ਅਸੀਂ ਦੇਖੀ ਹੈ ਬੜ੍ਹੀ ਸ਼ਰਾਬ ਪੀ ਕੇ

ਅੱਗ ਦਾ ਪਾਣੀ -ਅਮਰਜੀਤ ਢਿੱਲੋਂ ਦਬੜ੍ਹੀਖਾਨਾ

amarjit dhillon 180825 aagg da paaniiii
ਸ਼ਰ +ਆਬ= ਸ਼ਰਾਬ, ਸ਼ਰ ਮਾਅਨੇ ਸ਼ਰਾਰਤ , ਆਬ ਮਾਅਨੇ ਪਾਣੀ= ਸ਼ਰਾਰਤ ਦਾ ਪਾਣੀ।, ਬਕੌਲ ਸ਼ਾਇਰ ‘ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ਅਸੀਂ ਦੇਖੀ ਆਬ-ਏ-ਹਰਾਮ ਪੀ ਕੇ। ਸ਼ਰ ਆਬ ਹੈ ਪਾਣੀ ਸ਼ਰਾਰਤਾਂ ਦਾ ਰੰਗ ਬੱਝ ਜਾਂਦੈ ਦੋ ਕੁ ਜਾਮ ਪੀ ਕੇ। ਗੱਲ ਲੁਕ ਕੇ ਹੁੰਦੀ ਜੋ ਕਰਨ ਵਾਲੀ ਉਹ ਕਰੇ ਬੰਦਾ ਸ਼ਰੇਆਮ ਪੀ ਕੇ।’ ਸ਼ਰਾਬ ਦਾ ਤੇ ਸ਼ਰਮ ਦਾ ਆਪਸ ‘ਚ ਕੋਈ ਰਿਸ਼ਤਾ ਨਹੀਂ। ਸ਼ਰਾਬ ਸੰਗ ਸ਼ਰਮ ਅਤੇ ਸਤਿਕਾਰ ਖਤਮ ਕਰ ਦਿੰਦੀ ਹੈ।ਇੱਕ ਲੇਖਕ ਦਾ ਕਹਿਣਾ ਹੈ ਕਿ ‘ਸਿਆਣਾ ਬੋਤਲ ਪੀ ਕੇ ਵੀ ਚੁੱਪ ਰਹਿੰਦਾ ਹੈ, ਪਰ ਮੂਰਖ ਇੱਕ ਪੈੱਗ ਪੀ ਕੇ ਹੀ ਚੀਕਾਂ ਮਾਰਨ ਲੱਗ ਜਾਂਦਾ ਹੈ।’ ਪਰ ਅੱਜ ਇਹ ਚੁੱਪ ਰਹਿਣ ਵਾਲੀ ਗੱਲ ਕਿਸੇ ਵਿਰਲੇ ਟਾਵੇਂ ‘ਤੇ ਹੀ ਲਾਗੂ ਹੁੰਦੀ ਹੈ। ਅੱਜ ਕੱਲ੍ਹ ਤਾਂ ਸਾਰੇ ਹੀ ਪੀਣ ਸਾਰ ਚੀਕਾਂ ਮਾਰਨ ਲੱਗ ਜਾਂਦੇ ਹਨ। ਸੱਭ ਸ਼ਰਾਬੀ ਇੱਕ ਦੂਜੇ ਤੋਂ ਪਹਿਲਾਂ ਬੋਲਣ ਦੀ ਕਾਹਲੀ ‘ਚ ਹੁੰਦੇ ਹਨ। ਕਾਵਾਂ ਰੌਲੀ ਦਾ ਮਾਹੌਲ ਹੁੰਦਾ ਹੈ। ਇਸ ਨੂੰ ਦੇਖ ਕੇ ਹੀ ਕਿਸੇ ਸ਼ਾਇਰ ਨੇ ਕਿਹਾ ਹੈ ”ਜ਼ਿੰਦਗੀ ਹੈ ਮੈਅਕਦੇ ਕਾ ਸ਼ੋਰ, ਕੁਛ ਸਮਝ ਆਇਆ, ਕੁਛ ਨਹੀਂ ਆਇਆ”।

ਜਵਾਨੀ ਦੀ ਰੁੱਤ ਨੂੰ ਅੱਗ ਦੀ ਰੁੱਤ ਕਿਹਾ ਗਿਆ ਹੈ ਅਤੇ ਸ਼ਰਾਬ ਅੱਗ ਦਾ ਪਾਣੀ । ਇਸੇ ਲਈ ਸ਼ਾਇਰ ਕਹਿੰਦੇ ਹਨ ‘ ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ,ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ। ਇਕ ਰੁੱਤ ਜਵਾਨੀ ਦੀ ਅੱਗ ਵਾਲੀ ਬੰਦਾ ਅੱਗ ਹੀ ਉਗਲਦੈ ਅੱਗ ਪੀ ਕੇ। ਦੇ ਆਪਣੀ ਅਕਲ ਜਵਾਬ ਜਾਂਦੀ ਬੰਦੇ ਬਹੁਤ ਬਣਦੇ ਲਾਈਲੱਗ ਪੀ ਕੇ। ਮਾਂ ਸ਼ਰਾਬੀ ਦੀ ਵੀ ਉਦੋਂ ਸ਼ਰਮ ਮੰਨੇ ਜਦੋਂ ਸਿਟਦਾ ਹੈ ਮੂੰਹ ‘ਚੋਂ ਝੱਗ ਪੀ ਕੇ।

ਸ਼ਰਾਬ (ਅਲਕੋਹਲ) ਸਭ ਤੋਂ ਪਹਿਲਾਂ ਸਿੱਧਾ ਹਮਲਾ ਦਿਮਾਗ ‘ਤੇ ਕਰਦੀ ਹੈ। ਸ਼ਰਾਬੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਉਹ ਰਾਤ ਵਾਲੀ ਗੱਲ ਦਿਨੇ ਯਾਦ ਨਹੀਂ ਕਰ ਸਕਦਾ। ਦਿਮਾਗ ‘ਤੇ ਹਮਲਾ ਹੋਣ ਕਾਰਨ ਹੀ ਸ਼ਰਾਬ ਨਾਲ ਹਰਟਅਟੈਕ ਅਤੇ ਅਧਰੰਗ ਦੇ ਹਮਲੇ ਦਾ ਖਤਰਾ ਬਣਿਆ ਰਹਿੰਦਾ ਹੈ। ਬਕੌਲ ਸ਼ਾਇਰ ਦੀਪਕ ਜੈਤੋਈ- ‘ਹਰਟ ਫੇਲ ਹੋ ਜਾਣ ਸ਼ਰਾਬੀਆਂ ਦੇ ਜਾਂ ਫਿਰ ਹੁੰਦਾ ਹੈ ਆਮ ਅਧਰੰਗ ਪੀ ਕੇ, ਕੀਤੀ ਸਿਫਤ ਸ਼ਰਾਬ ਦੀ ਸ਼ਾਇਰਾਂ ਨੇ ਐਵੇਂ ਕਰ ਗਏ ਕਿਤੇ ਮਲੰਗ ਪੀ ਕੇ।’ ਜੇ ਸ਼ਾਇਰ ਸ਼ਰਾਬ ਦੀ ਸਿਫਤ ਕਰਦੇ ਵੀ ਹਨ ਤਾਂ ਸ਼ਾਇਰ ਹੀ ਇਸ ਦੇ ਨੁਕਸਾਨ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਵੀ ਹੁੰਦੇ ਹਨ। ਇਸੇ ਲਈ ਉਹ ਕਹਿੰਦੇ ਹਨ -‘ਲਾਲ ਕਾਲੀਆਂ ਦਾਰੂ ਦੀਆਂ ਬੋਤਲਾਂ ਵਿੱਚ ਸਾਡੀ ਰੁੱਤ ਜਵਾਨੀ ਦੀ ਬੰਦ ਹਾਏ! ਹਰ ਪੀਣ ਵਾਲਾ ਡਰ ਕੇ ਸੋਚਦਾ ਹੈ, ਪੀਣ ਲੱਗੇ ਨਾ ਮੇਰਾ ਫਰਜ਼ੰਦ ਹਾਏ!’ ਹਰ ਸ਼ਰਾਬੀ ਹਰ ਵਕਤ ਡਰਦਾ ਰਹਿੰਦਾ ਹੈ ਕਿ ਕਿਤੇ ਉਸ ਦਾ ਪੁੱਤਰ ਸ਼ਰਾਬ ਪੀਣ ਨਾ ਲੱਗ ਜਾਵੇ। ਉਹ ਖੁਦ ਤਾਂ ਇਸ ਬਿਮਾਰੀ ‘ਚ ਘਿਰ ਚੁੱਕਿਆ ਹੁੰਦਾ ਹੈ ਪਰ ਚਾਹੁੰਦਾ ਹੈ ਕਿ ਘੱਟੋ ਘੱਟ ਉਸਦੀ ਔਲਾਦ ਤਾਂ ਬਚੀ ਰਹੇ। ਬਹੁਤੇ ਸ਼ਰਾਬੀ, ਸ਼ਰਾਬ ਨੂੰ ਨਫਰਤ ਕਰਦੇ ਹਨ, ਪਰ ਪੀਣ ਦੇ ਆਦੀ ਹੋਣ ਕਾਰਨ ਮਜ਼ਬੂਰੀ ਵੱਸ ਪੀਂਦੇ ਵੀ ਹਨ। ਉਹਨਾਂ ਦੀ ਇੱਛਾ ਸ਼ਕਤੀ (ਵਿੱਲ ਪਾਵਰ) ਨੂੰ ਸ਼ਰਾਬ ਬਹੁਤ ਕਮਜੋਰ ਕਰ ਦਿੰਦੀ ਹੈ। ਉਹ ਨਿੱਕੀ ਨਿੱਕੀ ਗੱਲ ਤੋਂ ਡਰਨ ਲਗਦੇ ਹਨ ਅਤੇ ਕੋਈ ਵੱਡਾ ਫੈਸਲਾ ਨਹੀਂ ਲੈ ਸਕਦੇ। ਬਹੁਤੇ ਲੋਕਾਂ ਦੀ ਸੁਸਾਇਟੀ ਇਸ ਕਿਸਮ ਦੀ ਬਣ ਚੁੱਕੀ ਹੁੰਦੀ ਹੈ ਕਿ ਬਹੁਤ ਮਿੱਤਰ ਸਿਰਫ ਸ਼ਰਾਬ ਪੀਣ ਖਾਤਰ ਹੀ ਇਕੱਠੇ ਹੁੰਦੇ ਹਨ। ਪਹਾੜਾਂ ਦੇ ਬਹੁਤੇ ਟੂਰ ਸਿਰਫ ਸ਼ਰਾਬ ਪੀਣ ਖਾਤਰ ਹੀ ਕੀਤੇ ਜਾਂਦੇ ਹਨ।ਜਦ ਸ਼ਰਾਬੀ ਹਜ਼ਾਰਾਂ ਰੁਪਏ ਖਰਚ ਕੇ ਵਾਪਸ ਮੁੜਦੇ ਹਨ ਤਾਂ ਉਹਨਾਂ ਕੋਲ, ਇਸ ਟੂਰ ਬਾਰੇ ਦੱਸਣ ਲਈ ਕੁਝ ਨਹੀਂ ਹੁੰਦਾ। ਇਹਨਾਂ ਟੂਰਾਂ ‘ਤੇ ਜਾਣ ਵਾਲੇ ਕਈ ਲੇਖਕ ਸਫਰਨਾਮਾ ਲਿਖਣ ਦੀ ਗੱਲ ਕਰਦੇ ਹਨ ਪਰ ਸ਼ਰਾਬ ਕਾਰਨ ਉਹਨਾਂ ਦੀ ਕਲਮ ਖਾਲੀ ਹੀ ਪਰਤਦੀ ਹੈ। ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ‘ਚ ਕੁਝ ਕਵਿਤਾਵਾਂ-ਕਹਾਣੀਆਂ ਸੁਨਣ ਸੁਨਾਉਣ ਤੋਂ ਬਾਦ ਅਖੀਰ ਸ਼ਰਾਬ ਦੀ ਮਹਿਫਿਲ ਸ਼ੁਰੂ ਹੁੰਦੀ ਹੈ ਅਤੇ ਅਸ਼ਲੀਲ ਲਤੀਫਿਆਂ ‘ਤੇ ਖਤਮ ਹੋ ਜਾਂਦੀ ਹੈ।

ਇਹ ਸ਼ਰਾਬ ਅਨੇਕਾਂ ਲੇਖਕਾਂ ਨੂੰ ਸਬੂਤੇ ਨਿਗਲ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਸਮੇਂ ਦੀ ਬਰਬਾਦੀ ਹੈ। ਘਰੇਲੂ ਕਲੇਸ਼ ਆਮ ਤੌਰ ‘ਤੇ ਸ਼ਰਾਬ ਕਾਰਨ ਹੀ ਹੁੰਦੇ ਹਨ। ਬਿਨਾਂ ਵਜ੍ਹਾ ਹੀ ਲੜਾਈਆਂ ਅਤੇ ਕਤਲ ਤੱਕ ਸ਼ਰਾਬ ਕਰਵਾ ਦਿੰਦੀ ਹੈ। ਸ਼ਰਾਬ ਛੱਡਣੀ ਕੋਈ ਬਹੁਤੀ ਮੁਸ਼ਕਿਲ ਨਹੀਂ, ਬੱਸ ਸ਼ਰਾਬ ਵਾਲੀ ਸੁਸਾਇਟੀ ਛੱਡਣੀ ਹੀ ਮੁਸ਼ਕਿਲ ਹੈ।, ਵੈਸੇ ਵਧੀਆ ਗੱਲ ਇਹ ਹੈ ਕਿ ਸ਼ਰਾਬ ਦੀ ਸ਼ੁਰੂਆਤ ਹੀ ਨਾ ਕੀਤੀ ਜਾਵੇ , ਨਹੀਂ ਤਾਂ ਬਕੌਲ ਗਾਲਿਬ ‘ਛੁਟਤੀ ਨਹੀਂ ਯੇਹ ਕਾਫਿਰ ਮੂੰਹ ਪੇ ਲਗੀ ਹੂਈ।’ ਫਿਰ ਸ਼ਰਾਬੀ ਉਪਦੇਸ਼ਕਾਂ ਨੂੰ ਇੱਥੋਂ ਤੱਕ ਕਹਿ ਦਿੰਦਾ ਹੈ ‘ ”ਮਜ਼ਾ ਸ਼ਰਾਬ ਕਾ ਤੁਝੇ ਕਿਆ ਕਹੂੰ ਵਾਇਜ਼ (ਉਪਦੇਸ਼ਕ) ਹਾਏ! ਕੰਬਖਤ ਤੂਨੇ ਪੀ ਹੀ ਨਹੀਂ'( ਗਾਲਿਬ)। ਭਾਰਤ ਵਿਚ ਅੱਜ ਕੱਲ੍ਹ ਤਾਂ ਸ਼ਰਾਬਾਂ ਵੈਸੇ ਵੀ ਬਹੁਤ ਹੀ ਮਾੜੀਆਂ ਹਨ,ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਨਕਲੀ ਸ਼ਰਾਬ ਸ਼ਰੇਆਮ ਸਰਕਾਰੀ ਸ਼ਰਾਬ ਦੇ ਠੇਕਿਆਂ ‘ਤੇ ਵੇਚੀ ਜਾ ਰਹੀ ਹੈ। ਇਸ ਲਈ ਸ਼ਾਇਰ ਨੇ ਕਿਹਾ ਹੈ ਕਿ ‘ ਹੁਣ ਨਾ ਉਹ ਸ਼ਰਾਬਾਂ ਹਨ ਅਤੇ ਨਾ ਹੀ ਉਹ ਸ਼ਰਾਬੀ ਨੇ, ਲੋਕ ਖੂਨ ਪੀਂਦੇ ਨੇ ਹੁਣ ਸ਼ਰਾਬਖਾਨੇ ਵਿੱਚ।’ ਲੇਖਕ ਦੇ ਨਿੱਜੀ ਤਜੱਰਬੇ ‘ਚੋਂ ਇਹ ਗੱਲ ਕਹੀ ਜਾ ਸਕਦੀ ਹੈ -ਕਿ ”’ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀਂ ਹੈ ਕਈ ਡਰੰਮ ਪੀ ਕੇ। ਰੂੜੀ ਮਾਰਕਾ, ਸੰਤਰਾ, ਸੌਂਫੀਆ ਵੀ, ਦੇਖੀ ਵਿਸਕੀ, ਸਕਾਚ ਤੇ ਰੰਮ ਪੀ ਕੇ।, ਭਾਵੇਂ ਹੁੰਦੈ ਸ਼ਰਾਬੀ ਅਸਮਾਨ ਚੜ੍ਹਿਆ, ਡਿੱਗੂ ਨਾਲੀ ਦੇ ਵਿਚ ਘੜੰਮ ਪੀ ਕੇ,। ਨਾਲੇ ਪੈਸਿਆ ਦੀ ਮਿੱਟੀ ਬਣੇ ਢਿੱਲੋਂ, ਨਾਲੇ ਕਰੇ ਬੰਦਾ ਪੁੱਠੇ ਕੰਮ ਪੀ ਕੇ। ‘

ਅਮਰਜੀਤ ਢਿੱਲੋਂ

+91 94171 20427

Welcome to Punjabi Akhbar

Install Punjabi Akhbar
×
Enable Notifications    OK No thanks