‘ਟ੍ਰਾਂਸ-ਟੈਸਮਨ ਬਬਲ’ ਦੇ ਪਹਿਲੇ ਹੀ ਦਿਨ ਫੜੇ ਗਏ ਨਿਊਜ਼ੀਲੈਂਡ ਤੋਂ ਆਏ 17 ਯਾਤਰੀ

ਸਿਡਨੀ ਤੋਂ ਮੈਲਬੋਰਨ ਦੀ ਲਈ ਸੀ ਫਲਾਈਟ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਸਮਝੌਤੇ ‘ਟ੍ਰਾਂਸ-ਟੈਸਮਨ ਬਬਲ’ ਦੇ ਪਹਿਲੇ ਹੀ ਦਿਨ ਸਿਡਨੀ ਪਹੁੰਚੀ ਫਲਾਈਟ ਵਿੱਚੋਂ ਉਤਰ ਕੇ 17 ਯਾਤਰੀਆਂ ਨੇ ਮੈਲਬੋਰਨ ਦੀ ਕਨੈਕਟਿੰਗ ਫਲਾਈਟ ਫੜ੍ਹ ਲਈ ਪਰੰਤੂ ਮੈਲਬੋਰਨ ਏਅਰਪੋਰਟ ਤੇ ਅਧਿਕਾਰੀਆਂ ਵੱਲੋਂ ਦੋਹਾਂ ਦੇਸ਼ਾਂ ਦੇ ਇਕਰਾਰਨਾਮੇ ਮੁਤਾਬਿਕ, ਕੋਵਿਡ-19 ਦੇ ਮਿੱਥੇ ਗਏ ਨਿਯਮਾਂ ਦੀ ੳਲੰਘਣਾ ਕਾਰਨ ਫੜ੍ਹ ਲਏ ਗਏ। ਪਰੰਤੂ ਵਿਕਟੋਰੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ ਨੇ ਸ਼ੁਕਰਵਾਰ ਦੇਰ ਰਾਤ ਨੂੰ ਇੱਕ ਘੋਸ਼ਣਾ ਜਾਰੀ ਕਰਦਿਆਂ ਕਿਹਾ ਕਿ ਵਿਕਟੋਰੀਆ ਰਾਜ ਨੇ ਹਾਲੇ ਅੰਤਰਰਾਸ਼ਟਰੀ ਯਾਤਰੀਆਂ ਵਾਸਤੇ ਆਪਣੇ ਦਵਾਰ ਖੋਲ੍ਹੇ ਹੀ ਨਹੀਂ ਹਨ ਪਰੰਤੂ ਨਿਊ ਸਾਊਥ ਵੇਲਜ਼ ਨੇ ਅਜਿਹੇ ਯਾਤਰੀਆਂ ਦਾ ਆਵਾ-ਗਮਨ ਮੰਨ ਲਿਆ ਹੈ। ਹਾਲ ਦੀ ਘੜੀ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਯਾਤਰੀਆਂ ਨੂੰ ਲੈ ਕੇ ਕਿੱਥੇ ਜਾਇਆ ਗਿਆ ਹੈ ਅਤੇ ਕਿੱਥੇ ਰੱਖਿਆ ਗਿਆ ਹੈ। ਦੂਜੇ ਪਾਸੇ, ਬਾਹਰੀ ਦੇਸ਼ਾਂ ਅੰਦਰ ਕਰੋਨਾ ਕਾਰਨ ਫਸੇ ਹੋਏ ਹੋਰ ਆਸਟ੍ਰੇਲੀਆਈ ਆਪਣੇ ਘਰਾਂ ਨੂੰ ਪਰਤਣ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਅਗਲੇ ਹਫਤੇ ਹੋਰ ਅਜਿਹੇ ਯਾਤਰੀ ਪਰਤਣਗੇ। ਫੈਡਰਲ ਸਰਕਾਰ ਅਤੇ ਨਾਰਦਰਨ ਟੈਰਿਟਰੀ ਦਰਮਿਆਨ ਵੀ ਬਾਹਰੋਂ ਆਉਣ ਵਾਲੇ ਆਸਟ੍ਰੇਲੀਆਈ ਯਾਤਰੀਆਂ ਬਾਰੇ ਸਮਝੌਤਾ ਹੋਇਆ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਕੁਆਰਨਟੀਨ ਲਈ ਡਾਰਵਿਨ ਦੇ ਦੱਖਣ ਵਿੱਚ ਇੱਕ ਮਾਈਨਿੰਗ ਕੈਂਪ ਵਿੱਚ ਰੱਖਿਆ ਜਾਵੇਗਾ। ਆਉਣ ਵਾਲੇ ਹਫ਼ਤਿਆਂ ਅੰਦਰ ਲੰਡਨ, ਨਵੀਂ ਦਿੱਲੀ ਅਤੇ ਜੋਹਾਨਸਬਰਗ ਤੋਂ ਘੱਟੋ ਘੱਟ 8 ਅਜਿਹੀਆਂ ਫਲਾਈਟਾਂ ਆਸਟ੍ਰੇਲੀਆ ਆਉਣਗੀਆਂ। ਜ਼ਿਕਰਯੋਗ ਹੈ ਕਿ ਹਾਲੇ ਵੀ 29,000 ਤੋਂ ਵੀ ਜ਼ਿਆਦਾ ਆਸਟ੍ਰੇਲੀਆਈ ਨਿਵਾਸੀ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਲਈ ਬੇਚੈਨ ਹਨ।

Install Punjabi Akhbar App

Install
×