ਬਾਦਸ਼ਾਹੀ ਦੀ ਸਰਦਾਰੀ ਕਬੂਲਣ ਦਾ ਕਿਧਰੇ ਲੇਸ ਮਾਤਰ ਅੰਸ਼ ਵੀ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਸੱਚੀ ਪਾਤਸ਼ਾਹੀ ਗੁਰੂ ਦਰ-ਘਰ ਦਾ ਡੰਕਾ ਉਦੋਂ ਹੋਰ ਉੱਚਾ ਹੋ ਗਿਆ ਜਦੋਂ ਇਸ ਪਾਤਸ਼ਾਹੀ ਨੇ ਕੈਦੀ ਰਾਜਿਆਂ ਨੂੰ ਮੌਤ ਮੂੰਹ ਵਿਚੋਂ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ।
ਧੰਨ ਗੁਰੂ ਹਰਿ ਰਾਇ ਪਾਤਸ਼ਾਹ ਜੀ ਨੇ ਨਿਰਭਉ-ਨਿਰਵੈਰ ਵਿਚਰਦਿਆਂ 2200 ਘੋੜ ਸਵਾਰ ਤਿਆਰ-ਬਰ-ਤਿਆਰ ਹਰ ਵਕਤ ਨਾਲ ਰੱਖ ਕੇ ਸਮੇਂ ਦੀ ਬਾਦਸ਼ਾਹੀ ਦਾ ਕੋਈ ਅਸਰ ਨਹੀਂ ਕਬੂਲਿਆ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ”ਨਹਿ ਦਰਸਹਿ ਨਹਿ ਦਰਸਾਵਹਿ ਦਰਸ਼ਨ” ਵਾਕ ਕਹਿ ਕੇ ਔਰੰਗਜ਼ੇਬ ਵਰਗੇ ਜ਼ਾਬਰ ਨੂੰ ਚਕਨਾਚੂਰ ਕਰਕੇ ਸੱਚੀ ਪਾਤਸ਼ਾਹੀ ਦਾ ਜਾਹੋ-ਜਲਾਲ ਬਰਕਰਾਰ ਰੱਖਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੁਨਿਆਵੀ ਬਾਦਸ਼ਾਹੀਆਂ ਨੂੰ ਸੱਚੀ ਪਾਤਸ਼ਾਹੀ ਅੱਗੇ ਸਿਰ ਝੁਕਾਉਣ ਲਈ ਤਿਆਰ ਕੀਤਾ। ਵਕਤ ਆਉਣ’ਤੇ ਦੁਨਿਆਵੀ ਤਖ਼ਤੋ ਤਾਜ ਤੋਂ ਮਿਲੇ ਮੌਤ ਵਰਗੇ ਡਰਾਵਿਆਂ ਨੂੰ ਵਗਾਹ ਮਾਰਿਆ। ਜਿਨ੍ਹਾਂ ਦੇ ਮਜ਼ਹਬੀ ਅਕੀਦੇ ਅੰਦਰ ਗੁਰੂ ਨਾਨਕ ਦਰ-ਘਰ ਲਈ ਰਾਈ ਮਾਤਰ ਵੀ ਯਕੀਨ ਨਹੀਂ ਉਸ ਦੀ ਰਾਖੀ ਲਈ ਅਤੇ ਜ਼ਰਵਾਣੇ ਦੀ ਜ਼ੁਲਮ ਕਰਦੀ ਤਲਵਾਰ ਨੂੰ ਖੁੰਢਿਆਂ ਕਰਨ ਲਈ ਦਿੱਲੀ ਆ ਵੰਗਾਰਿਆ। ਸਿਰ ਦੇ ਕੇ ਸੱਚੀ ਪਾਤਸ਼ਾਹੀ ਨੂੰ ਸੰਸਾਰ ਅੰਦਰ ਉਜਾਗਰ ਕੀਤਾ। ਸ਼ਰੇਆਮ ਜਿਸ ਚੜ੍ਹਦੀ ਕਲ਼ਾ ਅੰਦਰ ਗੁਰੂ ਕੇ ਤਿੰਨ ਸਚਿਆਰ ਸਿੱਖਾਂ ਦੁਨਿਆਵੀ ਤਖ਼ਤ ਦੁਰਕਾਰਦਿਆਂ ਸਿਰ ਵਾਰੇ, ਏਥੋਂ ਸਚਿਆਰ ਸਿੱਖਾਂ ਅੰਦਰ ਭਰੇ ਜਾ ਚੁੱਕੇ ਸੱਚੀ ਪਾਤਸ਼ਾਹੀ ਦੇ ਮਹਾਨ ਸੰਕਲਪ ਦਾ ਭਵਿੱਖ ਉਭਰਦਾ ਹੈ।
ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਸਚਿਆਰ ਮਨੁੱਖਾਂ ਦਾ ਜਥੇਬੰਦ ਕਾਫ਼ਲਾ ਦੁਨਿਆਵੀ ਬਾਦਸ਼ਾਹੀਆਂ ਤੋਂ ਪੂਰੀ ਤਰ੍ਹਾਂ ਸਦੀਵੀ ਮੁਕਤ ਕਰਨ ਲਈ ਅਕਾਲ ਪੁਰਖ ਜੀ ਦੇ ਅਨੁਸਾਰ ਸਚਿਆਰ ਮਨੁੱਖ ਖ਼ਾਲਸਾ ਕੀਤਾ। 1699 ਦੀ ਵੈਸਾਖੀ ਨੂੰ ”ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ” ਨੇ ਸਮੇਂ ਦੀਆਂ ਬਾਦਸ਼ਾਹੀਆਂ ਦੇ ਜ਼ੁਲਮ ਸਿਤਮ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਕਿੰਨੀਆਂ ਹੀ ਲੜਾਈਆਂ ਜਿੱਤੀਆਂ। ਅਕਾਲ ਪੁਰਖ ਕੀ ਫ਼ੌਜ ਖ਼ਾਲਸਾ ਸੰਸਾਰ ਦੇ ਬਾਦਸ਼ਾਹ ਘਰਾਂ ਅੰਦਰ ਇਕ ਅਜੀਬੋ ਗਰੀਬ ਘਬਰਾਹਟ ਖੜ੍ਹੀ ਕਰ ਦੇਂਦਾ ਹੈ। ਸਮਰੱਥ ਗੁਰੂ ਪਾਤਸ਼ਾਹ ਜੀ ਦੀ ਸ਼ਹਿਨਸ਼ਾਹਤ ਹੇਠ ਰੱਬੀ ਰੰਗ ਰੱਤੇ ਇਹ ਦੂਲੇ ਖ਼ਾਲਸਾ ਦੁਨਿਆਵੀ ਸੁੱਖਾਂ ਤੇ ਸਭ ਲਾਲਸਾਵਾਂ ਤੋਂ ਪੂਰਨ ਤੌਰ ਤੇ ਮੁਕਤ ਹਨ। ਰੂਹਾਂ ਵਿਚੋਂ ਇਹ ਗੁਰੂ ਵਾਕ ਸਫੁੱਟ ਨਿੱਕਲਦਾ ਹੈ ”ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 1708 ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਵਲੋਂ ਜੋ ਜੋਤਿ ਜੁਗਤਿ ਪਹਿਲੀ ਪਾਤਸ਼ਾਹੀ ਨੂੰ ਬਖਸ਼ੀ ਗਈ ਸੀ, ਅੱਜ ਉਹ ਉਸ ਦੇ ਵਾਰਸ ਸਤਿਗੁਰੂ ਪਾਤਸ਼ਾਹ ਹਨ। ਉਨ੍ਹਾਂ ”ਜੋਤਿ” ਧੰਨ ਗੁਰੂ ਗਰੰਥ ਸਾਹਿਬ ਜੀ ਅੰਦਰ ਕਬੂਲ ਕਰਕੇ ਗੁਰਤਾ ਗੱਦੀ ਬਖਸ਼ੀ। ”ਜੁਗਤਿ” ਅਕਾਲ ਪੁਰਖ ਕੀ ਫ਼ੌਜ ਖ਼ਾਲਸਾ ਨੂੰ ਬਖਸ਼ੀ। ਗੁਰੂ ਗਰੰਥ ਸਾਹਿਬ ਪਾਤਸ਼ਾਹ ਜੀ ਦੀ ਤਾਬਿਆ ਵਰਤਣ ਦਾ ਆਦੇਸ਼ ਦਿੱਤਾ। ਦੁਨਿਆਵੀ ਬਾਦਸ਼ਾਹੀ ਦਾ ਭਾਰਤ ਵਿਚੋਂ ਖ਼ਾਲਸੇ ਦੀ ਤੇਗ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਗਵਾਈ ਵਿਚ ਸਾਹ ਸਤ ਸੂਤ ਲਿਆ ਸੀ। ਬਾਦਸ਼ਾਹੀ ਤਖ਼ਤ ਡੱਕੇ ਡੋਲੇ ਖਾਣ ਲੱਗਾ ਸੀ। ਸੱਚੀ ਪਾਤਸ਼ਾਹੀ ਦਾ ਵਾਰਸ ਸਚਿਆਰ ਮਨੁੱਖ ਖ਼ਾਲਸਾ ਨੂੰ ਵਕਤ ਦੇ ਤਖ਼ਤੇ ਤਾਜਾਂ ਵਾਲਿਆਂ ਨੂੰ ਭਾਜੜ ਪਾਉਣ ਲਈ ਖੁਦ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਬਖਸ਼ ਸਿੰਘ ਜੀ ਨੂੰ ਥਾਪੜਾ ਦੇ ਪੰਜ ਸਿੰਘਾਂ ਦੀ ਸਰਪ੍ਰਸਤੀ ਹੇਠ ਨੰਦੇੜ ਦੀ ਧਰਤੀ ਤੋਂ ਤੋਰਿਆ।
ਸਚਿਆਰ ਮਨੁੱਖ ਖ਼ਾਲਸੇ ਦੀ ਵਿਰਾਸਤ ਵਿਚ ਗ਼ੁਲਾਮੀ ਸ਼ਬਦ ਨਹੀਂ ਹੈ; ਉਹ ਗ਼ੁਲਾਮੀ ਚੋਂ ਸਦੀਆਂ ਤੋਂ ਜ਼ਰਵਾਣੇ, ਲੋਕਾਂ ਦੇ ਗਲੀਂ ਜ਼ੰਜੀਰਾਂ ਪਾ ਕੇ ਮਨਮਰਜ਼ੀਆਂ ਕਰਵਾਉਂਦੇ ਆ ਰਹੇ ਸਨ। ਖ਼ਾਲਸੇ ਅੰਦਰ ਗ਼ੁਲਾਮੀ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਕੀਦਤ ਵਿਚ ਤਨ ਮਨ ਧਨ ਸਉਂਪ ਕੇ ਸਵੀਕਾਰਨੀ ਇਕ ਰੂਹਾਨੀਅਤ ਵਰਤਾਰਾ ਸੀ। ਇਸੇ ਉੱਤਮ ਜੀਵਨ ਰਹੱਸ ਨੂੰ ਮਾਨਣ ਵਾਲੇ ਗੁਰੂ ਕੇ ਸਿੱਖ ਖ਼ਾਲਸੇ ਗੁਰੂ ਜੀ ਦੇ ਸਚਿਆਰ ਸਿੱਖ ਸਤਿਸੰਗੀਆਂ ਦੀ ਗ਼ੁਲਾਮੀ ਆਪਣੇ ਆਪੇ ਨੂੰ ਹੋਰ ਸੰਵਾਰਨ ਲਈ ਮੰਗਦੇ ਮਿਲਦੇ ਹਨ। ਮੰਗ ਹੈ : ” ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ૴..” ॥ ਦੁਨਿਆਵੀ ਬਾਦਸ਼ਾਹਤ ਅੱਗੇ ਸਿਰ ਝੁਕਾਉਣ ਦਾ ਵਰਤਾਰਾ ਸਿੱਖ ਜ਼ਮੀਰ ਨੇ ਨੇੜੇ ਨਹੀਂ ਫਟਕਣ ਦਿੱਤਾ। 1708 ਤੋਂ ਬਾਅਦ ਅਕਾਲ ਪੁਰਖ ਕੀ ਫ਼ੌਜ ਖ਼ਾਲਸਾ ਲੰਮਾ ਸਮਾਂ ਕੂੜੀਆਂ ਬਾਦਸ਼ਾਹੀਆਂ ਦੇ ਲਾਜ਼ਮੀ ਵਰਤਾਰਿਆਂ ਨੂੰ ਰੋਕਣ ਲਈ ਸੰਘਰਸ਼ ਕਰਦਾ ਹੈ। ਖ਼ਾਲਸਈ ਰਾਜ-ਭਾਗ ਗੁਰੂ ਗਿਆਨ ਦੇ ਝਰੋਖੇ ਚੋਂ ਕਰਦਾ ਹੈ : ਹੋਆ ਹਲੇਮੀ ਰਾਜੁ ਜੀਉ॥ ਸੰਸਾਰ ਖ਼ਾਲਸੇ ਦੇ ਹਲੇਮੀ ਰਾਜ ਨੂੰ ਸਭ ਤੋਂ ਵੱਧ ਲੋਕ-ਰਾਜੀ ਲੋਕ-ਹਿਤੂ ਲੋਕ ਹੱਕੀ ਸਮਝਦਾ ਆ ਰਿਹਾ ਹੈ। ਅੱਜ ਸੰਸਾਰ ਭਰ ਅੰਦਰ ਕੌਮ ਆਜ਼ਾਦ ਹੈ। ਇਸ ਕੋਲ ਜ਼ਿੰਦਗੀ ਜੀਊਣ ਦਾ ਗੁਰੂ ਬਖਸ਼ਿਆ ਮਕਸਦ ਹੈ : ”ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” ਅਤੇ ”ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥”
ਖ਼ਾਲਸਾ ਗੁਰੂ ਬਖਸ਼ੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਨੂੰ ਕਿਸੇ ਵੀ ਹਕੂਮਤ ਦੀ ਗ਼ੁਲਾਮੀ ਕਰਨੀ ਪਰਵਾਨ ਨਹੀਂ। ਆਪਣੀ ਪਹਿਚਾਣ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ ਹਰ ਕੀਮਤ ਤਾਰਨ ਲਈ ਤਿਆਰ-ਬਰ-ਤਿਆਰ ਹੈ। ਖ਼ਾਲਸਾ ਹੋ ਕੇ ਅਮਲੀ ਜ਼ਿੰਦਗੀ ਜੀਊਣ ਦਾ ਮਾਣ ਹਾਸਲ ਕਰਨ ਵਾਲਾ ਸਵੈ-ਮਾਣ ਦੇ ਉਸ ਮੁਰਾਤਬੇ’ ਤੇ ਵੱਸਦਾ ਹੈ ਜਿੱਥੇ ਇਹ ”ਸ਼ਹਿਨਸ਼ਾਹ ਖੁਦ ਹੀ ਕੋ ਭਾਖਤ” ਸੁਭਾਵਕ ਬੋਲ ਉੱਠਦਾ ਹੈ। ਅੱਜ ਖ਼ਾਲਸੇ ਅੰਦਰ ਸਰਬੱਤ ਦੇ ਭਲੇ ਵਾਲਾ ਸੰਸਾਰ ਪੱਧਰੀ ਰਾਜ ਸਥਾਪਤ ਕਰਨ ਦਾ ਵੱਡਾ ਗੁਣ ਆਤਮਿਕ ਸੰਕਲਪ ਜੀਊਂਦਾ ਹੈ। ਇਸ ਦਾ ਜੀਊਂਦੇ ਰਹਿਣਾ ਹੀ ਖ਼ਾਲਸਾ ਹੋਣ ਦਾ ਪ੍ਰਮਾਣ ਹੈ। ਸਮੇਂ ਦੀਆਂ ਸਭ ਪ੍ਰਕਾਰ ਦੀਆਂ ਬੁਰਾਈਆਂ ਨਾਲ ਜੂਝਣ ਵਾਸਤੇ ਇਕ ਰਾਜੇ ਵਾਂਗ ਫੈਸਲੇ ਲੈਣ ਦਾ ਸਵੈ ਅਧਿਕਾਰ ਅਕਾਲ ਪੁਰਖੀ ਪਾਤਸ਼ਾਹੀ ਦੇ ਭੈ ਭਉ ਵਿਚ ਰੱਖਦਾ ਹੈ। ਇਹ ਪਾਤਸ਼ਾਹੀ ਦਾਅਵਾਗਿਰੀ ਦਾ ਸੋਮਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹ ਗੁਰੂ ਭਉ-ਭਾਵਨੀ ਰਾਹੀਂ ”ਹੁਕਮਿ ਰਜਾਈ” ਚੱਲ ਕੇ ਕਰਣੀ ਕਮਾਣੀ ਵਾਲੇ ਸੱਚੇ ਸੁੱਚੇ ਸਚਿਆਰ ਮਨੁੱਖਾਂ ਕੋਲ ਹੀ ਸੋ ਸਕਦਾ ਹੈ। ਇਸ ਦੀ ਆਚਾਰਣਿਕ ਉਸਾਰੀ ਦੀ ਬੁਨਿਆਦ ਵਿਚੋਂ ਆਵਾਜ਼ ਆਉਂਦੀ ਹੈ ”ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ॥”

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)
+91 95920-93472 panthaknagara@gmail.com

Install Punjabi Akhbar App

Install
×