ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੇ ਮਾਂ ਬੋਲੀ ਪੰਜਾਬੀ ਅਤੇ ਸ਼ਹੀਦਾਂ ਦਾ ਕੀਤਾ ਅਪਮਾਨ: ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਢਲੇ ਸੰਕਲਪ ਨੂੰ ਸਮਰਪਿਤ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਜੱਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੌਰਾਨ ਮਾਂ ਬੋਲੀ ਪੰਜਾਬੀ ਅਤੇ ਸ਼ਹੀਦਾਂ ਦੇ ਕੀਤੇ ਅਪਮਾਨ’ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਤੁਰੰਤ ਸੋਧ ਕਰਨ ਦੀ ਮੰਗ ਕੀਤੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਇਮਾਰਤ ਦਾ ਨਾਮ ਲਿਖਦੇ ਹੋਏ ਪੰਜਾਬ ਦੀ ਭਾਸ਼ਾ ਪੰਜਾਬੀ ਨੂੰ ਹੇਠਾਂ ਥਾਂ ਦਿੱਤੀ ਗਈ ਹੈ ਅਤੇ ਹਿੰਦੀ ਨੂੰ ਉੱਪਰ। ਜਦ ਕਿ ਹਿੰਦੀ ਪੰਜਾਬ ਦੀ ਭਾਸ਼ਾ ਹੀ ਨਹੀਂ ਹੈ।
ਦੂਸਰਾ ਸ਼ਹੀਦ ਊਧਮ ਸਿੰਘ ਦੇ ਸਥਾਪਤ ਕੀਤੇ ਗਏ ਬੁੱਤ ਦੀ ਨਾ ਤੇ ਬਣਤਰ ਪੰਜਾਬੀਆਂ ਵਾਲੀ ਹੈ ਤੇ ਨਾ ਹੀ ਪਹਿਰਾਵਾ। ਅੱਤਿਆਚਾਰੀ ਜਨਰਲ ਓਡਵਾਇਰ ਨੂੰ ਗੋਲੀ ਮਾਰਦੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਇਕ ਹੱਥ ਅੱਡੀਂ ਮੰਗਤੇ ਦੀ ਤਰ੍ਹਾਂ ਚਿਤਰਿਆ ਹੋਇਆ ਹੈ। ਫੋਟੋ ਗੈਲਰੀ ਵਿਚ ਲੱਗੀ ਤਸਵੀਰ ਵਿਚ ਕੇਵਲ ਊਧਮ ਸਿੰਘ ਲਿਖਿਆ ਹੈ ਅਤੇ ਨਾਮ ਨਾਲ ਸ਼ਹੀਦ ਨਹੀਂ ਲਿਖਿਆ।
ਜੱਲ੍ਹਿਆਂਵਾਲੇ ਬਾਗ ਦੇ ਕਤਲੇਆਮ ਦਾ ਲੰਡਨ ਦੀ ਧਰਤੀ’ਤੇ ਜਾ ਕੇ ਬਦਲਾ ਲੈਣ ਵਾਲੇ ਯੋਧੇ ਦਾ ਸਰਾਸਰ ਅਪਮਾਨ ਕੀਤਾ ਗਿਆ ਹੈ। ਅੰਗਰੇਜ਼ ਪੁਲਿਸ ਦੇ ਪ੍ਰਵੇਸ਼ ਕਰਨ ਵਾਲੀ ਗਲ਼ੀ ਅਤੇ ਸ਼ਹੀਦੀ ਖ਼ੂਹ ਦੀ ਦਿੱਖ ਬਦਲ ਕੇ ਪੁਰਾਤਨ ਯਾਦਗਾਰਾਂ ਨੂੰ ਮਲੀਆਮੇਟ ਕਰਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਛਲਣੀ ਕਰਨ ਦੇ ਤੁੱਲ ਹੈ।
ਸੰਗਠਨ ਆਗੂਆਂ ਨੇ ਕਿਹਾ ਕਿ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦਗਾਰ ਬਣਾਈ ਜਾ ਰਹੀ ਹੈ, ਜਿਸ ਵਿਚ ਸਿੱਖ ਫ਼ੌਜੀਆਂ ਦੇ ਬੁੱਤ ਸਥਾਪਤ ਕੀਤੇ ਜਾਣੇ ਹਨ। ਪਰ ਪੰਜਾਬ ਦੀ ਧਰਤੀ’ਤੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ।
ਜਿਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਵਾਪਰੇ ਅਪਰਾਧਿਕ ਵਰਤਾਰੇ’ਤੇ ਤੁਰੰਤ ਮੰਥਨ ਕਰਕੇ ਸੋਧਾਂ ਕਰੇ। ਲੋਕ-ਰਾਇ ਬਿਨਾਂ ਕੀਤੇ ਇਹਨਾਂ ਕਾਰਿਆਂ ਨੂੰ ਲੋਕਾਂ ਨੇ ਨਾ ਪਰਵਾਨ ਕੀਤਾ ਹੈ ਅਤੇ ਨਾ ਹੀ ਸਹਿਣ ਕਰਨਾ ਹੈ।

Welcome to Punjabi Akhbar

Install Punjabi Akhbar
×