16 ਨਵੰਬਰ ਸ਼ਹੀਦੀ ਨੂੰ ਸਮਰਪਿਤ ਲੇਖ: ਕਰਤਾਰ ਸਿੰਘ ਸਰਾਭਾ – ਗ਼ਦਰ ਲਹਿਰ ਦਾ ਚਮਕਦਾ ਸਿਤਾਰਾ

Dr. Amandeep Singh Tallewalia G (1) (1) (1) (1)rrrrr

 

‘ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।’

ਇਨ੍ਹਾਂ ਸਤਰਾਂ ਨੂੰ ਗਾਉਂਦਿਆਂ ਅਤੇ ਇਨ੍ਹਾਂ ਉੱਪਰ ਅਮਲ ਕਮਾਉਂਦਿਆਂ ਆਪਣੀ ਜਾਨ ਉੱਤੇ ਲੱਖਾਂ ਮੁਸੀਬਤਾਂ ਨੂੰ ਝਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਹਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ। ਗ਼ਦਰ ਲਹਿਰ ਦੇ ਹਰ ਕੰਮ ਵਿਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਅਤੇ ਸਿਰਫ਼ 19 ਕੁ ਸਾਲਾਂ ਦੀ ਉਮਰ ਵਿਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਆਪਣੇ ਗਲ਼ ਵਿਚ ਪਾਉਣ ਵਾਲਾ ਉੱਦਮੀ ਨੌਜਵਾਨ ਹੈ ਕਰਤਾਰ ਸਿੰਘ, ਜਿਸਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਤਖ਼ੱਲਸ ਲਾ ਕੇ ‘ਸਰਾਭੇ’ ਪਿੰਡ ਨੂੰ ਦੁਨੀਆਂ ਵਿਚ ਚਮਕਾ ਦਿੱਤਾ। ਪਿੰਡ ਸਰਾਭਾ ਰਾਏਕੋਟ ਤੋਂ ਲਗਭਗ 12-15 ਕਿਲੋਮੀਟਰ ਅਤੇ ਲੁਧਿਆਣੇ ਤੋਂ ਲਗਭਗ 28 ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ, ਜਿੱਥੇ ਕਰਤਾਰ ਸਿੰਘ ਸਰਾਭੇ ਨੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ 23 ਮਈ 1896 ਨੂੰ ਜਨਮ ਲਿਆ। ਬਚਪਨ ਵਿਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਕਰਤਾਰ ਸਿੰਘ ਦੀ ਪਾਲਣਾ ਉਨ੍ਹਾਂ ਦੇ ਦਾਦੇ ਸ. ਬਦਨ ਸਿੰਘ ਦੀ ਦੇਖ-ਰੇਖ ਹੇਠ ਹੋਈ। ਕਰਤਾਰ ਸਿੰਘ ਦੀ ਇਕ ਭੈਣ ਸੀ, ਜਿਸਦਾ ਨਾਮ ਧੰਨ ਕੌਰ ਸੀ।

ਕਰਤਾਰ ਸਿੰਘ ਦਾ ਆਪਣੇ ਦਾਦੇ ਨਾਲ ਅੰਤਾਂ ਦਾ ਮੋਹ ਸੀ। ਦਾਦਾ ਬਦਨ ਸਿੰਘ ਵੀ ਕਰਤਾਰ ਸਿੰਘ ਨੂੰ ਕੋਈ ਵੱਡਾ ਅਫ਼ਸਰ ਬਣਿਆ ਵੇਖਣਾ ਚਾਹੁੰਦਾ ਸੀ। ਇਸੇ ਲਈ ਕਰਤਾਰ ਸਿੰਘ ਦੀ ਪੜ੍ਹਾਈ ‘ਤੇ ਪੂਰਾ ਤਾਣ ਲਾਇਆ ਗਿਆ। ਮੁੱਢਲੀ ਸਿੱਖਿਆ ਗੁੱਜਰਵਾਲ ਦੇ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਕਰਤਾਰ ਸਿੰਘ ਨੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖ਼ਲਾ ਲੈ ਲਿਆ। ਦਸਵੀਂ ਜਮਾਤ ਕਰਤਾਰ ਸਿੰਘ ਨੇ ਆਪਣੇ ਚਾਚੇ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਵਿਚ ਪਾਸ ਕੀਤੀ। ਸਕੂਲ ਸਮੇਂ ਦੌਰਾਨ ਕਰਤਾਰ ਸਿੰਘ ਆਪਣੇ ਜਮਾਤੀਆਂ ਵਿਚ ਬਹੁਤ ਹਰਮਨ ਪਿਆਰਾ ਬਣ ਕੇ ਰਿਹਾ ਕਿਉਂਕਿ ਉਹ ਚੁਸਤ, ਚਲਾਕ ਅਤੇ ਮਜ਼ਾਕੀਆ ਲਹਿਜ਼ੇ ਦਾ ਹੋਣ ਕਰਕੇ ਉਸਦੇ ਸਾਥੀ ਵਿਦਿਆਰਥੀ ਉਸਨੂੰ ‘ਅਫਲਾਤੂ’ ਵੀ ਕਹਿ ਦਿੰਦੇ ਸਨ ਅਤੇ ਕਈ ਮਿੱਤਰ-ਬੇਲੀ ਉਸਦੀ ਚੁਸਤੀ-ਫੁਰਤੀ ਨੂੰ ਦੇਖ ਕੇ ਉਸਨੂੰ ‘ਉੱਡਣਾ ਸੱਪ’ ਨਾਲ ਵੀ ਸੰਬੋਧਿਤ ਹੁੰਦੇ ਸਨ।

ਚਾਚੇ ਕੋਲ ਰਹਿੰਦਿਆਂ ਕਰਤਾਰ ਸਿੰਘ ਨੇ ਅੰਗਰੇਜ਼ੀ ਬੋਲਣ ਅਤੇ ਲਿਖਣ ਦਾ ਅਭਿਆਸ ਵੀ ਚੰਗੀ ਤਰ੍ਹਾਂ ਸਿੱਖ ਲਿਆ ਸੀ। ਉਹ ਨਵੇਂ ਦਿਸਹੱਦੇ ਸਥਾਪਿਤ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਰਸਾਇਣ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਰਵਾਨਾ ਹੋ ਗਿਆ। ਉਥੇ ਪਹੁੰਚਣ ‘ਤੇ ਕਰਤਾਰ ਸਿੰਘ ਦੀ ਸਖ਼ਤ ਪੁੱਛਗਿੱਛ (ਇੰਟਰਵਿਊ) ਹੋਈ। ਇੰਨੀ ਸਖ਼ਤ ਲਹਿਜ਼ੇ ‘ਚ ਹੋਈ ਪੁੱਛਗਿੱਛ ਤੋਂ ਸਰਾਭਾ ਹੈਰਾਨ ਸੀ। ਜਦੋਂ ਉਸਨੇ ਹੋਰ ਇੰਮੀਗ੍ਰੇਟਾਂ ਤੋਂ ਇਸ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਗੁਲਾਮ ਦੇਸ਼ (ਭਾਰਤ) ਦਾ ਵਾਸੀ ਹੋਣ ਕਰਕੇ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ, ਜਿਸਨੂੰ ਉਹ ਕਦੇ ਵੀ ਭੁਲਾ ਨਾ ਸਕਿਆ ਅਤੇ ਇੱਥੋਂ ਹੀ ਪੈਦਾ ਹੋਇਆ ਉਸ ਅੰਦਰ ਆਜ਼ਾਦੀ ਲਈ ਜੂਝਣ ਦਾ ਜਨੂੰਨ।

ਅਮਰੀਕਾ ਵਿਚ ਪੁੱਜ ਕੇ ਉਸਨੇ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਸਿੱਖਿਆ ਪ੍ਰਾਪਤ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਕਿਰਾਏਦਾਰ ਬਣ ਕੇ ਕਿਸੇ ਪਰਿਵਾਰ ਵਿਚ ਰਹਿਣ ਲੱਗ ਪਿਆ। ਇਕ ਦਿਨ ਉਸ ਘਰ ਦੀ ਔਰਤ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ, ਆਜ਼ਾਦੀ ਖ਼ਾਤਰ ਜੂਝਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਇਹ ਸਭ ਕੁਝ ਵੇਖ ਕੇ ਸਰਾਭੇ ਨੇ ਉਸਨੂੰ ਪੁੱਛਿਆ ਕਿ ਉਹ ਕੀ ਕਰ ਰਹੀ ਹੈ? ਤਾਂ ਉਸਦਾ ਉੱਤਰ ਸੁਣ ਕੇ ਸਰਾਭੇ ਨੇ ਹਉਕਾ ਲਿਆ ਅਤੇ ਸੋਚਿਆ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ? ਕੀ ਸਾਡਾ ਦੇਸ਼ ਵੀ ਇਸ ਤਰ੍ਹਾਂ ਆਜ਼ਾਦੀ ਦਾ ਜਸ਼ਨ ਮਨਾਏਗਾ?

ਯੂਨੀਵਰਸਿਟੀ ਵਿਚ ਪੜ੍ਹਦਿਆਂ ਸਰਾਭੇ ਦਾ ਮੇਲ ਹੋਰ ਭਾਰਤੀ ਨੌਜਵਾਨਾਂ, ਜਿਹੜੇ ਵੱਖ-ਵੱਖ ਸੂਬਿਆਂ ਜਿਵੇਂ ਬੰਗਾਲ, ਮਦਰਾਸ ਅਤੇ ਪੰਜਾਬ ਤੋਂ ਗਏ ਹੋਰ ਨੌਜਵਾਨਾਂ ਨਾਲ ਹੋਇਆ। ਇਹ ਸਾਰੇ ਵਿਦਿਆਰਥੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਪਣੇ-ਆਪਣੇ ਮਨਾਂ ਵਿਚ ਪਾਲ਼ ਰਹੇ ਸਨ। ਸਰਾਭੇ ਸਮੇਤ ਸਾਰੇ ਪੰਜਾਬੀ ਨੌਜਵਾਨਾਂ ਦਾ ਮੱਤ ਸੀ ਕਿ ਆਜ਼ਾਦੀ ਹਥਿਆਰਬੰਦ ਘੋਲ ਲੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਦੋਂਕਿ ਬੰਗਾਲੀ ਅਤੇ ਮਦਰਾਸੀ ਵਿਦਿਆਰਥੀ ਅਹਿੰਸਾਵਾਦੀ ਸਨ। ਕੁੱਝ ਵੀ ਹੋਵੇ, ਦੇਸ਼ ਨੂੰ ਆਜ਼ਾਦ ਹੁੰਦਾ ਵੇਖਣਾ ਹਰ ਕੋਈ ਚਾਹੁੰਦਾ ਸੀ। ਇਨਕਲਾਬੀ ਵਿਚਾਰਾਂ ਦੇ ਧਾਰਨੀ ਵਿਦਿਆਰਥੀ, ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਮੋਢੀ ਰੂਪ ਵਿਚ ਆਗੂ ਦਾ ਰੂਪ ਅਖ਼ਤਿਆਰ ਕਰ ਚੁੱਕਾ ਸੀ। ਉਹ ਹੋਰਾਂ ਦੇਸ਼ਾਂ ਵਿਚ ਹੋ ਰਹੇ ਇਨਕਲਾਬ ਬਾਰੇ ਵੀ ਪੜ੍ਹਦਾ-ਸੁਣਦਾ ਰਹਿੰਦਾ ਸੀ ਅਤੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਕਰਦਾ ਰਹਿੰਦਾ। ਜਿਥੇ ਸਰਾਭੇ ਨੇ ਫਰਾਂਸ, ਇਟਲੀ ਜਾਂ ਹੋਰ ਦੇਸ਼ਾਂ ਦੇ ਇਨਕਲਾਬੀਆਂ ਦੀਆਂ ਲਿਖਤਾਂ ਜਾਂ ਜੀਵਨੀਆਂ ਪੜ੍ਹੀਆਂ, ਉਥੇ ਉਹ ਆਪਣੀ ਸਰਜ਼ਮੀਂ ਦੇ ਮਹਾਨ ਆਗੂ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸੀ।

ਇਸ ਪ੍ਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨਾਂ ਦਾ ਕਾਫ਼ਲਾ ਵਧਦਾ ਗਿਆ ਅਤੇ ਇਸੇ ਏਕੇ ਦੀ ਲਹਿਰ ‘ਚੋਂ ਗ਼ਦਰ ਲਹਿਰ ਦਾ ਜਨਮ ਹੋਇਆ। ਬੇਸ਼ੱਕ ਇਸ ਪਾਰਟੀ ਦਾ ਪਹਿਲਾ ਨਾਂਅ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਸੀ ਪਰ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਪਾਰਟੀ ਦਾ ਨਾਂਅ ਵੀ ‘ਗ਼ਦਰ ਪਾਰਟੀ’ ਪੈ ਗਿਆ, ਜੋ ਹੌਲੀ-ਹੌਲੀ ਪਾਰਟੀ ਤੋਂ ਲਹਿਰ ਵਿਚ ਤਬਦੀਲ ਹੋ ਗਿਆ।
ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ਵਿਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ‘ਨੈੱਟਵਰਕ’ ਜ਼ਰੂਰ ਸਥਾਪਿਤ ਕਰਨਾ ਪੈਂਦਾ ਹੈ, ਜੋ ਕਿ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਿਆ ਸੀ। ‘ਗ਼ਦਰ’ ਅਖ਼ਬਾਰ ਨੂੰ ਕਈ ਥਾਂਵੇਂ ‘ਗ਼ਦਰ ਦੀ ਗੂੰਜ’ ਲਿਖਿਆ ਵੀ ਮਿਲਦਾ ਹੈ। ਉਸ ਲਹਿਰ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਿਹਰਾ ਵੀ ਸਰਾਭੇ ਦੇ ਸਿਰ ਬੱਝਦਾ ਹੈ। ਸਰਾਭੇ ਦਾ ਇਹ ਮੱਤ ਬੜਾ ਧਿਆਨ ਭਾਲ਼ਦਾ ਹੈ ਕਿ ਸੁਨੇਹਾ ਲੋਕ ਬੋਲੀ ਵਿਚ ਹੀ ਦਿੱਤਾ ਜਾ ਸਕਦਾ ਹੈ, ਜਿਸ ਤਰ੍ਹਾਂ ਬੁੱਧ ਨੇ ਆਪਣਾ ਸੁਨੇਹਾ ਲੋਕ ਬੋਲੀ ‘ਪਾਲੀ’ ਵਿਚ ਅਤੇ ਗੁਰੂ ਸਹਿਬਾਨ ਨੇ ਆਪਣਾ ਸੁਨੇਹਾ ਪੰਜਾਬੀ ਲੋਕ ਬੋਲੀ ਵਿਚ ਦਿੱਤਾ। ਇਸੇ ਤਰ੍ਹਾਂ ਸਰਾਭੇ ਦਾ ਮੱਤ ਸੀ ਕਿ ‘ਗ਼ਦਰ’ ਲਹਿਰ ਦਾ ਸੁਨੇਹਾ ਪੰਜਾਬੀਆਂ ਲਈ ਪੰਜਾਬੀ ਵਿਚ ਹੀ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਸੂਬਿਆਂ ਵਿਚ ਉਨ੍ਹਾਂ ਲੋਕਾਂ ਦੀ ਭਾਸ਼ਾ ਵਿਚ ਇਹ ਅਖ਼ਬਾਰ 11 ਗਿਆਰਾਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੁੰਦਾ ਰਿਹਾ।
ਕਿਸੇ ਵੀ ਲਹਿਰ ਦਾ ਦੂਜਾ ਪੱਖ ਹੁੰਦਾ ਹੈ ਲਹਿਰ ਨੂੰ ਚਲਾਉਣ ਲਈ ਮਾਇਆ (ਧਨ) ਦੀ ਲੋੜ ਬੇਸ਼ੱਕ ਜੁਝਾਰੂ ਸੂਰਮੇ ਆਪਣਾ ਤਨ ਅਤੇ ਮਨ ਲੋਕ ਲਹਿਰਾਂ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਪਰ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ‘ਲਹਿਰਾਂ’ ਪੈਸੇ ਬਗੈਰ ਆਪਣੇ ਕਾਰਜ ਨੂੰ ਨਿਭਾਉਣ ਵਿਚ ਅਸਮਰੱਥ ਹੋ ਜਾਂਦੀਆਂ ਹਨ। ਅਜਿਹਾ ਕੁੱਝ ਹੀ ਸਰਾਭੇ ਵੇਲੇ ਵਾਪਰਿਆ। ਇਸ ਖੱਪੇ ਨੂੰ ਪੂਰਾ ਕਰਨ ਲਈ ਦੇਸ਼ ਭਗਤਾਂ ਨੂੰ ਡਾਕੇ ਵੀ ਮਾਰਨੇ ਪਏ।

ਸਰਾਭੇ ਦੀ ਉੱਚੀ-ਸੁੱਚੀ ਸਖ਼ਸ਼ੀਅਤ ਦਾ ਪ੍ਰਭਾਵ ਵੇਖਣ ਲਈ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਸਰਾਭਾ ਆਪਣੇ ਸਾਥੀਆਂ ਸਮੇਤ ਕਿਸੇ ਘਰ ਡਾਕਾ ਮਾਰਨ ਗਿਆ। ਸਰਾਭੇ ਦੇ ਦੂਜੇ ਸਾਥੀ ਨੇ ਉਸ ਘਰ ਦੀ ਸੁਨੱਖੀ ਮੁਟਿਆਰ ਦਾ ਹੱਥ ਫੜ ਲਿਆ। ਉਸਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਰਾਭੇ ਨੇ ਇਹ ਸਭ ਤੱਕਿਆ ਤਾਂ ਉਸਨੇ ਆਪਣੇ ਸਾਥੀ ਦੇ ਮੱਥੇ ‘ਤੇ ਪਿਸਤੌਲ ਤਣ ਲਿਆ ਅਤੇ ਗਰਜ ਕੇ ਬੋਲਿਆ, ”ਤੂੰ ਮੌਤ ਦਾ ਹੱਕਦਾਰ ਹੈਂ। ਛੇਤੀ ਕਰ, ਜਾਂ ਤਾਂ ਇਸ ਕੁੜੀ ਦੇ ਪੈਰਾਂ ‘ਚ ਡਿੱਗ ਕੇ ਮਾਫ਼ੀ ਮੰਗ ਲੈ, ਨਹੀਂ ਮਰਨ ਲਈ ਤਿਆਰ ਹੋ ਜਾ।”

ਅਜਿਹੇ ਘਟਨਾਕ੍ਰਮ ਨੂੰ ਵੇਖ ਕੇ ਉਸ ਕੁੜੀ ਦੀ ਮਾਂ ਨੇ ਸਰਾਭੇ ਨੂੰ ਕਿਹਾ ਕਿ ਪੁੱਤਰ ਲਗਦੇ ਤਾਂ ਤੁਸੀਂ ਬੜੇ ਸੂਝਵਾਨ ਹੋ ਪਰ ਇਹ ਡਾਕੇ ਮਾਰਨੇ ਤੁਹਾਡੇ ਵਰਗਿਆਂ ਲਈ ਸ਼ੋਭਦਾ ਨਹੀਂ ਤਾਂ ਸਰਾਭੇ ਨੇ ਦੇਸ਼ ਖ਼ਾਤਰ ਆਪਣੀ ਜ਼ਿੰਦਗੀ ਦਾਅ ‘ਤੇ ਲਾਉਣ ਦੀ ਸਾਰੀ ਗੱਲ ਉਸ ਮਾਤਾ ਨੂੰ ਸਮਝਾਈ।

ਜਿਸ ਘਰ ਵਿਚ ਡਾਕਾ ਮਾਰਿਆ, ਉਥੇ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। ਕੁੜੀ ਦੀ ਮਾਂ ਹੱਥ ਜੋੜ ਕੇ ਸਰਾਭੇ ਕੋਲ ਖੜ੍ਹ ਗਈ, ”ਪੁੱਤ ਆਹ ਕੁੜੀ ਦੇ ਹੱਥ ਪੀਲ਼ੇ ਕਰਨ ਲਈ ਇਹ ਸਮਾਨ ਮਸਾਂ ਜੋੜਿਆ ਸੀ।”
ਐਨਾ ਕਹਿਣ ਦੀ ਦੇਰ ਸੀ ਕਿ ਸਰਾਭੇ ਦਾ ਮਨ ਪਿਘਲ ਗਿਆ। ਇਹ ਨਹੀਂ ਕਿ ਪਹਿਲਾਂ ਸਰਾਭਾ ਪੱਥਰ ਦਿਲ ਸੀ ਪਰ ਮਜ਼ਬੂਰੀਆਂ ਕਾਰਨ ਉਨ੍ਹਾਂ ਨੂੰ ਇਹ ਰਸਤਾ ਅਖ਼ਤਿਆਰ ਕਰਨਾ ਪੈ ਰਿਹਾ ਸੀ। ਸਰਾਭੇ ਨੇ ਚੁੱਕਿਆ ਹੋਇਆ ਸਮਾਨ ਉਸ ਮਾਈ ਨੂੰ ਵਾਪਿਸ ਕਰ ਦਿੱਤਾ ਪਰ ਅੱਗੋਂ ਮਾਈ ਨੇ ਖ਼ੁਸ਼ ਹੋ ਕੇ ਸਰਾਭੇ ਦੀ ਝੋਲ਼ੀ ਵਿਚ ਕੁਝ ਵਸਤਾਂ ਪਾ ਦਿੱਤੀਆਂ ਅਤੇ ਕਾਮਯਾਬੀ ਦਾ ਆਸ਼ੀਰਵਾਦ ਦਿੱਤਾ।

ਸਰਾਭੇ ਦੇ ਦਿਲ ਵਿਚ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਕਿੰਨਾ ਕੁੱਟ-ਕੁੱਟ ਭਰਿਆ ਸੀ, ਉਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੇਲ੍ਹ ਵਿਚ ਮੁਲਾਕਾਤ ਲਈ ਆਇਆ ਸਰਾਭੇ ਦਾ ਦਾਦਾ ਬਦਨ ਸਿੰਘ ਉਸਨੂੰ ਕਹਿਣ ਲੱਗਿਆ, ”ਕਰਤਾਰ ਪੁੱਤਰ, ਤੂੰ ਛੱਡ ਦੇਸ਼ ਭਗਤੀ ਦੀਆਂ ਗੱਲਾਂ….ਕਿਉਂ ਆਪਣੀ ਜਾਨ ਅਜਾਈਂ ਗੁਆ ਰਿਹੈਂ?।”

ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਦਾਦਾ ਆਪਣੇ ਮੋਹ ਦਾ ਸਬੂਤ ਦੇ ਰਿਹਾ ਸੀ। ਗੱਲਾਂ ਕਰਦਿਆਂ-ਕਰਦਿਆਂ ਕਰਤਾਰ ਸਿੰਘ ਨੇ ਆਪਣੇ ਦਾਦੇ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ, ”ਦਾਦਾ ਜੀ, ਫਲਾਣੇ ਦਾ ਕੀ ਹਾਲ ਹੈ?”
ਦਾਦਾ ਕਹਿੰਦਾ, ”ਪੁੱਤਰਾ, ਉਹ ਤਾਂ ਪਲੇਗ ਨਾਲ ਮਰ ਗਿਆ।”
ਕਰਤਾਰ ਸਿੰਘ ਨੇ ਫੇਰ ਪੁੱਛਿਆ, ”ਦਾਦਾ ਜੀ, ਫਲਾਣੇ ਦਾ ਕੀ ਹਾਲ ਹੈ?”
ਤਾਂ ਦਾਦਾ ਬੋਲਿਆ, ”ਪੁੱਤਰਾ, ਉਹ ਤਾਂ ਹਾਦਸੇ ‘ਚ ਮਰ ਗਿਆ।”
ਬੱਸ ਅਜਿਹੀਆਂ ਤਿੰਨ-ਚਾਰ ਮੌਤਾਂ ਬਾਰੇ ਸੁਣ ਕੇ ਸਰਾਭਾ ਬੋਲਿਆ, ”ਦਾਦਾ ਜੀ, ਇਕ ਦਿਨ ਸਭ ਨੇ ਮਰ ਜਾਣੈ….ਜਿਹੜਾ ਪਲੇਗ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਉਹਨੂੰ ਕੀਹਨੇ ਯਾਦ ਕਰਨਾ ਪਰ ਕਰਤਾਰ ਸਿੰਘ ਨੂੰ ਦੁਨੀਆਂ ਯਾਦ ਕਰੇਗੀ। ਮੈਂ ਇਕੱਲਾ ਨਹੀਂ, ਮੇਰੇ ਨਾਲ ਦੇ ਹੋਰ ਦੇਸ਼ ਭਗਤ ਅਜਿਹੀਆਂ ਪੈੜਾਂ ਪਾ ਕੇ ਜਾ ਰਹੇ ਹਾਂ, ਜਿਨ੍ਹਾਂ ਨੂੰ ਲੋਕ ਯਾਦ ਰੱਖਣਗੇ।”
ਸਰਾਭੇ ਦੇ ਇਸ ਉੱਤਰ ਨੇ ਆਪਣੇ ਦਾਦੇ ਨੂੰ ਨਿਰ-ਉੱਤਰ ਕਰ ਦਿੱਤਾ।

ਸਰਾਭੇ ਦੀ ਸਮੁੱਚੀ ਜੀਵਨੀ ‘ਚੋਂ ਜੋ ਸੇਧ ਮਿਲਦੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਹਥਿਆਰਬੰਦ ਘੋਲਾਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ। ਲੋਕਾਂ ਉੱਤੇ ਜ਼ੁਲਮ ਢਾਹੁਣ ਵਾਲੇ ਕਦੇ ਵੀ ਮਿੰਨਤਾਂ-ਤਰਲੇ ਕਰਿਆਂ ਤੋਂ ਆਪਣੇ ਜ਼ੁਲਮ ਬੰਦ ਨਹੀਂ ਕਰਦੇ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹੀ ਆਪਣੇ ਸੰਘਰਸ਼ ਵਿਚ ਕਾਮਯਾਬ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਪ੍ਰਣਾਇਆ ਸਰਾਭਾ ਇਸੇ ਗੱਲ ਦਾ ਧਾਰਨੀ ਸੀ ਕਿ ਜਦੋਂ ਦਲੀਲ, ਅਪੀਲ ਰੱਦ ਹੋ ਜਾਵੇ ਅਤੇ ਜ਼ੁਲਮ ਦੀ ਅੱਤ ਹੋ ਜਾਵੇ, ਉਦੋਂ ਤਲਵਾਰ ਉਠਾ ਲੈਣੀ ਚਾਹੀਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸਰਾਭਾ ਆਪਣੇ ਲੋਕ ਨਾਇਕਾਂ ਦਾ ਕਦਰਦਾਨ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਾ ਹੋਇਆ ਉਹ ਅਖ਼ਬਾਰ ਦੀ ਸੰਪਾਦਨਾ ਦਾ ਕਾਰਜ ਪੰਜਾਬੀ ਵਿਚ ਕਰਦਾ ਹੈ ਪਰ ਅਫ਼ਸੋਸ, ਕੁਝ ਅਖੌਤੀ ਬੁੱਧੀਜੀਵੀਆਂ ਨੂੰ ਕਰਤਾਰ ਸਿੰਘ ਸਰਾਭੇ ਦੇ ਸਿਰ ਸਜਿਆ ਪੰਜਾਬੀਅਤ ਦਾ ਮਾਣ ‘ਪੱਗ’ ਰਾਸ ਨਹੀਂ ਆਈ। ਪਿਛਲੇ ਸਾਲਾਂ ਵਿਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਿਤ ਦੋ-ਚਾਰ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਜਿਸਦੇ ਟਾਈਟਲ ਪੇਜ ਉੱਪਰ ਬਿਨਾਂ ਪੱਗ ਤੋਂ ਸਰਾਭੇ ਦੀ ਫੋਟੋ ਦੇਖ ਕੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ ਅਤੇ ਇੰਞ ਲਗਦਾ ਹੈ ਕਿ ਜਿਵੇਂ ਇਹ ਕੋਈ ਨਕਲੀ ਸਰਾਭਾ ਹੋਵੇ। ਪੱਗ ਪੰਜਾਬੀਅਤ ਦੀ ਪਛਾਣ ਹੈ। ਕਰਤਾਰ ਸਿੰਘ ਸਰਾਭਾ ਪੰਜਾਬ ਦਾ ਮਾਣ ਹੈ। ਉਹਦੇ ਸਿਰ ਤੋਂ ਪੱਗ ਲਾਹੁਣੀ ਸ਼ਹੀਦ ਦਾ ਅਪਮਾਨ ਹੈ। ਅਖੌਤੀ ਬੁੱਧੀਜੀਵੀ ਭਰਾਵਾਂ ਨੂੰ ਬੇਨਤੀ ਹੈ ਕਿ ਸਰਾਭੇ ਦੇ ਸਿਰ ਦਾ ਤਾਜ ਉਸ ਤਰ੍ਹਾਂ ਹੀ ਰਹਿਣ ਦਿਓ। ਤੁਹਾਡੇ ਵੱਲੋਂ ਕੀਤੀ ਹੋਈ ਭੁੱਲ ਇਤਿਹਾਸ ਵਿਚ ਨਾ-ਬਖ਼ਸ਼ਣਯੋਗ ਹੋਵੇਗੀ।

ਅੰਤ ਵਿਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਮਨਾਉਂਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਵੀ ਸਾਡੇ ਸਾਹਵੇਂ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਸਾਡੇ ਦੇਸ਼ ਦੇ ਹਾਕਮ ਲੋਕਾਂ ਦੇ ਲਹੂ ਨੂੰ ਪਾਣੀ ਵਾਂਗ ਪੀ ਰਹੇ ਹਨ। ਯਾਦ ਰੱਖਣਾ, ਸਰਾਭੇ ਦੇ ਆਪਣੇ ਦਾਦੇ ਨੂੰ ਪੁੱਛੇ ਸਵਾਲ, ‘ਕੋਈ ਪਲੇਗ ਨਾਲ ਮਰ ਗਿਆ, ਕੋਈ ਕਿਸੇ ਹੋਰ ਬਿਮਾਰੀ ਨਾਲ’, ਅੱਜ ਵੀ ਕੋਈ ਡੇਂਗੂ ਨਾਲ ਮਰ ਰਿਹਾ ਹੈ, ਕੋਈ ਕੈਂਸਰ ਨਾਲ ਅਤੇ ਬਹੁਤ ਸਾਰੇ ਲੋਕ ਖ਼ੁਦਕੁਸ਼ੀਆਂ ਕਰਕੇ ਆਪਣੇ ਜੀਵਨ ਦਾ ਅੰਤ ਕਰ ਰਹੇ ਹਨ। ਅਜਿਹੀਆਂ ਮੌਤਾਂ ਨਾਲ ਇਤਿਹਾਸ ਨਹੀਂ ਸਿਰਜਿਆ ਜਾਂਦਾ।

ਆਓ! ਸਰਾਭੇ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਪਈਏ।

– ਡਾ. ਅਮਨਦੀਪ ਸਿੰਘ ਟੱਲੇਵਾਲੀਆ
tallewalia@gmail.com

Install Punjabi Akhbar App

Install
×