ਨਿਊਜ਼ੀਲੈਂਡ ਦੇ ਇਕ ਰਾਸ਼ਟਰੀ ਅਖਬਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਕਾਰਟੂਨ ਛਾਪਿਆ

NZ PIC 26 June-1ਨਿਊਜ਼ੀਲੈਂਡ ਦੇ ਰਾਸ਼ਟਰੀ ਅਖਬਾਰ ਐਨ. ਜ਼ੈਡ. ਹੈਰਲਡ ਨੇ ਅੱਜ ਆਪਣੇ ਇਕਨਾਮਿਕ ਵਾਲੇ ਸਪਲੀਮੈਂਟ ਦੇ ਵਿਚ ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਸ੍ਰੀ ਵਿਨਸਟਨ ਪੀਟਰ ਦੇ ਬਿਆਨਾਂ ਦੇ ਅਧਾਰ ਉਤੇ ਇਕ ਆਰਟੀਕਲ ਛਾਪਿਆ ਜਿਸ ਦਾ ਸਬੰਧ ਇਥੇ ਪਹੁੰਚ ਰਹੇ ਪ੍ਰਵਾਸੀਆਂ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮ ਪ੍ਰਤੀ ਪੈਦਾ ਹੋ ਰਹੀਆਂ ਸਮੱਸਿਆ ਬਾਰੇ ਸੀ। ਇਸ ਆਰਟੀਕਲ ਦੇ ਨਾਲ ਜੋ ਕਾਰਟੂਨ ਛਾਪਿਆ ਗਿਆ ਹੈ ਉਹ ਇਸ ਤਰ੍ਹਾਂ ਹੈ ਕਿ ਸੰਸਦ ਮੈਂਬਰ ਪੀਟਰ ਵਿਨਸਟਨ ਇਕ ਬਲੀ ਦੇ ਬੱਕਰੇ ਉਤੇ ਨਿਊਜ਼ੀਲੈਂਡ ਦਾ ਝੰਡਾ ਫੜਕੇ ਬੈਠਾ ਹੈ ਅਤੇ ਨਿਊਜ਼ੀਲੈਂਡ ਦੇ ਵਿਕਾਸ ਲਈ ਪ੍ਰਵਾਸੀ ਲੋਕਾਂ ਦੀ ਬਲੀ ਦੇਣਾ ਚਾਹੁੰਦਾ ਹੈ। ਕਾਰਟੂਨ ਦੇ ਨਾਲ ਜਿਸ ਬਲੀ ਦੇ ਬੱਕਰੇ ਦੀ ਤਸਵੀਰ ਬਣਾਈ ਗਈ ਹੈ ਉਸਦੇ ਸਿਰ ਉਤੇ ਪੱਗ ਬੰਨ੍ਹੀ ਹੋਈ ਹੈ, ਦੋ ਸਿੰਗ ਪੱਗ ਦੇ ਵਿਚੋਂ ਬਾਹਰ ਕੱਢੇ ਵਿਖਾਏ ਗਏ ਹਨ ਅਤੇ ਉਸਦੇ ਪੈਰਾਂ ਨੂੰ ਰੱਸੀ ਦੇ ਨਾਲ ਬੰਨ੍ਹਿਆ ਹੋਇਆ ਵਿਖਾਇਆ ਗਿਆ ਹੈ। ਜੋ ਮੂੰਹ ਬਣਾਇਆ ਗਿਆ ਹੈ ਉਸ ਉਤੇ ਖੁੱਲ੍ਹੀ ਦਾਹੜੀ ਲਗਾਈ ਗਈ ਹੈ। ਇਸ ਸਬੰਧੀ ਜਦੋਂ ਇਸ ਪੱਤਰਕਾਰ ਨੇ ਕਾਲਮ ਨਵੀਸ ਸ੍ਰੀ ਬ੍ਰਾਇਨ ਫਾਲੋ ਅਤੇ ਕਾਰਟੂਨ ਵਾਲੇ ਕਾਰਟੂਨਿਸਟ ਨਾਲ ਈਮੇਲ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਕਾਲਮ ਨਵੀਸ ਨੇ ਕਿਹਾ ਕਿ ਉਸਨੇ ਤਾਂ ਇਹ ਛਪਿਆ ਹੀ ਵੇਖਿਆ ਹੈ ਉਸਨੇ ਆਰਟਿਸਟ ਨੂੰ ਐਨਾ ਹੀ ਕਿਹਾ ਸੀ ਸੰਸਦ ਮੈਂਬਰ ਪੀਟਰ ਵਿਨਸਟਨ ਪ੍ਰਵਾਸੀ ਲੋਕਾਂ ਨੂੰ ਬਲੀ ਦਾ ਬੱਕਰਾ ਖਾਸ ਕਰ ਭਾਰਤੀ ਵਿਦਿਆਰਥੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਪੇਸ਼ ਕਰ ਰਿਹਾ ਹੈ। ਇਸ ਸਬੰਧੀ ਕਾਰਟੂਨਿਸਟ ਨੇ ਵੀ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ ਸੰਸਦ ਮੈਂਬਰ ਦੇ ਦਿੱਤੇ ਬਿਆਨਾਂ ਨੂੰ ਕਾਰਟੂਨ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਵੀ ਆਪਣੇ ਵਕੀਲ ਦੇ ਰਾਹੀਂ ਅਖਬਾਰ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਤੋਂ ਬਾਅਦ ਇਹ ਕਾਰਟੂਨ ਵੈਬਸਾਈਟ ਤੋਂ ਚੁੱਕ ਦਿੱਤਾ ਗਿਆ। ਲੇਬਰ ਪਾਰਟੀ ਦੇ ਇਕ ਪੰਜਾਬੀ ਨੇਤਾ ਸ੍ਰੀ ਸੰਨੀ ਕੌਸ਼ਿਲ ਨੇ ਵੀ ਆਪਣਾ ਇਤਰਾਜ਼ ਅਖਬਾਰ ਦੇ ਸੰਪਾਦਕ ਤੱਕ ਪਹੁੰਚਾਇਆ ਅਤੇ ਸਿੱਖ ਭਾਵਨਾਵਾਂ ਨੂੰ ਲੱਗੀ ਠੇਸ ਦਾ ਇਜ਼ਹਾਰ ਕੀਤਾ।
ਛਪੀ ਰਿਪੋਰਟ ਦੇ ਅਨੁਸਾਰ ਇਸ ਸਾਲ ਮਈ ਮਹੀਨੇ ਤੱਕ ਨਿਊਜ਼ੀਲੈਂਡ ਦੇ ਵਿਚ 57,800 ਪ੍ਰਵਾਸੀ ਲੋਕ ਆਏ ਹਨ ਜਿਨ੍ਹਾਂ ਦੇ ਵਿਚੋਂ ਭਾਰਤੀ ਦੀ ਗਿਣਤੀ ਸਭ ਤੋਂ ਜਿਆਦਾ 12,100 ਹੈ, ਦੂਜੇ ਨੰਬਰ ਉਤੇ ਚਾਈਨੀਜ਼ 7700 ਹਨ, ਤੀਜੇ ‘ਤੇ ਯੂ.ਕੇ. ਵਾਲੇ 4500 ਅਤੇ ਚੌਥੇ ਉਤੇ ਫਿਲੀਪੀਨਜ਼ ਦੇ ਲੋਕ 4200 ਹਨ। ਇਸ ਦੇ ਉਲਟ 5800 ਨਿਊਜ਼ੀਲੈਂਡ ਦੇ ਨਾਗਰਿਕ ਇਥੋਂ ਦੂਜੇ ਮੁਲਕਾਂ ਨੂੰ ਚਲੇ ਗਏ ਹਨ। ਭਾਰਤ ਤੋਂ ਆਉਣ ਵਾਲੀ ਜਿਆਦਾ ਗਿਣਤੀ ਵਿਦਿਆਰਥੀਆਂ ਦੀ ਹੈ।