ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਜਥੇਬੰਦੀਆਂ’ ਤੇ ਹਮਲਾ ਅਤੇ ਕਕਾਰਾਂ ਦੀ ਬੇਅਦਬੀ ਸ਼ਰਮਨਾਕ ਤੇ ਦੁੱਖਦਾਈ: ਪੰਥਕ ਤਾਲਮੇਲ ਸੰਗਠਨ

15 ਸਤੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਗਾਇਬ ਸਰੂਪਾਂ ਦੇ ਮਾਮਲੇ ਵਿਚ ਢੁਕਵੀਂ ਕਾਰਵਾਈ ਲਈ ਆਵਾਜ਼ ਬੁਲੰਦ ਕਰਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੀਆਂ ਕੁਝ ਜਥੇਬੰਦੀਆਂ ਉੱਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਸੰਗਠਨ ਅਨੁਸਾਰ ਵਿਚਾਰ ਦੀ ਥਾਂ ਤਕਰਾਰ ਦੇ ਨਾਲ ਨਾਲ ਕਕਾਰਾਂ ਦੀ ਬੇਅਦਬੀ ਨਾਲ ਕੌਮ ਸ਼ਰਮਸ਼ਾਰ ਤੇ ਪੀੜਤ ਹੋਈ ਹੈ। ਪ੍ਰੈਸ ਨਾਲ ਹੋਈ ਧੱਕੇਸ਼ਾਹੀ ਨੇ ਸ਼੍ਰੋਮਣੀ ਕਮੇਟੀ ਦੇ ਪੱਖਪਾਤੀ ਅੜੀਅਲ ਰਵੱਈਏ ਦੀ ਗਵਾਹੀ ਦਰਜ ਕਰਾਈ ਹੈ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਪੇਚੀਦਾ ਤੇ ਵਿਵਾਦਤ ਮਸਲਿਆਂ ਪ੍ਰਤੀ ਕੌਮੀ ਜਥੇਬੰਦੀਆਂ ਦੇ ਕੰਮ ਕਰਨ ਅਤੇ ਆਵਾਜ਼ ਉਠਾਉਣ ਦੇ ਢੰਗ ਵਿਚ ਭਿੰਨਤਾਵਾਂ ਹੁੰਦੀਆਂ ਹਨ, ਪਰ ਕਿਸੇ ਨੂੰ ਕਿਸੇ ਉੱਪਰ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਗਾਇਬ ਸਰੂਪਾਂ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਜਾਂਚ ਕਮੇਟੀ ਬਣਨ ਅਤੇ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੱਕ ਪੰਥਕ ਧਿਰਾਂ ਆਪਣੀ ਅੰਸਤੁਸ਼ਟੀ ਜ਼ਾਹਰ ਕਰਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਂਚ ਰਿਪੋਰਟ ਦੇ ਆਧਾਰ’ਤੇ ਅੰਤ੍ਰਿਗ ਕਮੇਟੀ ਦੀ ਪਹਿਲੀ ਬੈਠਕ ਵਲੋਂ ਕੀਤੇ ਐਲਾਨ ਨੂੰ ਅੱਕ ਚੱਬਦਿਆਂ ਹਜ਼ਮ ਕੀਤਾ। ਦੂਸਰੀ ਬੈਠਕ ਵਿਚ ਕਮੇਟੀ ਵਲੋਂ ਕੱਟੇ ਕੂਹਣੀ ਮੋੜ ਤੋਂ ਬਾਅਦ ਪੰਥ ਨੂੰ ਅੱਖਾਂ ਵਿਚ ਘੱਟਾ ਪੈਣ ਦੀ ਰੜਕ ਨੇ ਤੜਫਾਇਆ। ਪੰਥ ਦੀ ਸਹਿਮਤੀ ਤੇ ਸੰਤੁਸ਼ਟੀ ਲਈ ਕੋਈ ਕਾਰਗਰ ਕਦਮ ਸਾਹਮਣੇ ਨਹੀਂ ਆਇਆ। ਸਿੱਟੇ ਵਜੋਂ ਆਪੋ ਆਪਣੀ ਸਮਝ ਸਮਰੱਥਾ ਨਾਲ ਜਥੇਬੰਦੀਆਂ ਸੰਘਰਸ਼ ਦੇ ਰਾਹ ਪੈ ਰਹੀਆਂ ਹਨ। ਸਮੂਹਿਕ ਪੰਥਕ ਏਕਤਾ ਨਾਲ ਤੁਰਨ ਦੀ ਲਾਮਬੰਦੀ ਦੀ ਘਾਟ ਕਿਤੇ ਵਾਟੇ ਰਹਿ ਰਹੀ ਹੈ।
ਇਸ ਅਹਿਮ ਕੌਮੀ ਮਸਲੇ ਨਾਲ ਕੌਮੀ ਆਨ-ਸ਼ਾਨ ਬਰਕਰਾਰ ਰੱਖਦਿਆਂ ਨਿਪਟਣ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੇ ਬੱਚੇ ਬੱਚੇ ਦੀ ਆਵਾਜ਼ ਨੂੰ ਸਨਮਾਨ ਨਾਲ ਸੁਣਨਾ ਮੰਨਣਾ ਚਾਹੀਦਾ ਹੈ। ਗੁਰਬਾਣੀ ਪੜ੍ਹਦਿਆਂ, ਸੇਵਾ ਤੇ ਸਿਮਰਨ ਕਰਦਿਆਂ ਕਦੇ ਬਰਗਾੜੀ ਤੇ ਬਹਿਬਲ ਕਲਾਂ ਪੁਲਿਸ ਹੱਥੋਂ ਅਤੇ ਕਦੇ ਦਰਬਾਰ ਸਾਹਿਬ ਟਾਸਕ ਫੋਰਸ ਹੱਥੋਂ ਸਿੱਖ ਸੰਗਤਾਂ’ਤੇ ਹਮਲਿਆਂ ਨਾਲ ਮਸਲੇ ਉਲਝ ਰਹੇ ਹਨ।
ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਅਤੇ ਅਕਾਲ ਪੁਰਖ ਕੀ ਫ਼ੌਜ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁ: ਪ੍ਰੰ: ਕਮੇਟੀ ਵਲੋਂ ਗਾਇਬ ਸਰੂਪਾਂ ਦੀ ਜਾਂਚ ਸਬੰਧੀ ਸੂਚਨਾ ਅਧਿਕਾਰ ਹੇਠ ਮੰਗੀ ਗਈ ਜਾਣਕਾਰੀ ਅਜੇ ਤੱਕ ਨਾ ਮਿਲਣੀ ਸ਼੍ਰੋਮਣੀ ਕਮੇਟੀ ਦੀ ਗੈਰ-ਜ਼ਿੰਮੇਵਾਰ ਗੰਭੀਰਤਾ ਦਾ ਪ੍ਰਗਟਾਵਾ ਹੈ। ਸਿਰਮੌਰ ਸੰਸਥਾ ਆਪਣੀ ਵੱਡੀ ਭੂਮਿਕਾ ਨੂੰ ਪਛਾਣੇ ਜਿਸ ਨਾਲ ਜਥੇਬੰਦੀਆਂ ਨੂੰ ਸੜਕਾਂ’ ਤੇ ਉੱਤਰਨ ਲਈ ਜਾਂ ਫਿਰ ਅਦਾਲਤਾਂ ਦੇ ਬੂਹੇ ਖੜਕਾਉਣ ਲਈ ਮਜ਼ਬੂਰ ਨਾ ਹੋਣਾ ਪਵੇ।

Install Punjabi Akhbar App

Install
×