ਸ਼੍ਰੋਮਣੀ ਅਕਾਲੀ ਦੱਲ ਨਿਊਜ਼ੀਲੈਂਡ ਦੀ ਮੀਟਿੰਗ ‘ਚ ਵਿਚਾਰਾਂ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਹੇਗੀ ਸਰਗਰਮ ਭੂਮਿਕਾ-ਚੇਅਰਮੈਨ ਪ੍ਰਿਤਪਾਲ ਸਿੰਘ

NZ-PIC-21-May-1ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਦੂਜੀਆਂ ਰਾਜਸੀ ਪਾਰਟੀਆਂ ਦੀਆਂ ਸਰਗਰਮੀਆਂ ਚਾਹੇ ਜਿਵੇਂ ਦੀਆਂ ਮਰਜ਼ੀ ਹੋਣ ਪਰ ਵਿਦੇਸ਼ੀ ਬੈਠੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੀ ਪਾਰਟੀ ਦੇ ਲਈ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੇ ਹਨ ਤਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਉਨ੍ਹਾਂ ਦੀ ਪਾਰਟੀ ਜਿੱਤੇ। ਇਸੇ ਸਬੰਧ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਦੇ ਚੇਅਰਮੈਨ ਸ. ਪ੍ਰਿਤਪਾਲ ਸਿੰਘ ਗਰੇਵਾਲ ਨੇ ਇਕ ਅਹਿਮ ਮੀਟਿੰਗ ਬੀਤੇ ਕੱਲ੍ਹ ਬੁਲਾਈ। ਇਸ ਮੀਟਿੰਗ ਦੇ ਵਿਚ ਜਿੱਥੇ ਅਕਾਲੀ ਵਰਕਰ ਸ਼ਾਮਿਲ ਹੋਏ ਉਥੇ ਪੰਜਾਬ ਤੋਂ ਵਾਪਿਸ ਪਰਤੇ ਨਿਊਜ਼ੀਲੈਂਡ ਵਿੰਗ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਨੇ ਵੀ ਪੰਜਾਬ ਦੀ ਮੌਜੂਦਾ ਰਿਪੋਰਟ ਪੇਸ਼ ਕੀਤੀ। ਤਾਜ਼ਾ ਘਟਨਾਵਾਂ ਅਤੇ ਦੂਜੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਦਿਆਂ ਚੇਅਰਮੈਨ ਸ. ਪ੍ਰਿਤਪਾਲ ਸਿੰਘ ਨੇ ਕਿਹਾ ਨਿਊਜ਼ੀਲੈਂਡ ਵਿੰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਸਰਗਰਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਹੋਂਦ 1920 ਤੋਂ ਹੋਈ ਹੈ, ਨੇ ਅਣਥੱਕ ਮਿਹਨਤ ਅਤੇ ਕੁਰਬਾਨੀਆਂ ਦੇ ਨਾਲ ਪੰਜਾਬੀ ਸੂਬੇ ਨੂੰ ਬਹੁਤ ਸਾਰੇ ਖੇਤਰਾਂ ਵਿਚ ਭਾਰਤ ਦਾ ਨੰਬਰ ਇਕ ਸੂਬਾ ਬਣਾਇਆ ਹੈ। ਇਸਦੇ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਉਤੇ ਆਪਣੇ ਤਜ਼ਰਬਿਆਂ ਦੇ ਨਾਲ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਮੀਟਿੰਗ ਦੇ ਵਿਚ ਸਾਰੇ ਵਰਕਰਾਂ ਨੇ ਆਪਸੀ ਵਿਚਾਰਾਂ ਦੇ ਵਿਚ ਇਸ ਗੱਲ ਉਤੇ ਪੂਰਨ ਸਹਿਮਤੀ ਪ੍ਰਗਟ ਕੀਤੀ ਕਿ ਪੰਜਾਬ ਦੇ ਵਿਕਾਸ ਵਾਸਤੇ ਜੇਕਰ ਕੋਈ ਤਜ਼ਰਬੇਕਾਰ ਪਾਰਟੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ। ਨਿਊਜ਼ੀਲੈਂਡ ਦੇ ਸਾਰੇ ਵਿੰਗ ਨੇ ਇਸ ਗੱਲ ਉਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਫਿਰ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਿਲ ਕਰੇਗਾ ਅਤੇ ਪੰਥਕ ਸਰਕਾਰ ਲਗਾਤਰ ਤੀਜੀ ਵਾਰ ਹੋਂਦ ਵਿਚ ਆਵੇਗੀ।

Install Punjabi Akhbar App

Install
×