ਸੰਗਰੂਰ ਸ਼ਹਿਰ ਦੀਆਂ ਦੋ ਪੰਜਾਬਣਾਂ ਨੇ ਰਾਜਨੀਤੀ ਵਿੱਚ ਚਮਕਾਇਆ ਨਾਮ -ਐਡੀਲੇਡ ਦੇ ਦੋ ਖੇਤਰਾਂ ਵਿੱਚੋਂ ਜੇਤੂ

ਬੀਬਾ ਸ਼ਮਿੰਦਰ ਕੌਰ ਤੂਰ ਅਤੇ ਬੀਬਾ ਸਿਮਰਜੀਤ ਕੌਰ ਤੂਰ ਜੋ ਕਿ ਐਡੀਲੇਡ (ਸਾਊਥ ਆਸਟ੍ਰੇਲੀਆ) ਵਿਚ ਹੋਈਆਂ ਹਾਲ ਦੀਆਂ ਚੋਣਾਂ ਵਿੱਚੋਂ ਕ੍ਰਮਵਾਰ ਟੋਰੈਂਸ ਖੇਤਰ ਅਤੇ ਇਨਫੀਲਡ ਵਿੱਚੋਂ ਜਨਤਾ ਦੇ ਹੁੰਗਾਰੇ ਅਤੇ ਹੱਲਾਸ਼ੇਰੀ ਸਦਕਾ ਜਿੱਤ ਕੇ ਆਈਆਂ ਹਨ, ਨੇ ਜਿੱਥੇ ਆਸਟ੍ਰੇਲੀਆ ਵਿੱਚ ਪੰਜਾਬੀਆਂ ਦਾ ਮਾਣ ਤਾਂ ਵਧਾਇਆ ਹੀ ਹੈ ਉਥੇ ਹੀ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਵੀ ਇਨ੍ਹਾਂ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਦੇਸ਼ ਵਿਦੇਸ਼ ਤੋਂ ਲੋਕ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨੂੰ ਜਿੱਤ ਦੀ ਵਧਾਈ ਦੇ ਸੰਦੇਸ਼ ਭੇਜ ਰਹੇ ਹਨ।
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਂਸ਼ਨ ਵੀ ਹੋ ਰਹੀ ਹੈ ਅਤੇ 22 ਅਕਤੂਬਰ ਨੂੰ ਬੀਬਾ ਸਿਮਰਜੀਤ ਕੌਰ ਤੂਰ ਅਤੇ ਸ਼ਮਿੰਦਰ ਕੌਰ ਤੂਰ ਇਸ ਕਨਵੈਂਸ਼ਨ ਵਿੱਚ ਅਤੇ ਆਪਣੇ ਆਪਣੇ ਖੇਤਰਾਂ ਦੀ ਨੂੰਮਾਂਇੰਦਗੀ ਕਰਨਗੀਆਂ।
ਇਸ ਜਿੱਤ ਉਪਰ ਮਾਣਯੋਗ ਸ੍ਰੀ ਰਸਲ ਵਾਟਲੇ (ਮੈਂਬਰ ਲੈਜਿਸਲੇਟਿਵ ਕੌਂਸਲ) ਨੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਨਾਲ ਹੀ ਪੰਜਾਬ ਦੇ ਚੰਡੀਗੜ੍ਹ ਨਾਲ ਸਬੰਧਤ ਇੱਕ ਹੋਰ ਮਾਣਮੱਤੀ ਸ਼ਖ਼ਸੀਅਤ ਅਤੇ ਉਘੇ ਰਾਜਨੀਤਿਕ ਅਤੇ ਸਮਾਜ ਸੇਵੀ ਸ੍ਰੀਮਤੀ ਮੋਨਿਕਾ ਕੁਮਾਰ ਨੇ ਵੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਬਾ ਸਿਮਰਜੀਤ ਕੌਰ ਤੂਰ ਅਤੇ ਸ਼ਮਿੰਦਰ ਕੌਰ ਤੂਰ ਦੋਵੇਂ ਹੀ ਬਹੁਤ ਸਨਮਾਨਿਤ ਸ਼ਖ਼ਸੀਅਤਾਂ ਹਨ ਅਤੇ ਉਹ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦੇ ਹਨ।