ਭਗਤ ਸਿੰਘ, ਨੌਜਵਾਨ ਤੇ ਕਿਸਾਨੀ ਸੰਘਰਸ਼

(ਜਨਮ ਦਿਨ ‘ਤੇ ਵਿਸ਼ੇਸ਼)

“ਹੀਰੇ ਇਮਾਰਤ ਦੀ ਖੂਬਸੂਰਤੀ ਵਧਾ ਸਕਦੇ ਹਨ। ਦੇਖਣ ਵਾਲਿਆਂ ਨੂੰ ਹੈਰਾਨ ਕਰ ਸਕਦੇ ਹਨ ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ। ਮੋਢਿਆਂ ‘ਤੇ ਉਸਦੇ ਬੋਝ ਨੂੰ ਚੁੱਕ ਕੇ ਸਿੱਧਿਆਂ ਖੜੇ ਨੀਂ ਰੱਖ ਸਕਦੇ। ਹੁਣ ਤੱਕ ਸਾਡੇ ਸੰਘਰਸ਼ ਨੇ ਹੀਰੇ ਕਮਾਏ ਹਨ। ਬੁਨਿਆਦ ਦੇ ਪੱਥਰ ਨਹੀਂ ਕੱਠੇ ਕੀਤੇ। ਇਸੇ ਕਰਕੇ ਹੀ ਏਨੀਆਂ ਕੁਰਬਾਨੀਆਂ ਦੇਣ ਤੋਂ ਬਾਦ ਵੀ ਅਸੀਂ ਅਜੇ ਤੱਕ ਇਮਾਰਤ ਤਾਂ ਕੀ, ਉਸਦਾ ਢਾਂਚਾ ਵੀ ਖੜਾ ਨਹੀਂ ਕਰ ਸਕੇ। ਅੱਜ ਸਾਨੂੰ ਬੁਨਿਆਦ ਦੇ ਪੱਥਰਾਂ ਦੀ ਲੋੜ ਹੈ”।- ਸ਼ਹੀਦ ਭਗਤ ਸਿੰਘ (ਸ਼ਿਵ ਵਰਮਾ, ਅਜਿਹਾ ਸੀ ਸਾਡਾ ਭਗਤ ਸਿੰਘ ‘ਚੋਂ)

ਬ੍ਰਿਟਿਸ਼ ਹਕੂਮਤ ਦੇ ਲੁੱਟ-ਜਬਰ ਦੇ ਰਾਜ ਤੋਂ ਮੁਕਤੀ ਲਈ ਮੁਲਕ ਵਿੱਚ ਚੱਲੀ ਕੌਮੀ ਮੁਕਤੀ ਲਹਿਰ ਦਾ ਨਿਧੱੜਕ ਜਰਨੈਲ, ਸਿਧਾਂਤਿਕ ਨੀਤੀਘਾੜਾ, ਤੇ ਦੂਰ ਦ੍ਰਿਸ਼ਟ ਆਗੂ ਸ਼ਹੀਦ ਭਗਤ ਸਿੰਘ ਦੁਨੀਆਂ ਭਰ ‘ਚ ਚੱਲੀਆਂ ਲੋਕ ਲਹਿਰਾਂ ਦੇ ਚੁਣੀਂਦਾ ਨਾਇਕਾਂ ਵਿੱਚੋਂ ਇੱਕ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਕੁਝ ਕੁ ਸਾਲਾਂ ਵਿੱਚ ਹੀ ਭਾਰਤ ਦੇ ਸਿਆਸੀ ਮੰਚ ‘ਤੇ ਚਲ ਰਹੇ ਬਿਰਤਾਂਤ ਨੂੰ ਨਾ ਸਿਰਫ ਨਵੀਂ ਦਿਸ਼ਾ ਹੀ ਦਿੱਤੀ ਸਗੋਂ ਪੂਰੇ ਦਾ ਪੂਰਾ ਸਿਆਸੀ ਪ੍ਰੋਗਰਾਮ ਵੀ ਦਿੱਤਾ ਜਿਸ ਤੋਂ ਪਹਿਲਾਂ ਵੱਡਾ ਹਿੱਸਾ ਵਿਰਵਾ ਮਹਿਸੂਸ ਕਰਦਾ ਸੀ। ਅੰਗਰੇਜੀ ਹਕੂਮਤ ਨੂੰ ਗੱਦੀਂਓ ਲਾਹ ਕੇ ਕਿਸ ਤਰ੍ਹਾਂ ਦਾ ਢਾਂਚਾ ਉਸਾਰਨਾ ਹੈ, ਇਸ ਬਾਰੇ ਵੱਡੇ ਸਵਾਲ ਸਨ। ਜਿਥੇ ਭਾਰਤੀ ਸਰਮਾਏਦਾਰ ਜਮਾਤ ਅੰਗਰੇਜ਼ੀ ਸਾਮਰਾਜ ਨਾਲ ਰਲ ਮਿਲ ਕੇ ਚੱਲਣ, ਰਾਜਭਾਗ ਵਿੱਚ ਆਪਣੀ ਭਾਈਵਾਲੀ (dominion state) ਦੀ ਮੰਗ ਕਰਕੇ ਲੋਕਾਂ ਦੀ ਅਜਾਦੀ ਦੀ ਤਾਂਘ ਤੇ ਸੰਘਰਸ਼ ਨੂੰ ਕੁਰਾਹੇ ਪਾਉਣ ਵਲ ਲੱਗੀ ਹੋਈ ਸੀ, ਉਥੇ ਭਗਤ ਸਿੰਘ ਨੇ ਆਪਣੀ ਜਥੇਬੰਦੀ ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ (1928) ਵਿੱਚ ਪੂਰਨ ਅਜ਼ਾਦੀ ਦਾ ਨਾਹਰਾ ਦਿੱਤਾ ਤੇ ਇਹ ਲੈ ਕੇ ਕਿਵੇਂ ਆਉਣੀ ਹੈ ਉਹ ਪ੍ਰੋਗਰਾਮ ਵੀ ਦਿੱਤਾ। ਉਹਨਾਂ ਕਿਹਾ ਕਿ ਈਸਟ ਇੰਡੀਆ ਕੰਪਨੀ ਅੱਗ ਲੈਣ ਆਈ ਘਰ ਦੀ ਮਾਲਕ ਬਣ ਕੇ ਬੈਠ ਗਈ, ਵਪਾਰ ਦੇ ਬਹਾਨੇ ਆ ਕੇ ਸਾਡੇ ਮੁਲਕ ਨੂੰ, ਸਾਡੇ ਲੋਕਾਂ ਦੀ ਕਿਰਤ ਨੂੰ ਲੁੱਟ ਕੇ ਲਿਜਾ ਰਹੇ ਨੇ। ਇਹਨਾਂ ਨੂੰ ਪੂਰੀ ਤਰ੍ਹਾਂ ਸਾਡਾ ਮੁਲਕ ਛੱਡਣਾ ਪੈਣਾ ਹੈ ਤੇ ਅਸੀਂ ਸਾਡੇ ਮੁਲਕ ਦਾ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਸਭਿਆਚਾਰਕ ਵਿਕਾਸ ਆਪ ਕਰਾਂਗੇ। ਉਹਨਾਂ ਨੇ ਅਦਾਲਤ ਵਿੱਚ ਜੱਜ ਦੇ ਸਵਾਲ ਦੇ ਜਵਾਬ ਕਿਹਾ ਕਿ ਇਨਕਲਾਬ ਤੋਂ ਸਾਡਾ ਭਾਵ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ’।

ਸ਼ਹੀਦ ਭਗਤ ਸਿੰਘ ਨੇ ਦੁਨੀਆਂ ਭਰ ਦੀਆਂ ਲੋਕ ਲਹਿਰਾਂ ਖਾਸ ਕਰ ਸਾਮਰਾਜ ਖਿਲਾਫ ਉਠੀਆਂ ਲਹਿਰਾਂ ਦਾ ਬਹੁਤ ਅਧਿਐਨ ਕੀਤਾ। ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਾਫ ਸੀ ਕਿ ਭਾਰਤ ਵਿੱਚ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਗੁੱਸਾ ਓਦੋਂ ਤੱਕ ਵਿਸ਼ਾਲ ਤੇ ਜਥੇਬੰਦਕ ਲੋਕ ਲਹਿਰ ਨਹੀਂ ਬਣ ਸਕਦਾ ਜਿਨਾਂ ਚਿਰ ਆਵਾਮ ਚੇਤਨ ਨਹੀਂ ਹੁੰਦਾ। ਉਹ ਲਿਖਦੇ ਨੇ ” ਆਪਣੇ ਸੰਘਰਸ਼ ਦਾ ਜਨਤਕ ਆਧਾਰ ਬਣਾਉਣ ਲਈ ਸਾਨੂੰ ਆਪਣਾ ਮਕਸਦ ਲੋਕਾਂ ਤੱਕ ਲੈ ਕੇ ਜਾਣਾ ਹੋਵੇਗਾ ਕਿਉਂਕਿ ਲੋਕਾਂ ਦੀ ਹਿਮਾਇਤ ਬਿਨਾਂ ਅਸੀਂ ਹੁਣ ਪੁਰਾਣ ਢੰਗ ਨਾਲ ਇੱਕ ਦੁੱਕਾ ਅੰਗਰੇਜ ਅਫਸਰ ਜਾਂ ਸਰਕਾਰੀ ਟਾਉਟਾਂ ਨੂੰ ਮਾਰਕੇ ਅਗਾਂਹ ਨਹੀਂ ਵਧ ਸਕਦੇ”।

ਇਸ ਤੋਂ ਪਹਿਲਾਂ ਲੋਕ ਅੱਡ ਅੱਡ ਥਾਵਾਂ ‘ਤੇ ਆਪਣੇ ਤੌਰ ‘ਤੇ ਆਪਣੇ ਤਰੀਕੇ ਨਾਲ ਲੜ ਰਹੇ ਸਨ। ਭਗਤ ਸਿੰਘ ਨੂੰ ਮੁਲਕ ਪੱਧਰੀ ਜਥੇਬੰਦੀ ਦੀ ਲੋੜ ਮਹਿਸੂਸ ਹੋਈ ਜੋ ਸਭ ਨੂੰ ਇੱਕ ਸੂਤਰ ‘ਚ ਪਰੋਅ ਸਕੇ। ਇਸ ਦੀ ਸ਼ੁਰੂਆਤ ਉਹਨਾਂ ਸਤੰਬਰ 1928 ‘ਚ “ਹਿੰਦੁਸਤਾਨ ਸੋਸ਼ਲਿਸ਼ਟ ਪ੍ਰਜਾਤੰਤਰ ਸੰਘ” ਬਣਾਕੇ ਕੀਤੀ ਜਿਸ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਤੇ ਪੰਜਾਬ ਦੇ ਇਨਕਲਾਬੀ ਸ਼ਾਮਿਲ ਹੋਏ।

ਭਗਤ ਸਿੰਘ ਨੂੰ ਅਹਿਸਾਸ ਸੀ ਕਿ ਲੋਕ ਲਹਿਰ ਉਸਾਰਨ ਲਈ ਲੋਕਾਂ ‘ਚ ਜਾਣਾ ਪੈਣਾ ਹੈ। ਇਹ ਕੰਮ ਜਿੰਨਾਂ ਔਖਾ ਹੈ ਉਨਾਂ ਅਣਸਰਦਾ ਵੀ ਹੈ। ਉਹ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਅਥਾਹ ਤਾਕਤ, ਹੌਂਸਲੇ ਤੇ ਕਠਿਨ ਹਾਲਤਾਂ ‘ਚ ਨਿਭਣ ਦੀ ਸਮਰੱਥਾ ਦਾ ਕਾਇਲ ਸੀ। ਉਹਨਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ” ਨੌਜਵਾਨੋ! ਉੱਠੋ ਜਾਗੋ! ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ”। ਸਾਨੂੰ ਆਪਣੀਆਂ ਜਿੰਦਗੀਆਂ ਲੋਕਾਂ ‘ਚ ਗੁਜਾਰਨੀਂ ਪੈਣਗੀਆਂ ਤੇ ਲੋਕਾਂ ਨੂੰ ਸਮਝਾਉਣਾ ਪਏਗਾ ਕਿ ਆਉਣ ਵਾਲੇ ਇਨਕਲਾਬ ਦਾ ਕੀ ਅਰਥ ਹੈ। ਇੱਕ ਹੋਰ ਥਾਂ ਕਹਿੰਦੇ ਨੇ ਕਿ “ਤਿਆਗ ਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇੱਕ ਹੈ ਸੀਨੇ ਵਿੱਚ ਗੋਲੀ ਖਾ ਕੇ ਜਾਂ ਫਾਂਸੀ ‘ਤੇ ਚੜ ਕੇ ਮਰਨਾ। ਇਸ ਵਿੱਚ ਚਮਕ ਦਮਕ ਜਿਆਦਾ ਹੈ ਪਰ ਤਕਲੀਫ ਘੱਟ। ਦੂਸਰਾ ਹੈ ਪਿੱਛੇ ਰਹਿਕੇ ਸਾਰੀ ਜ਼ਿੰਦਗੀ ਇਮਾਰਤ ਦਾ ਬੋਝ ਢੋਂਦੇ ਫਿਰਨਾ”।

ਭਗਤ ਸਿੰਘ ਬੋਲਣੀ ਤੇ ਲੇਖਣੀ ਦਾ ਮਾਹਿਰ ਸੀ। ਉਹ ਹਿੰਦੀ, ਉਰਦੂ, ਪੰਜਾਬੀ ‘ਚ ਇਕੋ ਜਿੰਨਾ ਮਾਹਰ ਸੀ ਤੇ ਅਜਿਹਾ ਕੋਈ ਮੌਕਾ ਨਹੀਂ ਸੀ ਹੁੰਦਾ ਜਦੋਂ ਭਗਤ ਸਿੰਘ ਕੋਲ ਕੋਈ ਕਿਤਾਬ ਨਾ ਹੁੰਦੀ। ਉਹ ਅੰਡਰ ਗਰਾਉਂਡ ਰਹਿ ਕੇ ਰਣਜੀਤ ਦੇ ਨਾਮ ‘ਤੇ ਲਿਖਦਾ ਤੇ ਛਪਦਾ ਰਿਹਾ। ਜੇਲ੍ਹ ‘ਚ ਕੈਦ ਦੌਰਾਨ ਉਸਨੇ ਸੰਸਾਰ ਭਰ ਦਾ ਸਹਿਤ ਪੜਿਆ। ਦਵਾਰਕਾ ਦਾਸ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਰਾਜਾ ਰਾਮ ਸ਼ਾਸ਼ਤਰੀ ਨੇ ਉਹਨਾਂ ਦੀ ਕਿਤਾਬਾਂ ਮੁਹੱਈਆ ਕਰਾਉਣ ‘ਚ ਬਹੁਤ ਮੱਦਦ ਕੀਤੀ। ਭਗਤ ਸਿੰਘ ਜੇਲ੍ਹ ਦੌਰਾਨ ਲੰਬਾ ਸਮਾ ਭੁੱਖ ਹੜਤਾਲ ‘ਤੇ ਰਿਹਾ, ਐਨਾ ਕਮਜ਼ੋਰ ਹੋ ਗਿਆ ਸੀ ਕਿ ਅਦਾਲਤ ਵਿੱਚ ਵੀ ਸਟਰੇਚਰ ‘ਤੇ ਲਿਜਾਂਦੇ ਸਨ ਪਰ ਉਹਨੇ ਪੜ੍ਹਨਾ ਤੇ ਲਿਖਣਾ ਨਾ ਛੱਡਿਆ। ਅੱਜ ਵੀ ਵਿਦਵਾਨ ਉਸਦੇ ਪੜ੍ਹਨ ਦੀ ਸਮਰੱਥਾ ਦੇ ਪ੍ਰਸੰਸ਼ਕ ਹਨ।

ਭਗਤ ਸਿੰਘ ਮਹਿਜ ਹਥਿਆਰਾਂ ‘ਤੇ ਪਸਤੌਲਾਂ ਦਾ ਸ਼ੌਕੀਨ ਨਹੀਂ ਸੀ ਜਿਵੇਂ ਉਸਨੂੰ ਪੇਸ਼ ਕਰਨ ਦੀ ਕੋਸ਼ੀਸ਼ ਕੀਤੀ ਜਾਂਦੀ ਹੈ। ਅਸੰਬਲੀ ਬੰਬ ਸੁੱਟਣ ਵੇਲੇ ਵੰਡੇ ਪੈਂਫਲਿਟ ਤੇ ਕੇਸ ਵਿੱਚ ਦਿੱਤੇ ਬਿਆਨਾਂ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਮੰਨਦੇ ਹਾਂ। ਅਸੀਂ ਐਸੇ ਉਜਲ ਭਵਿੱਖ ਵਿੱਚ ਵਿਸ਼ਵਾਸ਼ ਰੱਖਦੇ ਹਾਂ ਜਿਸ ਵਿੱਚ ਹਰੇਕ ਵਿਅਕਤੀ ਨੂੰ ਪੂਰਨ ਸਾਂਤੀ ਅਤੇ ਅਜ਼ਾਦੀ ਦਾ ਮੌਕਾ ਮਿਲ ਸਕੇ।ਅਸੀਂ ਸਾਮਰਾਜੀ ਫੌਜਾਂ ਦੇ ਭਾੜੇ ਦੇ ਟੱਟੂਆਂ ਵਰਗੇ ਨਹੀਂ ਹਾਂ ਜਿੰਨ੍ਹਾਂ ਨੂੰ ਬਿਨਾਂ ਕਿਸੇ ਅਫਸੋਸ ਦੇ ਹੱਤਿਆ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਅਸੀਂ ਜੀਵਨ ਦਾ ਸਨਮਾਨ ਕਰਦੇ ਹਾਂ ਤੇ ਲੱਗਦੀ ਵਾਹ ਇਸਨੂੰ ਬਚਾਉਣ ਦੀ ਕੋਸ਼ੀਸ਼ ਕਰਦੇ ਹਾਂ।

ਸ਼ਹੀਦ ਭਗਤ ਸਿੰਘ ਕੋਈ ਜਜ਼ਬਾਤ ਵਿੱਚ ਵਹਿ ਕੇ ਜਾਂ ਹੀਰੋਇਜਮ ਦੀ ਭਾਵਨਾ ਨਾਲ ਇਨਕਲਾਬ ਦੇ ਰਾਹ ‘ਤੇ ਨਹੀਂ ਤੁਰਿਆ ਸੀ ਸਗੋਂ ਇਨਕਲਾਬ ਦੇ ਵਿੱਚ ਉਸ ਦਾ ਦ੍ਰਿੜ ਵਿਸ਼ਵਾਸ ਵਿਗਿਆਨਕ ਨਜਰੀਏ ਤੋਂ ਸੀ। ਉਹ ਕਹਿੰਦਾ ਸੀ ਕਿ ਇਨਕਲਾਬ ਇੱਕ ਕੁਦਰਤ ਦਾ ਨਿਯਮ ਹੈ ਤੇ ਇਹ ਅਟੱਲ ਹੈ।

ਭਗਤ ਸਿੰਘ ਦਾ ਉਹ ਸ਼ੱਕ ਵੀ ਸੱਚ ਸਾਬਤ ਹੋਇਆ ਜਦੋਂ ਉਹਨੇ ਕਿਹਾ ਸੀ ਕਿ ਭਾਰਤੀ ਸਰਮਾਏਦਾਰ ਜਮਾਤ ਬਰਤਾਨਵੀ ਸਾਮਰਾਜ ਨਾਲ ਬਗਲਗੀਰ ਹੋ ਸਕਦੀ ਹੈ। ਅੱਜ ਪੌਣੀ ਸਦੀ ਬਾਦ ਵੀ ਲੋਕ ਆਪਣੇ ਬੁਨਿਆਦੀ ਮਸਲਿਆਂ ਦੀ ਲੜਾਈ ਲੜ ਰਹੇ ਹਨ। ਮੁਲਕ ਭਰ ਵਿੱਚ ਚਲ ਰਿਹਾ ਕਿਸਾਨ ਸੰਘਰਸ਼ ਸਾਮਰਾਜਵਾਦ ਦੇ ਖਿਲਾਫ ਸਿੱਧੀ ਲੜਾਈ ਹੈ। ਇਸ ਲੜਾਈ ਨੂੰ ਜਿੱਤ ਤੱਕ ਲਿਜਾਣ ਲਈ ਸ਼ਹੀਦ ਭਗਤ ਸਿੰਘ ਅੱਜ ਵੀ ਰਾਹ ਦਰਸਾਵਾ ਹੈ। ਉਸ ਦੇ ਦਿੱਤੇ ਸਬਕ ਅੱਜ ਵੀ ਓਨੇ ਹੀ ਪ੍ਰਸੰਗਕ ਨੇ। ਤਰੀਖਾਂ ਬਦਲਣ ਤੋਂ ਇਲਾਵਾ ਫਰਕ ਸਿਰਫ ਏਨਾ ਕੁ ਪਿਆ ਹੈ ਕਿ ਇਹ ਲੜਾਈ ਮੁਲਕ ‘ਚ ਬੈਠੇ ਸਿੱਧੇ ਸਾਮਰਾਜੀਆਂ ਨਾਲ ਨਾ ਹੋ ਕੇ ਉਹਨਾਂ ਦੀ ਕੱਠਪੁਤਲੀ ਬਣੇ ਦੇਸੀ ਹੁਕਮਰਾਨਾਂ ਨਾਲ ਹੈ ਪਰ ‘ਤੱਤ ਰੂਪ’ ਸਾਮਰਾਜਵਾਦੀ ਲੁੱਟ ਨੂੰ ਰੋਕਣਾ ਹੀ ਹੈ ਤੇ ਇਸ ਨੂੰ ਕੋਈ ਪੰਜ ਸੱਤ ਸੂਰਮਿਆਂ ਦੁਆਰਾ ਇੱਕਾ ਦੁੱਕਾ ਤੱਤੀਆਂ ਕਾਰਵਾਈਆਂ ਕਰਕੇ ਨਹੀਂ ਸਗੋਂ ਲੋਕਾਂ ਦੇ ਵਿਸ਼ਾਲ ਘੇਰੇ ਨੂੰ ਆਪਣੇ ਕਲਾਵੇ ‘ਚ ਲੈ ਕੇ, ਚੇਤਨ ਕਰਕੇ ਲੰਮਾ ਦਮ ਖਮ ਰੱਖਕੇ ਲੜਦਿਆਂ ਹੀ ਜਿੱਤ ਤੱਕ ਲਿਜਾਇਆ ਜਾ ਸਕਦਾ ਹੈ। ਨਾ ਹੀ ਕੱਲੇ ਕਿਸਾਨਾਂ ਦੇ ਲੜਿਆਂ ਸਰਨਾ ਹੈ ਸਗੋਂ ਇਹਨਾਂ ਲੋਕ ਵਿਰੋਧੀ ਕਦਮਾਂ ਦੀ ਮਾਰ ਹੇਠ ਸਮਾਜ ਦੇ ਹਰੇਕ ਵਰਗ ਨੇ ਆਉਣਾ ਹੈ ਸੋ ਉਹਨਾਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਲੋੜ ਹੈ। ਜਿਵੇਂ ਮਿਸਾਲ ਦੇ ਤੌਰ ‘ਤੇ ਪੇਂਡੂ ਤੇ ਖੇਤ ਮਜ਼ਦੂਰ ਜੋ ਸਾਡੀ ਵਸੋਂ ਦਾ ਵੱਡਾ ਹਿੱਸਾ ਹੈ ਤੇ ਇਹਨਾਂ ਕਾਨੂੰਨਾਂ ਦੀ ਸਿੱਧੀ ਮਾਰ ਹੇਠ ਹੈ। ਪਰ ਉਹਨਾਂ ਨੂੰ ਨਾਲ ਜੋੜਨ ਲਈ ਸਦੀਆਂ ਤੋਂ ਪਾਈਆਂ ਹੋਈਆਂ ਜਾਤ ਪਾਤੀ ਤੇ ਤੁਅਸਬੀ ਵਿੱਥਾਂ ਨੂੰ ਮੇਟਣਾ ਪੈਣਾ ਹੈ। ਨੌਜਵਾਨ ਤਬਕੇ ਨੂੰ ਵਕਤ ਦੀ ਇਸ ਪੁਕਾਰ ਨੂੰ ਬਹੁਤ ਸ਼ਿੱਦਤ ਨਾਲ ਹੂੰਗਾਰਾ ਭਰਦਿਆਂ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਕੇ ਅੱਗੇ ਵਧਣਾ ਚਾਹੀਦਾ ਹੈ ਤੇ ਉਸਦਾ ਸੁਨੇਹ ਫੇਰ ਤੋਂ ਉਭਾਰਨ ਦੀ ਲੋੜ ਹੈ ਕਿ ਨੌਜਵਾਨੋ! ਉੱਠੋ! ਜਾਗੋ, ਸਾਨੂੰ ਸੁੱਤਿਆਂ ਨੂੰ ਯੁਗ ਬੀਤ ਗਏ।

ਹਰਪਾਲ ਸਿੰਘ (ਪੋਰਟ ਅਗਸਟਾ) (ਦੱਖਣੀ ਆਸਟ੍ਰੇਲੀਆ)

Install Punjabi Akhbar App

Install
×