ਪੰਜਾਬੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਕਰਤੂਤ: ਬਰਮਿੰਘਮ ਪੁਲਿਸ ਨੇ ਜਾਰੀ ਕੀਤੀ ਸਿੱਖ ਬੱਚਿਆਂ ਦੀ ਭਲਾਈ ਸੰਸਥਾ ਦੇ ਨਾਂ ‘ਤੇ ਪੌਂਡ ਠੱਗਣ ਵਾਲੇ ਦੀ ਤਸਵੀਰ

ਵਿਦੇਸ਼ਾਂ ਵਿੱਚ ਪੰਜਾਬੀਅਤ ਦੀਆਂ ਜੜ੍ਹਾਂ ਲਗਾਉਣ ਲਈ ਵਰ੍ਹੇਬੱਧੀ ਸਮਾਂ ਲੱਗ ਗਿਆ। ਪਰ ਇਹਨਾਂ ਜੜ੍ਹਾਂ ਚ ਤੇਲ ਦੇਣ ਵਾਲੇ ਲੋਕ ਸਾਰੀ ਕੀਤੀ ਕਰਾਈ ਮਿਹਨਤ ਨੂੰ ਇੱਕ ਪਲ ਵਿੱਚ ਮਿੱਟੀ ਚ ਮਿਲਾ ਦਿੰਦੇ ਹਨ। ਅਜਿਹੀ ਹੀ ਕਰਤੂਤ ਦਾ ਭਾਗੀਦਾਰ ਬਣਿਆ ਹੈ ਪੰਜਾਬੀ ਮੂਲ ਦਾ ਪਗੜੀਧਾਰੀ ਇਨਸਾਨ, ਜਿਸਨੂੰ ਅੱਜ ਬਰਤਾਨੀਆ ਭਰ ਦੀਆਂ ਪ੍ਰਮੁੱਖ ਅੰਗਰੇਜ਼ੀ ਅਖ਼ਬਾਰਾਂ ਵਿੱਚ ਵੀ ”ਧਾਰਮਿਕ ਠੱਗ” ਦਾ ਵਿਸ਼ੇਸ਼ਣ ਹਾਸਿਲ ਹੋਇਆ ਹੈ। ਜੀ ਹਾਂ, ਉਕਤ ਠੱਗੀਆਂ ਮਾਰਨ ਵਾਲਾ ਸ਼ਖ਼ਸ ਆਪਣੇ ਆਪ ਨੂੰ ਸਿੱਖ ਬੱਚਿਆਂ ਦੀ ਭਲਾਈ ਵਾਲੀ ਸੰਸਥਾ ਦਾ ਸੇਵਾਦਾਰ ਅਤੇ ਪ੍ਰਚਾਰਕ ਦੱਸ ਕੇ ਲੋਕਾਂ ਤੋਂ ਪੌਂਡ ਮੰਗਦਾ ਸੀ। ਬਰਮਿੰਘਮ ਪੁਲਿਸ ਵੱਲੋਂ ਇੱਕ 45 ਸਾਲਾ ਔਰਤ ਵੱਲੋਂ ਲਗਾਏ ਦੋਸ਼ਾਂ ਤੋਂ ਬਾਦ ਇਸ ਪਗੜੀਧਾਰੀ ਪੰਜਾਬੀ ਦੀ ਤਸਵੀਰ ਜਨਤਕ ਕੀਤੀ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਬਰਮਿੰਘਮ ਪੁਲਿਸ ਕੋਲ ਦਰਜ਼ ਹੋਈ ਸ਼ਿਕਾਇਤ ਅਨੁਸਾਰ ਹਾਲ ਗਰੀਨ ਦੇ ਸਟੌਨਰ ਰੋਡ ਸਥਿਤ ਇੱਕ ਘਰ ਚ ਦਸਤਕ ਦੇ ਕੇ ਆਪਣੇ ਆਪ ਨੂੰ ਧਰਮ ਪ੍ਰਚਾਰਕ ਅਤੇ ਸਿੱਖ ਬੱਚਿਆਂ ਦੀ ਭਲਾਈ ਸੰਸਥਾ ਲਈ ਸਹਾਇਤਾ ਰਾਸ਼ੀ ਮੰਗੀ। ਪਰਿਵਾਰ ਦੀ 45 ਸਾਲਾ ਔਰਤ ਨੇ ਉਸਨੂੰ 120 ਪੌਂਡ ਦੇ ਦਿੱਤੇ। ਇਸ ਉਪਰੰਤ ਉਹ 5 ਦਿਨ ਬਾਦ ਫਿਰ ਆਇਆ ਤੇ ਉਸਨੇ ਪੌਂਡ ਅਤੇ ਗਹਿਣੇ ਨਾ ਦੇਣ ਦੀ ਸੂਰਤ ਵਿੱਚ ਉਸ ਔਰਤ ਦੀਆਂ ਦੋ ਬੇਟੀਆਂ ਦਾ ਕਤਲ ਕਰ ਦੇਣ ਦੀ ਧਮਕੀ ਦਿੱਤੀ। ਡਰੀ ਹੋਈ ਔਰਤ ਨੇ ਇੱਕ ਹਜਾਰ ਪੌਂਡ ਨਕਦ ਅਤੇ ਘਰ ਦੇ ਗਹਿਣੇ ਵੀ ਉਸ ਦੇ ਸਪੁਰਦ ਕਰ ਦਿੱਤੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ ਗਰਮੀ ਦੇ ਦਿਨੀਂ ਬਹੁਤ ਸਾਰੇ ਇਸੇ ਤਰ੍ਹਾਂ ਦੇ ਠੱਗ ਪੰਜਾਬ ਤੋਂ ਇੰਗਲੈਂਡ ਦੇ ਪੰਜਾਬੀ ਵਸੋਂ ਵਾਲੇ ਇਲਾਕਿਆਂ ਚ ਮੰਗਦੇ ਵੇਖੇ ਜਾ ਸਕਦੇ ਹਨ। ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਹੰਸਲੋ ਇਲਾਕੇ ਵਿੱਚ ਵੀ ਵਾਪਰੀ ਜਦੋਂ ਇੱਕ ਗੋਰੀ ਨੇ ਵਾਰ ਵਾਰ ਤੰਗ ਕਰਨਤੇ ਇੱਕ ਪਗੜੀਧਾਰੀ ਪੰਜਾਬੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਤੇ ਉਸ ਸੰਬੰਧੀ ਪ੍ਰਕਾਸ਼ਿਤ ਹੋਈ ਖ਼ਬਰ ਹੰਸਲੋ ਦੇ ਇੱਕ ਗੁਰੂਘਰ ਦੇ ਨੋਟਿਸ ਬੋਰਡ ਤੇ ਵੀ ਲੱਗੀ ਰਹੀ ਸੀ ਤਾਂ ਜੋ ਅਜਿਹੇ ਠੱਗਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।

Install Punjabi Akhbar App

Install
×