ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਪੰਥਕ ਧਿਰਾਂ ਦੀ ਭਵਿਖੀ ਰਣਨੀਤੀ ਕੀ ਹੋਵੇਗੀ

bagel singh dhaliwal 181118 ਗੁਰਦੁਆਰਾ ਪ੍ਰਬੰਧ

ਪਿਛਲੇ ਦਿਨਾਂ ਵਿੱਚ ਹੋਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਮੌਕੇ ਜੋ ਨਾਟਕ ਹੋਇਆ ਉਹ ਕੋਈ ਪਿਛਲੇ ਸਮੇ ਨਾਲੋ ਵੱਖਰਾ ਨਹੀ ਸੀ।ਜਿਸਤਰਾਂ ਚੋਣ ਤੋ ਇੱਕ ਦਿਨ ਪਹਿਲਾਂ ਹੀ ਸਾਰੇ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣ ਦਾ ਹਾਸੋਹੀਣਾ ਐਲਾਨ ਸਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਕੀਤਾ,ਉਸ ਤੋ ਇਹ ਸਪਸਟ ਹੋ ਗਿਆ ਸੀ ਕਿ ਬਾਦਲਾਂ ਨੂੰ ਸਿੱਖ ਭਾਵਨਾਵਾਂ ਦੀ ਕੋਈ ਪਰਵਾਹ ਨਹੀ,ਤੇ ਇਸ ਬਾਰ ਵੀ ਕੁੱਝ ਵੀ ਵੱਖਰਾ ਹੋਣ ਵਾਲਾ ਨਹੀ। ਸਾਰੇ ਅਧਿਕਾਰ ਦੇਣ ਦੀ ਤਾਂ ਕਾਗਜੀ ਕਾਰਵਾਈ ਹੀ ਪੂਰੀ ਕੀਤੀ ਜਾਂਦੀ ਹੈ,ਜਦੋ ਕਿ ਸੱਚ ਤਾਂ ਇਹ ਹੈ ਕਿ ਅਧਿਕਾਰ ਤਾਂ ਰਹਿੰਦੇ ਹੀ ਬਾਦਲ ਪਰਿਵਾਰ ਕੋਲ ਹਨ। ਸਰੋਮਣੀ ਕਮੇਟੀ ਦੀ ਇਸ ਸਲਾਨਾ ਚੋਣ ਨੇ ਕਈ ਪੱਖ ਵਿਚਾਰਨ ਲਈ ਸਿੱਖ ਸੰਗਤਾਂ ਸਾਹਮਣੇ ਰੱਖ ਦਿੱਤੇ ਹਨ।

ਪਹਿਲਾ ਤਾ ਇਹ ਹੈ ਕਿ,ਸਿੱਖ ਕੌਮ ਬਾਦਲ ਪਰਿਵਾਰ ਨੂੰ ਬੇਅਦਬੀ  ਅਤੇ ਬੇਅਦਬੀ ਸੰਘਰਸ਼ ਦੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਦੋਸ਼ੀਆਂ ਵਜੋਂ ਸਮਝ ਰਹੀ ਹੈ,ਜਿਸ ਕਰਕੇ ਉਹਨਾਂ ਦੀ ਹਾਲਤ ਆਂਮ ਲੋਕਾਂ ਦੀਆਂ ਨਜ਼ਰਾਂ ਵਿੱਚ ਤਰਸਯੋਗ ਵੀ ਬਣੀ ਹੋਈ ਹੈ,ਪ੍ਰੰਤੂ ਇਸ ਦੇ ਬਾਵਜੂਦ,ਉਹਨਾਂ ਵੱਲੋਂ ਸਿੱਖਾਂ ਦੇ ਗੁੱਸੇ ਨੂੰ ਵਕਤੀ ਸਮਝਕੇ ਲੋਕ ਭਾਵਨਾਵਾਂ ਦੀ ਪਰਵਾਹ ਨਾ ਕਰਨਾ,ਇਹ ਦਰਸਾਉਂਦਾ ਹੈ ਕਿ ਉਹ ਲੋਕਾਂ ਦੀ ਮਾਨਸਿਕਤਾ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ,ਇਸ ਲਈ ਅਜੇ ਤੱਕ ਬਾਦਲਾਂ ਨੇ ਹਾਰ ਨਹੀ ਮੰਨੀ।ਇਹੋ ਕਾਰਨ ਹੈ ਕਿ ਉਹਨਾਂ ਨੂੰ ਅਜੇ ਵੀ ਆਉਣ ਵਾਲਾ ਸਮਾ ਸੁਨਹਿਰੀ ਦਿਖਾਈ ਦਿੰਦਾ ਹੈ।ਜਿਸਤਰਾਂ ਬਾਦਲ ਅਕਾਲੀ ਦਲ,ਭਾਜਪਾ ਅਤੇ ਕਾਂਗਰਸ ਵਿਰੋਧੀ ਸਮੁੱਚੀਆਂ ਪੰਥਕ ਅਤੇ ਰਾਜਨੀਤਕ ਧਿਰਾਂ ਹਾਉਮੈ ਅਤੇ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਹੋੜ ਵਿੱਚ ਲੱਗੀਆਂ ਹੋਈਆਂ ਹਨ,ਉਸ ਤੋ ਜਾਪਦਾ ਹੈ ਕਿ ਬਾਦਲਾਂ ਦਾ ਉਜਲੇ ਭਵਿੱਖ ਦੀ ਆਸ ਰੱਖਣਾ ਗਲਤ ਨਹੀ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਇਸ ਮੌਕੇ ਬਾਦਲਾਂ ਦੀ ਹਾਲਤ ਪਾਣੀਉਂ ਪਤਲੀ ਹੈ ਤੇ ਇਹਦੇ ਵਿੱਚ ਵੀ ਕੋਈ ਝੂਠ ਨਹੀ ਕਿ ਬਾਦਲ ਵਿਰੋਧੀ ਧਿਰਾਂ ਵੀ ਕੋਈ ਇਮਾਨਦਾਰ ਪਹੁੰਚ ਅਪਨਾਉਣ ਤੋ ਅਸਮਰੱਥ ਰਹੀਆਂ ਹਨ। ਇਹ ਵੀ ਸੱਚ ਹੈ ਕਿ ਬਾਦਲ ਵਿਰੋਧੀ ਧਿਰਾਂ ਆਪਣੇ ਆਪ ਨੂੰ ਇਸ ਕਾਬਲ ਬਨਾਉਣ ਵਿੱਚ ਅਜੇ ਤੱਕ ਕਾਮਯਾਬ ਨਹੀ ਹੋ ਸਕੀਆਂ,ਕਿ ਉਹ ਬਾਦਲ ਨੂੰ ਧਾਰਮਿਕ ਜਾਂ ਸਿਆਸੀ ਪਿੜ ਵਿੱਚ ਮਾਤ ਦੇ ਸਕਣ।

ਬਿਨਾ ਸ਼ੱਕ ਬਰਗਾੜੀ ਮੋਰਚੇ ਨੇ ਪੰਜਾਬ ਨਾਲ ਦਿਲੋਂ ਪਿਆਰ ਕਰਨ ਵਾਲੀਆਂ ਧਿਰਾਂ ਨੂੰ ਏਕਤਾ ਕਰਨ ਲਈ ਬੜਾ ਸੁਨਹਿਰੀ ਮੌਕਾ ਬਖਸ਼ਿਆ ਹੈ, ਪਰ ਇੰਜ ਜਾਪਦਾ ਹੈ ਕਿ ਕੋਈ ਵੀ ਧਿਰ ਹਾਉਮੈ ਛੱਡਣ ਲਈ ਸੁਹਿਰਦ ਨਹੀ ਹੈ। ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੌਕੇ ਹੋਇਆ,ਉਹ ਕੌਂਮ ਲਈ ਮੰਦਭਾਗਾ ਸੁਨੇਹਾ ਹੈ ਜਿਸ ਤਰਾਂ ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ ਕੀਤੀ ਗਈ,ਇਸ ਤੋ ਸਾਫ ਜਾਹਰ ਹੈ ਕਿ ਬਾਦਲ ਲਾਣੇ ਦੀ ਧੌਣ ਚੋ ਆਕੜ ਦਾ ਕਿੱਲਾ ਅਜੇ ਨਿਕਲਿਆ ਨਹੀ ਹੈ, ਓਧਰ ਦੂਜੇ ਪਾਸੇ ਵਿਰੋਧੀ ਧਿਰ ਵਾਲੇ ਮੈਂਬਰਾਂ ਦਾ ਹਾਜਰ ਰਹਿ ਕੇ ਵਿਰੋਧ ਜਤਾਉਣ ਦੀ ਬਜਾਏ ਚੁੱਪ ਹੋ ਜਾਣ ਵਾਲੀ ਸਿਆਣਪ ਦੀ ਸਮਝ ਨਹੀ ਆ ਰਹੀ। ਪੰਥਕ ਅਸੈਂਬਲੀਆਂ ਬਣਾ ਕੇ ਸਰਕਾਰ ਦੇ ਸਮਾਨਾਂਤਰ ਸਰਕਾਰ ਦਾ ਸੁਨੇਹਾ ਦੇਣ ਵਾਲੇ ਪੰਥਕ ਆਗੂ ਆਪਣੇ ਮੁਢਲੇ ਫਰਜਾਂ ਤੋ ਲਾਪਰਵਾਹ ਕਿਉਂ ਹੋ ਗਏ ਹਨ? ਉਹਨਾਂ ਦੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਅਸਰਦਾਰ ਭੂਮਿਕਾ ਨਿਭਾਉਣ ਤੋ ਪਿੱਛੇ ਹਟਣ ਨਾਲ ਜਿੱਥੇ ਪੰਥ ਦੋਖੀ ਤਾਕਤਾਂ ਨੂੰ ਮੌਕੇ ਤੇ ਬਲ ਮਿਲਿਆ ਹੈ,ਓਥੇ ਉਹਨਾਂ ਦੀ ਇਸ ਚੋਣ ਪ੍ਰਕਿਰਿਆ ਦਾ ਵਿਰੋਧ ਨਾ ਕਰਨ ਦੀ ਗਲਤੀ ਨਾਲ ਸਰੋਮਣੀ ਕਮੇਟੀ ਦੀ ਇਸ ਨਾਟਕਵਾਜੀ ਨੂੰ ਦੁਨੀਆਂ ਸਾਹਮਣੇ ਰੱਖਣ ਤੋਂ ਵੀ ਉਕਤਾ ਗਏ ਹਨ।ਜਦੋ ਤੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ,ਉਸ ਮੌਕੇ ਤੋ ਹੀ ਸਿੱਖ ਮਨਾਂ ਅੰਦਰ ਬਾਦਲਾਂ ਪ੍ਰਤੀ ਭਾਰੀ ਰੋਸ ਹੈ।ਬਰਗਾੜੀ ਮੋਰਚੇ ਨੇ ਸੰਗਤਾਂ ਦੇ ਗੁੱਸੇ ਨੂੰ ਹੋਰ ਤਾਜਾ ਕਰ ਦਿੱਤਾ।

ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸਨ ਤੇ ਕਰਵਾਈ ਗਈ ਜਨਤਕ ਬਹਿਸ ਨੇ ਬਾਦਲ ਦਲ ਦੀ ਹੋਰ ਵੀ ਮਿੱਟੀ ਪਲੀਤ ਕੀਤੀ।ਪਹਿਲੀ ਬਾਰ ਸਿੱਖਾਂ ਨੂੰ ਇਹ ਯਕੀਨਨ ਅਹਿਸਾਸ ਹੋਇਆ ਕਿ ਅਕਾਲੀ ਦਲ ਬਾਦਲ ਹੀ ਪੰਥ ਅਤੇ ਪੰਜਾਬ ਲਈ ਸਭ ਤੋਂ ਮਾੜਾ ਸਾਸਕ ਰਿਹਾ ਹੈ,ਜਿਸਨੇ ਪੰਥ ਦੇ ਨਾਮ ਤੇ ਲੰਮਾ ਸਮਾ ਸਫਲ ਰਾਜਨੀਤੀ ਕੀਤੀ ਅਤੇ ਰਾਜ ਭਾਗ  ਦਾ ਨਿੱਘ ਮਾਣਿਆ।ਅੱਜ ਭਾਂਵੇਂ ਉਹਨਾਂ ਕੋਲੋਂ ਰਾਜਨੀਤਕ ਤਾਕਤ ਖੁੱਸ ਗਈ ਹੈ,ਤੇ ਉਹਨਾਂ ਦੇ ਪੁਰਾਣੇ ਸਾਥੀ ਤੇ ਟਕਸਾਲੀ ਅਕਾਲੀ ਉਹਨਾਂ ਦਾ ਸਾਥ ਛੱਡਣ ਵਿੱਚ ਆਪਣੀ ਭਲਾਈ ਸਮਝ ਰਹੇ ਹਨ,ਇਸ ਦੇ ਬਾਵਜੂਦ ਵੀ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸਰੋਮਣੀ ਕਮੇਟੀ ਦੇ ਮੈਬਰਾਂ ਨੂੰ ਬਾਦਲ ਦੇ ਗਲਵੇ ਵਿੱਚੋਂ ਕੱਢਣ ਵਿੱਚ ਸਫਲ  ਨਹੀ ਹੋ ਸਕੀਆਂ। ਜਿਸ ਦਾ ਨਤੀਜਾ ਇਸ ਵਾਰ ਦੀ ਹੋਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਸਭ ਦੇ ਸਾਹਮਣੇ ਹੈ।ਇਸ ਸਾਰੇ ਵਰਤਾਰੇ ਨੂੰ ਭਾਂਪਦਿਆਂ ਇਸ ਗੱਲ ਦੀ ਬੇਹੱਦ ਹੈਰਾਨੀ ਹੁੰਦੀ ਹੈ ਤੇ ਇਹ ਸੁਆਲ ਉੱਠਦਾ ਹੈ ਕਿ ਫਿਰ ਪੰਥਕ ਧਿਰਾਂ ਕੀ ਭੂਮਿਕਾ ਅਦਾ ਕਰ ਰਹੀਆਂ ਹਨ? ਇਹਦੇ ਵਿੱਚ ਵੀ ਕੋਈ ਸ਼ੱਕ ਨਹੀ ਕਿ ਬਾਦਲਾਂ ਦੀ ਮਰਜੀ ਤੋਂ ਬਗੈਰ ਸਰੋਮਣੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣੀਆਂ ਸੰਭਵ ਨਹੀ,ਪਰ ਪੰਥਕ ਧਿਰਾਂ ਦਾ ਇੱਥੇ ਕੀ ਸਟੈਂਡ ਹੋਵੇਗਾ,ਇਸ ਫਿਕਰਮੰਦੀ ਦਾ ਭੰਬਲਭੂਸਾ ਵੀ ਬਰਕਰਾਰ ਹੈ।

ਆਮ ਲੋਕ ਮਨਾਂ ਵਿੱਚ ਇਹ ਗੱਲ ਘਰ ਕਰਕੇ ਬੈਠ ਗਈ ਹੈ ਕਿ ਕਿਸੇ ਤੋਂ ਕੁੱਝ ਨਹੀ ਹੋਣਾ,ਜਦੋ ਗਹਿਰਾਈ ਨਾਲ ਇਸ ਵਿਸ਼ੇ ਤੇ ਝਾਤ ਪਾਉਂਦੇ ਹਾਂ ਤਾਂ ਇਹ ਸੱਚ ਵੀ ਜਾਪਦਾ ਹੈ,ਕਿਉਕਿ ਬਾਦਲ ਦਲ ਮਾੜੇ ਹਾਲਾਤਾਂ ਵਿੱਚ ਵੀ ਬਜਾਏ ਢੇਰੀ ਢਾਹ ਕੇ ਬੈਠਣ ਦੇ ਕੋਈ ਨਾ ਕੋਈ ਨਿੱਜੀ ਪਰਾਪਤੀਆਂ ਕਰਦਾ ਹੀ ਜਾ ਰਿਹਾ ਹੈ।ਮਿਸ਼ਾਲ ਦੇ ਤੌਰ ਤੇ ਜੇਕਰ ਇੱਥੇ ਗੁਰਦੁਆਰਾ ਪ੍ਰਬੰਧ ਦੀ ਗੱਲ ਹੀ ਕਰੀਏ, ਤਾਂ ਇਸ ਸਮੇ ਅਕਾਲੀ ਦਲ ਬਾਦਲ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਇਲਾਵਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਗੁਰਦੁਆਰਾ ਬੋਰਡ ਤਖਤ ਸ੍ਰੀ ਪਟਨਾ ਸਾਹਿਬ ਤੇ ਆਪਣਾ ਕਬਜਾ ਜਮਾ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਹੀ ਪਟਨਾ ਸਾਹਿਬ ਗੁਰਦੁਆਰਾ ਬੋਰਡ ਦਾ ਪ੍ਰਧਾਨ ਬਾਦਲਾਂ ਨੇ ਆਪਣੇ ਚਹੇਤ ਵਫਾਦਾਰ ਦਿੱਲੀ ਦੇ ਅਵਤਾਰ ਸਿੰਘ ਹਿੱਤ ਨੂੰ ਬਣਾਇਆ ਹੈ।ਕਣਸੋਹਾਂ ਇਹ ਵੀ ਮਿਲ ਰਹੀਆਂ ਹਨ ਕਿ ਇਸ ਤੋ ਵੀ ਅੱਗੇ ਜਾਕੇ ਸ੍ਰ ਬਾਦਲ ਨੇ ਆਰ ਐਸ ਐਸ ਦੇ ਸਹਿਯੋਗ ਨਾਲ ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਕਬਜੇ ਦੀ ਬਿਉਂਤਬੰਦੀ ਵੀ ਬਣਾ ਲਈ ਹੈ,ਇਸ ਸੰਦਰਭ ਵਿੱਚ ਸ੍ਰ ਸੁਖਬੀਰ ਸਿੰਘ ਬਾਦਲ ਦੀ ਭਾਜਪਾ ਦੀ ਹਾਈਕਮਾਂਡ ਨਾਲ ਵੀ ਮੀਟਿੰਗ ਹੋਣ ਦੀਆਂ ਖਬਰਾਂ ਆ ਰਹੀਆਂ ਹਨ।

ਤਖਤ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਬੋਰਡ ਦੇ ਕੁੱਝ ਮੈਂਬਰ ਅਤੇ ਹੋਰ ਬਾ-ਰਸੂਖ ਸਿੱਖਾਂ ਦਾ ਕਹਿਣਾ ਹੈ ਕਿ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਮਹਾਰਾਸਟਰ ਦੀ ਭਾਜਪਾ ਸਰਕਾਰ ਨੇ ਗੁਰਦੁਅਰਾ ਬੋਰਡ ਸ੍ਰੀ ਹਜੂਰ ਸਾਹਿਬ ਦੇ ਚੇਅਰਮੈਨ ਤਾਰਾ ਸਿੰਘ ਤੋ ਉਹਨਾਂ ਦਾ ਅਸਤੀਫਾ ਵੀ ਲੈ ਲਿਆ ਹੈ। ਭਾਂਵੇਂ ਦੱਖਣੀ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਅਸੀ ਕਿਸੇ ਵੀ ਕੀਮਤ ਤੇ ਬਾਦਲਾਂ ਦੇ ਕਬਜੇ ਹੇਠਲੀ ਸਰੋਮਣੀ ਕਮੇਟੀ ਦੇ ਕਿਸੇ ਮੈਬਰ,ਪ੍ਰਧਾਨ ਨੂੰ ਗੁਰਦੁਆਰਾ ਬੋਰਡ ਸ੍ਰੀ ਹਜੂਰ ਸਾਹਿਬ ਤੇ ਕਬਜਾ ਕਰਨ ਦੀ ਇਜਾਜ਼ਾਤ ਨਹੀ ਦੇਵਾਂਗੇ,ਪ੍ਰੰਤੂ ਇਸ ਸਾਰੇ ਵਰਤਾਰੇ ਦੇ ਮੱਦੇਨਜ਼ਰ ਪੰਥਕ ਧਿਰਾਂ ਲਈ ਇਹ ਗੱਲ ਵਿਚਾਰਨ ਵਾਲੀ ਜਰੂਰ ਹੈ ਕਿ,ਜਿਹੜੇ ਬਾਦਲਾਂ ਦੇ ਖਤਮ ਹੋਣ ਦਾ ਰੌਲਾ ਪਾਕੇ ਤੁਸੀ ਖੁਸ਼ ਹੋ ਰਹੇ ਹੋ,ਉਹ ਖਤਮ ਨਹੀ ਹੋਏ ਬਲਕਿ ਹੋਰ ਅੱਗੇ ਵਧ ਰਹੇ ਹਨ।ਪੰਥ ਦਾ ਬੇ-ਅਥਾਹ ਘਾਣ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਦਾ ਅੱਗੇ ਵਧਦੇ ਜਾਣਾ ਪੰਥ ਲਈ ਸ਼ੁਭ ਨਹੀ ਹੈ। ਸੋ ਉਪਰੋਕਤ ਦੇ ਸੰਦਰਭ ਵਿੱਚ ਪੰਜਾਬ ਤੇ ਪੰਥ ਪ੍ਰਸਤ ਸਮੁੱਚੀਆਂ ਧਿਰਾਂ ਕੀ ਰਾਇ ਰੱਖਦੀਆਂ ਹਨ?ਉਹਨਾਂ ਦੀ ਭਵਿੱਖ ਲਈ ਕੀ ਰਣਨੀਤੀ ਹੈ? ਇਹ ਸੁਆਲਾਂ ਸਮੇਤ ਸਾਰੇ ਹੀ ਭਖਦੇ ਪੰਥਕ ਮਸਲਿਆਂ ਦੇ ਹੱਲ ਸਬੰਧੀ ਪੰਥਕ ਧਿਰਾਂ ਨੂੰ ਠੋਸ ਜਵਾਬ ਦੇਣੇ ਹੋਣਗੇ।

Welcome to Punjabi Akhbar

Install Punjabi Akhbar
×
Enable Notifications    OK No thanks