ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰਨੀ ਅਮਨ ਲਈ ਇੱਕ ਵੱਡਾ ਝਟਕਾ-ਪਾਕਿ ਮੀਡੀਆ

india-pak-flags

ਪਾਕਿਸਤਾਨੀ ਮੀਡੀਆ ਨੇ ਕਿਹਾ ਹੈ ਕਿ ਭਾਰਤ-ਪਾਕਿ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰਨਾ ਅਮਨ ਲਈ ਇੱਕ ਵੱਡਾ ਝਟਕਾ ਹੈ। ਮੀਡੀਆ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੁੰ ਚੁੱਕ ਸਮਾਗਮ ਲਈ ਆਪਣੇ ਪਾਕਿਸਤਾਨੀ ਹਮ ਰੁਤਬਾ ਨੂੰ ਸੱਦਾ ਦੇਣ ਦੇ ਹੈਰਾਨੀਜਨਕ ਕਦਮ ਤੋਂ ਬਾਅਦ ਪਿਛਲਖੁਰੀ ਚੁੱਕਿਆ ਇਹ ਇੱਕ ਵੱਡਾ ਕਦਮ ਹੈ। ਡਾਨ ਅਨੁਸਾਰ ‘ਸਬੰਧ ਆਮ ਵਾਂਗ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਦੀਆਂ ਆਸਾਂ ਨੂੰ ਉਸ ਵੇਲੇ ਵੱਡਾ ਝਟਕਾ ਵੱਜਾ ਜਦੋਂ ਪਾਕਿਸਤਾਨ ਹਾਈ ਕਮਿਸ਼ਨਰ ਵੱਲੋਂ ਹੁਰੀਅਤ ਨੇਤਾ ਨਾਲ ਗੱਲਬਾਤ ਤੋਂ ਬਾਅਦ ਨਵੀਂ ਦਿੱਲੀ ਨੇ ਸੋਮਵਾਰ ਨੂੰ ਦੋਨਾਂ ਦੇਸ਼ਾਂ ਵਿਚਾਲੇ 25 ਅਗਸਤ ਨੂੰ ਹੋਣ ਵਾਲੀ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਦ ਕਰ ਦਿੱਤੀ।’ ਅਖ਼ਬਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਭਾਰਤੀ ਹਮ ਰੁਤਬਾ ਮੋਦੀ ਵੱਲੋਂ ਮਈ ਵਿਚ ਦਿੱਲੀ ‘ਚ ਲਏ ਫ਼ੈਸਲੇ ਅਨੁਸਾਰ ਦੋਨਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਗਤੀਰੋਧ ਨੂੰ ਖ਼ਤਮ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਵਿਦੇਸ਼ ਸਕੱਤਰਾਂ ਦੀ ਮੀਟਿੰਗ ਰੱਖੀ ਗਈ ਸੀ। ਇੱਕ ਹੋਰ ਵੱਡੀ ਅਖ਼ਬਾਰ ਨਿਊਜ਼ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਗੱਲਬਾਤ ਰੱਦ ਕਰਨ ਨਾਲ ਪਾਕਿਸਤਾਨ ਤੇ ਇਸ ਉਪ ਮਹਾਂਦੀਪ ਵਿਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਅਖ਼ਬਾਰ ਨੇ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਤੇ ਕਸ਼ਮੀਰੀ ਵੱਖਵਾਦੀਆਂ ਨਾਲ ਮੀਟਿੰਗ ਵਿਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਸੀ। ਅਖ਼ਬਾਰ ਨੇ ਕਿਹਾ ਹੈ ਕਿ ਵਿਦੇਸ਼ ਦਫ਼ਤਰ ਵਿਚ ਕੁੱਝ ਘੰਟੇ ਵਿਚਾਰ ਵਟਾਂਦਰਾ ਕਰਨ ਉਪਰੰਤ ਆਖ਼ਰਕਾਰ ਬੁਲਾਰੇ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਭਾਰਤ ਦਾ ਨਿਰਨਾ ਇੱਕ ਝਟਕਾ ਹੈ ਪਰ ਉਸ ਨੇ ਵੱਡੀ ਪੱਧਰ ‘ਤੇ ਨਿਰਾਸ਼ਤਾ ਨਹੀਂ ਪ੍ਰਗਟਾਈ ਤੇ ਨਾ ਹੀ ਭਾਰਤ ਨੂੰ ਇਸ ਬਾਰੇ ਪੁਨਰ ਵਿਚਾਰ ਕਰਨ ਲਈ ਕਿਹਾ। ਅਖ਼ਬਾਰ ਨੇ ਪ੍ਰਤੀਕਰਮ ‘ਚ ਦੇਰੀ ਲਈ ਪਾਕਿਸਤਾਨ ਦੀ ਅਲੋਚਨਾ ਵੀ ਕੀਤੀ ਹੈ।

Install Punjabi Akhbar App

Install
×