ਅਵਾਮ ਦੇ ਦੋਸ਼ਾਂ ਨੂੰ ਲੱਗਾ ਝਟਕਾ, ਕੈਨੇਡਾ ਦੇ ਮਾਨ ਪਰਿਵਾਰ ਦਾ ਦਾਅਵਾ-ਕਾਨੂੰਨੀ ਤਰੀਕੇ ਨਾਲ ਦਿੱਤਾ ਸੀ ਚੰਦਾ

awam

ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰਾਂ ਦੁਆਰਾ ਬਣਾਈ ਗਈ ਆਪ ਵਲੰਟੀਅਰ ਐਕਸ਼ਨ ਮੰਚ (ਅਵਾਮ) ਦੁਆਰਾ ਆਮ ਆਦਮੀ ਪਾਰਟੀ ‘ਤੇ ਹਵਾਲਾ ਦੇ ਰਾਹੀਂ ਰਕਮ ਲੈਣ ਦੇ ਲਗਾਏ ਗਏ ਦੋਸ਼ਾਂ ਨੂੰ ਉਸ ਵਕਤ ਜ਼ੋਰਦਾਰ ਝਟਕਾ ਲੱਗਾ, ਜਦੋਂ ਇਕ ਟੀ.ਵੀ. ਚੈਨਲ ਦੀ ਪੜਤਾਲ ਦੌਰਾਨ ਆਪ ਨੂੰ ਚੰਦਾ ਦੇਣ ਵਾਲਿਆਂ ਵਿਚੋਂ ਕੈਨੇਡਾ ਦਾ ਮਾਨ ਪਰਿਵਾਰ ਸਾਹਮਣੇ ਆ ਗਿਆ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਚੰਦਾ ਦੇਣ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਹੈ। ਮਾਨ ਪਰਿਵਾਰ ਦੀ ਮੈਂਬਰ ਜਸਕੀਰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹ ਕੈਨੇਡਾ ‘ਚ ਰਹਿੰਦੀ ਹੈ, ਜਿਥੇ ਬਲੈਕ ਮਨੀ ਦਾ ਲੈਣਾ ਦੇਣਾ ਬਿਲਕੁਲ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਮਰਥਕ ਦੀ ਹੈਸੀਅਤ ਨਾਲ ਆਪਣੇ ਕਰੈਡਿਟ ਕਾਰਡ ਰਾਹੀਂ 1,000 ਡਾਲਰ ਦਾ ਚੰਦਾ ਦਿੱਤਾ ਸੀ ਪਰ ਅਵਾਮ ਨੇ ਚੈੱਕ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਵਾਮ ਨੂੰ ਦੋਸ਼ ਲਗਾਉਣ ਤੋਂ ਪਹਿਲਾ ਇਹ ਜਾਂਚ ਕਰਨੀ ਚਾਹੀਦੀ ਸੀ ਕਿ ਕੀ ਚੈੱਕ ਆਮ ਆਦਮੀ ਪਾਰਟੀ ਦੇ ਖਾਤੇ ‘ਚ ਜਮ੍ਹਾ ਹੋਇਆ ਹੈ। ਇਸ ਤੋਂ ਇਲਾਵਾ ਜਸਕੀਰਤ ਮਾਨ ਨੇ ਇਹ ਵੀ ਕਿਹਾ ਹੈ ਕਿ ਅਵਾਮ 24 ਘੰਟੇ ਦੇ ਅੰਦਰ ਬਿਨਾਂ ਸ਼ਰਤ ਮੁਆਫ਼ੀ ਮੰਗੇ , ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।