ਅੱਜ ਇਥੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ 409ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਹਫਤਾਵਾਰੀ ਸਜੇ ਦੀਵਾਨ ਦੇ ਵਿਚ ਪਹਿਲਾਂ ਅਖੰਠ ਕੀਰਤਨੀ ਜੱਥੇ ਨੇ ਸ਼ਬਦ ਕੀਰਤਨ ਕੀਤਾ ਉਪਰੰਤ ਭਾਈ ਹਰਜੀਤਪਾਲ ਸਿੰਘ, ਭਾਈ ਬਿਕਰਮਜੀਤ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜੱਥੇ ਨੇ ਬਹੁਤ ਹੀ ਵੈਰਾਗ ਮਈ ਰਸਨਾ ਦੇ ਨਾਲ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਦੇ ਇਸ ਸਮਾਗਮ ਦੇ ਵਿਚ ਗੁਰਦੁਆਰਾ ਸਾਹਿਬ ਦੀ ਸਾਲਾਨਾ ਸਾਲਗਿਰ੍ਹਾ ਉਤੇ ਲਗਾਤਾਰ 11 ਸਾਲ ਤੋਂ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਮਾਨ ਪਰਿਵਾਰ ਨੂੰ ਸੁੰਦਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਸੰਖੇਪ ਸੰਬੋਧਨ ਦੇ ਵਿਚ ਸੁਸਾਇਟੀ ਦੀ ਸੰਤੋਖਜਨਕ ਮਾਲੀ ਹਾਲਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਥੇ ਦੇ ਇਕ ਨਿੱਜੀ ਰੇਡੀਓ ਵੱਲੋਂ ਗੁਰਦੁਆਰਾ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਜਾਣ ਵਾਲੀਆਂ ਸੰਗਤਾਂ ਨੂੰ ਭੇਡਾਂ ਦੱਸਣ ਵਾਲਿਆਂ ਨਾਲ ਸਿੱਜਣ ਲਈ ਸੁਸਾਇਟੀ ਨੇ ਨਿਸ਼ਚਾ ਕਰ ਲਿਆ ਅਤੇ ਜਲਦੀ ਹੀ ਇਸ ਉਤੇ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ। 31 ਮਈ ਤੱਕ ਸੁਸਾਇਟੀ ਦੀ ਵਿੱਤੀ ਰਿਪੋਰਟ ਵੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਨੇਪਾਲ ਭੁਚਾਲ ਪੀੜ੍ਹਤਾਂ ਦੀ ਸਹਾਇਤਾ ਅਤੇ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੇ ਮੌਤ ਬਾਅਦ ਪਰਿਵਾਰ ਦੇ ਲਈ ਕੀਤੀ ਇਕੱਤਰ ਸਹਾਇਤਾ ਰਾਸ਼ੀ ਲਈ ਵੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਅੰਮ੍ਰਿਤ ਸੰਚਾਰ 30 ਮਈ ਨੂੰ: ਅਗਲੇ ਸਨਿਚਰਵਾਰ 30 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀ ਆਪਣੇ ਨਾਂਅ ਪ੍ਰਬੰਧਕਾਂ ਨੂੰ ਲਿਖਵਾਉਣ ਦੀ ਕ੍ਰਿਪਾਲਤਾ ਕਰਨ। ਐਤਵਾਰ ਸ਼ਾਮ ਨੂੰ ਇਥੇ ਹੀ ਰੈਣ ਸਬਾਈ ਸ਼ਬਦ ਕੀਰਤਨ ਹੋਵੇਗਾ।