ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਹੀਦ ਊਧਮ ਸਿੰਘ ਚੇਅਰ ਦੀ ਸਥਾਪਨਾ, ਵਿਧਾਇਕ ਮਦਦ ਲਾਲ ਵਧਾਈ ਦੇ ਪਾਤਰ ਹਨ : ਸੁੱਖੀ ਬਾਠ

ਨਿਊਯਾਰਕ/ ਸਰੀ 15 ਮਾਰਚ —ਪਿਛਲੇ ਲੰਮੇ ਸਮੇਂ ਤੋਂ ਕੁਝ ਜੁਝਾਰੂ ਸੰਸਥਾਵਾਂ ਅਤੇ ਕੰਬੋਜ ਭਾਈਚਾਰੇ ਵੱਲੋਂ ਸ਼ਹੀਦ ਊਧਮ ਸਿੰਘ ਚੇਅਰ ਸਥਾਪਨਾ ਲਈ ਉਠਾਈ ਜਾਂਦੀ ਰਹੀ ਮੰਗ ਦੀ ਆਖਿਰ ਪੂਰਤੀ ਹੋਈ।ਚੇਅਰ ਸਥਾਪਨਾ ਨਾਲ ਸ਼ਹੀਦ ਦਾ ਮੁੱਢਲਾ ਜੀਵਨ,ਜੱਲਿਆਂਵਾਲੇ ਸਾਕੇ ਦੌਰਾਨ ਉਸ ਵੱਲੋਂ ਨਿਭਾਈ ਭੂਮਿਕਾ,ਸ਼ਹੀਦ ਵੱਲੋਂ ਗ਼ਦਰ ਪਾਰਟੀ ਵਿੱਚ ਯੋਗਦਾਨ ਅਤੇ ਵਿਦੇਸ਼ਾਂ ਵਿੱਚ ਆਜ਼ਾਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਬਾਰੇ ਖੋਜ ਹੋਵੇਗੀ ।ਜਿਸ ਨਾਲ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਬਾਰੇ ਜਾਗਰੂਕ ਹੋ ਸਕਣਗੀਆਂ ।  ਇਸ ਪ੍ਰਾਪਤੀ ਦਾ ਸਿਹਰਾ ਮੁੱਖ ਰੂਪ ਵਿੱਚ ਹਲਕਾ ਜਲਾਲਪੁਰ ਤੋਂ ਵਿਧਾਇਕ ਮਦਨ ਲਾਲ ਸਿਰ ਬੱਝਦਾ ਹੈ।ਜਿਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਲਗਾਤਾਰ ਇਸ ਜਾਇਜ਼ ਮੰਗ ਉੱਪਰ ਦ੍ਰਿੜ ਪਹਿਰਾ ਦਿੱਤਾ।  ਇਸ ਗੱਲ ਦਾ ਪ੍ਰਗਟਾਵਾ ਪੰਜਾਬ ਭਵਨ ਸਰੀ ਕੈਨੇਡਾ ਦੇ ਬਾਨੀ ਅਤੇ ਉਘੇ ਸਮਾਜ ਸੇਵੀ ਸੁੱਖੀ ਬਾਠ ਨੇ ਕੀਤਾ ਉਹਨਾਂ ਕਿਹਾ ਕਿ ਪਿਛਲੇ ਦਿਨੀਂ ਹੀ ਸ਼ਹੀਦ ਦੇ ਜਨਮ ਦਿਨ ਉੱਪਰ ਪੰਜਾਬ ਭਵਨ ਸਰੀ ਕੈਨੇਡਾ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸ੍ਰੀ ਗੁਰਭੇਜ ਸਿੰਘ ਗੁਰਾਇਆ ਅਤੇ ਡਾ. ਮੁਹੰਮਦ ਇਦਰੀਸ ਦੁਬਾਰਾ ਸ਼ਹੀਦ ਬਾਰੇ ਸੰਪਾਦਿਤ ਪੁਸਤਕ ਲੋਕ ਅਰਪਣ ਕਰਦਿਆਂ ਪੰਜਾਬ ਭਵਨ ਕੈਨੇਡਾ ਵੱਲੋਂ ਚੇਅਰ ਸਥਾਪਤੀ ਦੀ ਮੰਗ ਦਾ ਪੁਰ-ਜ਼ੋਰ ਸਮਰਥਨ ਵੀ ਕੀਤਾ ਗਿਆ ਸੀ ।ਇੱਥੇ ਇਹ ਜਾਣਕਾਰੀ ਵੀ ਜ਼ਿਕਰਯੋਗ ਹੈ ਕਿ ਪੰਜਾਬ ਭਵਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚਕਾਰ ਆਪਸੀ ਸਹਿਯੋਗ ਦਸਤਾਵੇਜ਼ (MOU)ਸਹੀਬੱਧ ਹੋ ਚੁੱਕਾ ਹੈ।ਸ੍ਰੀ ਸੁੱਖੀ ਬਾਠ ਦੀ ਅਗਵਾਈ ਹੇਠ ਪੰਜਾਬ ਭਵਨ ਦੀ ਟੀਮ ਇਸ ਮੰਗ ਪੂਰਤੀ ਉੱਪਰ ਪੰਜਾਬ ਸਰਕਾਰ ,ਪੰਜਾਬੀ ਯੂਨੀਵਰਸਿਟੀ ਅਤੇ ਵਿਧਾਇਕ ਮਦਨਲਾਲ ਜਲਾਲਪੁਰ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ ।

Install Punjabi Akhbar App

Install
×