ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ

(ਸ਼ਹੀਦੀ ਦਿਵਸ ‘ਤੇ ਵਿਸ਼ੇਸ਼)

ਭਾਰਤ ਦੀ ਅਜਾਦੀ ਦੀ ਲਹਿਰ ਜੋਰ ਫੜਦੀ ‘ਜਾ ਰਹੀ ਸੀ। ਇਸ ਲਹਿਰ ਨੂੰ  ਜੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ‘ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਅਜਾਦੀ ਨਾਲ ਸਬੰਧਤ ਹੋਵੇ ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ ‘ਚ  ਹੋਇਆ। ਇਹ ਸ਼ਾਂਤ-ਮਈ ਚੱਲ ਰਹੇ ਸਮਾਗਮ ਨੇ ਕਦੋਂ ਖੂਨੀ ਸਾਕੇ ‘ਚ ਬਦਲ ਗਿਆ, ਪਤਾ ‘ਹੀ ਲੱਗਾ। ਇਸ ਖੂਨੀ ਸਾਕੇ ਨੂੰ ਇਕ ‘ਵੀਹਾਂ ਸਾਲਾ ਦੇ ਨੌਜਵਾਨ ਨੇ ਅੱਖੀਂ ਵੇਖਿਆ ‘ਤੇ ਉਸ ਦਾ ਮਨ ਧੁਰ ਅੰਦਰ ਤੱਕ ਵਲੂੰਧਰਿਆ ਗਿਆ। ਇਹ ਓਹੀ ਸਮਾਂ ਸੀ, ਜਦੋ ਇਕ ‘ਵੀਹਾਂ ਸਾਲਾ’ ਦੇ ਨੌਜਵਾਨ ਨੇ ‘ਇੱਕੀ ਸਾਲਾ’ ਤੱਕ ਜਲ੍ਹਿਆਂਵਾਲੇ ਬਾਗ ‘ਚ ਵਾਪਰੇ ਸਾਕੇ ਦੀ ਤਸਵੀਰ ਨੂੰ ਇੰਨੇ ਲੰਮੇਂ ਸਮੇਂ ਤੱਕ ਆਪਣੇ ਜਹਿਨ ‘ਚ ਤਾਜਾ ਰੱਖਿਆਂ ਤੇ ਨਾਲ ਹੀ ਇਸ ਨੌਜੁਆਨ ਲਈ ‘ਇੱਕੀ ਸਾਲਾ’ ਤੱਕ ਬਦਲੇ ਦੀ ਅੱਗ ਨੂੰ ਆਪਣੇ ਸੀਨੇ ‘ਚ ਬਾਲੀ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ। ਇਹ ਨੌਜਵਾਨ ਸੀ, ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦ ਊਧਮ ਸਿੰਘ  ਜਿਨ੍ਹਾਂ ਮਾਤਾ ਹਰਨਾਮ ਕੌਰ ਦੀ ਕੁੱਖੋਂ 26 ਦਸੰਬਰ 1899 ਈ: ਨੂੰ ਸਰਦਾਰ ਟਹਿਲ ਸਿੰਘ ਜੰਮੂ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿਚ ਜਨਮ ਲਿਆ ਤੇ ਉਨ੍ਹਾਂ  ਦਾ ਬਚਪਨ ਦਾ ਨਾਮ ਸ਼ੇਰ ਸਿੰਘ ਹੁੰਦਾ ਸੀ ਜੋ ਬਾਅਦ ਵਿਚ ਊਧਮ ਸਿੰਘ ਹੋਇਆ ਤੇ ਸਮੇਂ ਦੇ ਬੀਤਣ ਨਾਲ ਊਧਮ ਸਿੰਘ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਇਸਲਾਮ ਤੇ ਸਿੱਖ ਧਰਮ ਦੇ ਏਕੀਕਰਨ ਦੇ ਪ੍ਰਤੀਕ ਵਜੋਂ ‘ਰਾਮ-ਮੁਹੰਮਦ-ਸਿੰਘ-ਆਜ਼ਾਦ’ ਵੀ ਕਹਿਲਾਇਆ ਅਤੇ ਜਿਵੇਂ ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ, ਉਸੇ ਤਰਾਂ ਉਨ੍ਹਾਂ ਦੇ ਭਰਾ ਦਾ ਬਚਪਨ ਦਾ ਨਾਮ ਮੁਕਤ ਸਿੰਘ ਸੀ ਜੋ ਬਾਦ ਵਿਚ ਸਾਧੂ ਸਿੰਘ ਦੇ ਨਾਮ ਨਾਲ ਜਾਣੇ ਗਏ। ਊਧਮ ਸਿੰਘ ਦਾ ਪਰਿਵਾਰ ਗੋਤ ਜੰਮੂ  ਤੇ ਕੰਬੋਜ ਸਿੱਖ ਬਰਾਦਰੀ ਨਾਲ ਸਬੰਧਿਤ ਸੀ । ਊਧਮ ਸਿੰਘ ਦੇ ਮਾਤਾ ਜੀ ਉਨ੍ਹਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ਤੇ ਛੱਡ ਸੰਨ 1901 ‘ਚ ਸਵਰਗ ਸਿਧਾਰ ਗਏ ਸਨ ਤੇ ਪਿਤਾ ਜੀ ‘ਜੋ ਪਿੰਡ ਉੱਪਲੀ ਵਿੱਚ ਰੇਲਵੇ ਕਰਾਸਿੰਗ ਉੱਤੇ ਚੌਕੀਦਾਰ ਸਨ, ਉਹ ਸੰਨ 1907 ‘ਚ ਸਵਰਗ ਸਿਧਾਰ ਗਏ। ਊਧਮ ਸਿੰਘ ਦੇ ਮਾਤਾ-ਪਿਤਾ ਦੇ  ਸਵਰਗ ਸਿਧਾਰਨ ਮਗਰੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ‘ਜੋ  ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ, ਉਸਨੇ ਊਧਮ ਸਿੰਘ ਤੇ ਉਨ੍ਹਾਂ ਦੇ ਭਰਾ ਸਾਧੂ ਸਿੰਘ ਨੂੰ ਪੁਤਲੀ ਘਰ ਅੰਮ੍ਰਿਤਸਰ ਵਿਖੇ ਸਤਿਥ ‘ਕੇਂਦਰੀ ਖਾਲਸਾ ਯਤੀਮ ਘਰ’ ਵਿਖੇ ਪੜ੍ਹਨੇ ਪਾਇਆ ਇਥੇ ਊਧਮ ਸਿੰਘ ਨੇ ਸੰਨ 1917 ‘ਚ ਦਸਵੀਂ ਜਮਾਤ ਪਾਸ ਕਰ ਲਈ ਸੀ। ਇਸੇ ਦੌਰਾਨ ਊਧਮ ਸਿੰਘ ਨੇ ਭਾਰਤ ਦੀ ਅਜਾਦੀ ਨਾਲ ਸਬੰਧਤ ਸਮਾਗਮਾ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਇਕ ਘਟਣਾ ਦਾ ਊਧਮ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ ਉਹ ਸੀ, 13 ਅਪ੍ਰੈਲ 1919 ਈ: ‘ਚ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੀ, ਇਸ ਘਟਣਾ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਆਪਣੇ ਹੱਥਾਂ ਵਿੱਚ ਲੈ ਕੇ ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਓਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ। ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਨ੍ਹਾਂ ਇਸ ਸਾਕੇ ਦਾ ਦਰਦ ਆਪਣੇ ਸੀਨੇ ‘ਚ ਜਿਉਂਦਾ ਰੱਖਿਆ,ਹੋਇਆ ਇਉ ਕਿ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ ‘ਚ ਚੱਲ ਰਹੇ ਸਮਾਗਮ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਣ ਲਈ ਪਹੁੰਚੇ ਸਨ। ਅੰਗਰੇਜ ਸੈਨਿਕਾਂ ਨੇ ਜਲ੍ਹਿਆਂਵਾਲਾ ਬਾਗ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਬਿਨਾਂ ਕਿਸੇ ਚਿਤਾਵਨੀ ਦਿੱਤੇ, ਹਜ਼ਾਰਾਂ ਨਿਹੱਥੇ ਲੋਕਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ  ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਿਕਲ ਨਾ ਸਕੇ, ਬਹੁਤ ਸਾਰੇ ਲੋਕਾ ਨੇ ਆਪਣੀ ਜਾਨ ਬਚਾਉਣ ਲਈ ਬਾਗ਼ ਵਿਚ ਬਣੇ ਖੂਹ ਵਿਚ ਛਾਲਾ ਮਾਰ ਦਿੱਤੀਆਂ ਸਨ। ਅੱਜ ਵੀ ਇਹ ਸ਼ਹੀਦੀ ਖੂਹ ਜਲ੍ਹਿਆਂਵਾਲਾ ਬਾਗ ਵਿਚ ਮੌਜੂਦ ਹੈ। ਜਨਰਲ ਡਾਇਰ ਦੇ ਹੁਕਮ ‘ਤੇ ਅੰਗਰੇਜ ਫੌਜ ਨੇ ਲਗਾਤਾਰ ਦਸ ਮਿੰਟ ਫਾਇਰਿੰਗ ਕੀਤੀ। ਇਸ ਘਟਨਾ ਵਿਚ ਤਕਰੀਬਨ 1,650 ਰੌਂਦ ਫਾਇਰ ਕੀਤੇ ਗਏ ਸਨ। ਅੰਗਰੇਜ ਸਰਕਾਰ ਦੇ ਮੁਤਾਬਿਕ, ਇਸ ਗੋਲੀਬਾਰੀ ਵਿੱਚ ਤਕਰੀਬਨ 379 ਲੋਕ ਮਾਰੇ ਗਏ ਸਨ ਅਤੇ 1,200 ਲੋਕ ਜ਼ਖਮੀ ਹੋਏ ਸਨ ਪ੍ਰੰਤੂ ਸੱਚਾਈ ਕੁਝ ਹੋਰ ਸੀ। ਉਸ ਦਿਨ ਲੱਗ-ਭੱਗ 1000 ਤੋਂ ਵੱਧ ਲੋਕ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚੋਂ ਤਕਰੀਬਨ 120 ਦੀਆਂ ਲਾਸ਼ਾਂ ਮਿਲੀਆਂ ਸਨ ਅਤੇ 1200 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਹ ਸਭ ਊਧਮ ਸਿੰਘ ਨੇ ਆਪਣੀ ਅੱਖੀ ਵੇਖਿਆ ਤੇ ਬਦਲਾ ਲੈਣ ਲਈ ਕ੍ਰਾਂਤੀਕਾਰੀ, ਦੇਸ਼ ਭਗਤਾ ਨਾਲ ਆਪਣੇ ਚੰਗੇ ਸੰਬੰਧ ਸਥਾਪਤ ਕਰ ਲਏ ਸਨ। ਉਨ੍ਹਾਂ ਗ਼ਦਰ ਪਾਰਟੀ ‘ਚ ਸਰਗਰਮ ਕ੍ਰਾਂਤੀਕਾਰੀ ਮੈਂਬਰ ਵਜੋਂ ਅਮਰੀਕਾ, ਨਿਊਯਾਰਕ ਆਦਿ ਦੇਸ਼ਾ ਦੀਆ ਯਾਤਰਾਵਾਂ ਕੀਤੀਆਂ। ਇਨਕਲਾਬੀ ਲੋਕਾ ਨੂੰ ਇਕੱਠਾ ਕਰ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਗਈ , ਜਿਸ ਦਾ ਨਾਮ ਆਜ਼ਾਦ ਪਾਰਟੀ ਰੱਖਿਆ ਗਿਆ। ਕ੍ਰਾਂਤੀਕਾਰੀ, ਦੇਸ਼ ਭਗਤਾ ਨੂੰ ਵਿਦੇਸ਼ਾ ਵਿਚ ਭਾਰਤ ਦੀ ਅਜ਼ਾਦੀ ਲਈ ਲਾਮਬੰਦ ਕਰਨ ਲਈ ਊਧਮ ਸਿੰਘ ਨੇ ਅਮਰੀਕਾ, ਕੈਨੇਡਾ, ਜਰਮਨੀ, ਸਵੀਡਨ , ਨਾਰਵੇ, ਫਰਾਂਸ, ਇੰਗਲੈਂਡ, ਇਟਲੀ, ਹੰਗਰੀ, ਹਾਲੈਂਡ ਅਤੇ ਪੋਲੈਂਡ ਆਦਿ ਦੇਸ਼ਾ ਦੀਆ ਯਾਤਰਾਵਾਂ ਕੀਤੀਆਂ। ਇਨ੍ਹਾਂ ਦੇਸ਼ਾ ਦੀਆ ਯਾਤਰਾਵਾਂ ਦੌਰਾਨ ਉਹ ਕਈ ਨਾਵਾਂ ਨਾਲ ਜਾਣੇ ਜਾਂਦੇ ਸਨ, ਜਿਵੇਂ : ਸ਼ੇਰ ਸਿੰਘ, ਉਦੇ ਸਿੰਘ, ਮੁਹੰਮਦ ਸਿੰਘ ਆਜ਼ਾਦ, ਐਮ.ਐਸ.ਆਜ਼ਾਦ, ਅਤੇ ਫਰੈਂਕ ਬ੍ਰਾਜ਼ੀਲ ਆਦਿ।

ਹੁਣ ਸਮਾਂ ‘ਆ ਗਿਆ ਸੀ, ਅੰਗਰੇਜ ਸਰਕਾਰ ਤੋਂ ਬਦਲਾ ਲੈਣ ਦਾ, ਇਹ ਓਹੀ ਬਦਲਾ ਸੀ, ਜਿਸ ਦਾ ਸੁਪਨਾ ਇਕ ‘ਵੀਹਾਂ ਸਾਲਾ’ ਦੇ ਨੌਜਵਾਨ  ਨੇ ‘ਇੱਕੀ ਸਾਲਾ’ ਤੱਕ ਜਲ੍ਹਿਆਂਵਾਲੇ ਬਾਗ ‘ਚ ਵਾਪਰੇ ਸਾਕੇ ਦੀ ਤਸਵੀਰ ਨੂੰ ਆਪਣੇ ਜਹਿਨ ‘ਚ ਤਾਜਾ ਰੱਖਿਆਂ। ਊਧਮ ਸਿੰਘ ਜਲ੍ਹਿਆਂ ਵਾਲੇ ਬਾਗ ‘ਚ ਵਾਪਰੇ ਸਾਕੇ ਦਾ ਬਦਲਾ ਲੈਣ ਲਈ ਮਾਈਕਲ ਉਡਵਾਇਰ ਨੂੰ ਗੋਲੀ ਮਾਰਨ ਲਈ ਆਪਣੀ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ 13 ਮਾਰਚ ਸੰਨ 1940 ਨੂੰ ਇੰਗਲੈਂਡ ਵਿਖੇ ਲੰਡਨ ਦੇ ਕੈਕਸਟਨ ਹਾਲ ਵਿੱਚ ਦਾਖਲ ਹੋਇਆ।  ਊਧਮ ਸਿੰਘ ਨੇ ਆਪਣੀ ਪਿਸਤੌਲ ਨੂੰ ਆਪਣੇ ਕੋਲ ਲਕੋਣ ਲਈ ਇਕ ਮੋਟੀ ਕਿਤਾਬ ਦੇ ਪੰਨਿਆਂ ਨੂੰ ਪਿਸਤੌਲ ਦੀ ਸ਼ਕਲ ਵਿੱਚ ਇਸ ਤਰੀਕੇ ਨਾਲ ਕੱਟਿਆ ਸੀ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਨ੍ਹਾਂ ਕੋਲ ਕੋਈ ਹਥਿਆਰ ਹੈ। ਊਧਮ ਸਿੰਘ ਨੇ ਆਪਣਾ ਭੇਸ਼ ਬਦਲਾਇਆ ਹੋਇਆ ਸੀ ਤੇ ਉਹ ਪਹੁੰਚ ਗਏ, ਲੰਡਨ ਦੇ ਕੈਕਸਟਨ ਹਾਲ ਵਿੱਚ ਜਿੱਥੇ ਬਰਤਾਨਵੀ ਉੱਚ ਅਧਿਕਾਰੀਆ ਦੀ ਮੀਟਿੰਗ ‘ਹੋ ਰਹੀ ਸੀ। ਇਹ ਮੀਟਿੰਗ ‘ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੋਸਾਇਟੀ’ ਦੁਆਰਾ ਕੀਤੀ ਜਾ ਰਹੀ ਸੀ। ਮੀਟਿੰਗ ਖਤਮ ਹੁੰਦਿਆਂ ਹੀ ਊਧਮ ਸਿੰਘ ਨੇ ਆਪਣਾ ਪਿਸਤੌਲ ਜੋ ਕਿਤਾਬ ਵਿਚ ਛੁਪਾ ਕੇ ਰੱਖਿਆ ਹੋਇਆ ਸੀ, ਉਸ ਨੂੰ ਕੱਢਿਆ ਤੇ ਗੋਲੀਆਂ ਚਲਾ ਉਸ ਸਮੇਂ ਦੇ, ਪੰਜਾਬ ਦੇ  ਗਵਰਨਰ ਮਾਈਕਲ ਉਡਵਾਇਰ ਨੂੰ ਮੌਕੇਤੇ ਹੀ ਮੌਤ ਦੇ ਘਾਟ ਉਤਾਰ ਦਿਤਾ। ਊਧਮ ਸਿੰਘ ਨੇ ਉਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਜਲ੍ਹਿਆਂਵਾਲੇ ਬਾਗ ‘ਚ ਵਾਪਰੇ ਸਾਕੇ ਦਾ ਬਦਲਾ ਲੈਣ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੋਂ ਸਾਫ ਦਿਖਾਈ ‘ਦੇ ਰਹੀ ਸੀ। ਊਧਮ ਸਿੰਘ ਦੇ ਖ਼ਿਲਾਫ ਬਰਤਾਨਵੀ ਅਦਾਲਤ ‘ਚ ਮੁਕੱਦਮਾ ਦਾਇਰ ਹੋਇਆ ਤੇ 4 ਜੂਨ, 1940 ਨੂੰ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਇਸ ਉਪਰੰਤ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਪੈਨਟੋਨਵਿਲੇ ਜੇਲ੍ਹ ‘ਚ ਫਾਂਸੀ ਦਿੱਤੀ ਗਈ। ਸ਼ਹੀਦ ਊਧਮ ਸਿੰਘ ਜੀ ਦੀਆ ਅਸਥੀਆਂ ਨੂੰ ਸੰਨ 1975 ‘ਚ ਭਾਰਤ ਲਿਆਂਦਾ ਗਿਆ। ਸ਼ਹੀਦ ਊਧਮ ਸਿੰਘ ਜੀ ਦੀਆ ਅਸਥੀਆਂ ਨੂੰ ਭਾਰਤ ਦੇ ਅਲੱਗ-ਅਲੱਗ ਸਥਾਨਾਂ ਤੇ ਦਫ਼ਨਾਇਆ ਅਤੇ ਜਲ ਪ੍ਰਵਾਹ ਕੀਤਾ ਗਿਆ। ਉਨ੍ਹਾਂ ਦੀਆ ਅਸਥੀਆਂ ਦੇ ਸੱਤ ਕਲਸ਼ ਤਿਆਰ ਕਰੇ ਗਏ ਸਨ ਜਿਨ੍ਹਾਂ ਵਿੱਚੋ ਇਕ ਕਲਸ਼ ਨੂੰ ਰੋਜ਼ਾ ਸ਼ਰੀਫ (ਸਰਹਿੰਦ) ਵਿੱਚ ਦਫ਼ਨਾਇਆ ਗਿਆ। ਇਕ ਕਲਸ਼ ਨੂੰ ਕਿਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ।  ਇਕ ਕਲਸ਼ ਨੂੰ ਹਰਿਦੁਆਰ ਵਿਖੇ ਜਲ ਪ੍ਰਵਾਹ ਕੀਤਾ ਗਿਆ। ਇਕ ਕਲਸ਼ ਨੂੰ ਜਲ੍ਹਿਆਂਵਾਲੇ ਬਾਗ ‘ਚ ਅਤੇ ਇਕ ਕਲਸ਼ ਨੂੰ ਸੁਨਾਮ ਦੇ ਖੇਡ ਸਟੇਡੀਅਮ ‘ਚ ਤੇ ਬਾਕੀ ਦੇ ‘ਦੋ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ‘ਚ ਰੱਖੇ ਗਏ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਅਮਰ ਹੋਏ, ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇਸ਼ ਵਾਸੀਆਂ ਨੂੰ ਸਦਾ ਹੀ ਜਬਰ-ਜ਼ੁਲਮ ਦੇ ਖ਼ਿਲਾਫ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ।  

(ਹਰਮਨਪ੍ਰੀਤ ਸਿੰਘ) +91 98550 10005

Install Punjabi Akhbar App

Install
×