‘ਸਰਵਿਸ ਨਿਊ ਸਾਊਥ ਵੇਲਜ਼’ ਹਜ਼ਾਰਾਂ ਗ੍ਰਾਹਕਾਂ ਦਾ ਡਾਟਾ ਲੀਕ, ਮੰਗੀ ਮੁਆਫ਼ੀ

‘ਸਰਵਿਸ ਨਿਊ ਸਾਊਥ ਵੇਲਜ਼’ ਦੇ ਮੁੱਖ ਕਾਰਜਕਾਰੀ ਗ੍ਰੈਗ ਵੇਲਜ਼ ਨੇ ਕਿਹਾ ਹੈ ਕਿ ਬੀਤੇ ਮਹੀਨੇ ਦੀ 20 ਮਾਰਚ ਨੂੰ ਆਈ ਇੱਕ ਤਕਨੀਕੀ ਖਰਾਬੀ ਕਾਰਨ, ਅਦਾਰੇ ਦੀ ਵੈਬਸਾਈਟ ਤੋਂ 3700 ਦੇ ਕਰੀਬ ਲੋਕਾਂ ਦਾ ਡਾਟਾ ਲੀਕ ਹੋ ਗਿਆ ਸੀ ਜਿਸ ਕਾਰਨ ਗ੍ਰਾਹਕਾਂ ਨੂੰ ਮੁਆਫ਼ੀ ਦੀ ਈ-ਮੇਲ ਵੀ ਭੇਜੀ ਗਈ ਸੀ।
ਉਕਤ ਤਾਰੀਖ ਨੂੰ ਜਿਨ੍ਹਾਂ ਲੋਕਾਂ ਦਾ ਡਾਟਾ ਲੀਕ ਹੋਣ ਦੀ ਸੂਚਨਾ ਦਿੱਤੀ ਗਈ ਹੈ ਉਸ ਵਿੱਚ ਡਰਾਈਵਿੰਗ ਲਾਈਸੈਂਸ, ਵਾਹਨਾਂ ਦੀ ਰਜਿਸਟ੍ਰੇਸ਼ਨ, ਮੋਬਾਇਲ ਨੰਬਰ ਅਤੇ ਬੱਚਿਆਂ ਦੇ ਨਾਮ ਨਾਲ ਸਬੰਧਤ ਜਾਣਕਾਰੀਆਂ ਆਦਿ ਸ਼ਾਮਲ ਹਨ।
ਇੱਕ ਬੁਲਾਰੇ ਅਨੁਸਾਰ ਉਕਤ ਤਾਰੀਖ ਨੂੰ ਦੋਪਹਿਰ ਦੇ 1:20 ਵਜੇ ਤੋਂ ਲੈ ਕੇ 3 ਵਜੇ ਤੱਕ ਉਕਤ ਸੇਵਾਵਾਂ ਤੇ ਕੁੱਝ ਗ੍ਰਾਹਕਾਂ ਨੂੰ ਤਕਨੀਕੀ ਖਾਮੀਆਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਵੈਬ ਬਰਾਜ਼ਰ ਵਾਲੇ ਰਸਤਿਆਂ ਤੋਂ ਇਸ ਵੈਬਸਾਈਟ ਉਪਰ ਵਿਜ਼ਿਟ ਕਰ ਰਹੇ ਸਨ। ਜਲਦੀ ਹੀ ਇਸ ਬਾਰੇ ਵਿੱਚ ਕੰਪਨੀ ਦੇ ਅਧਿਕਾਰੀਆਂ ਨੇ ਭਾਂਪ ਲਿਆ ਅਤੇ ਕੁੱਝ ਸਮੇਂ ਅੰਦਰ ਹੀ ਵੈਬਸਾਈਟ ਉਪਰ ਆਈ ਖਾਮੀ ਨੂੰ ਦਰੁਸਤ ਵੀ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਮੋਬਾਈਲ ਐਪ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਸ ਬਾਬਤ ਜੇਕਰ ਕਿਸੇ ਨੂੰ ਕੋਈ ਹੋਰ ਜਾਣਕਾਰੀ ਆਦਿ ਪ੍ਰਾਪਤ ਕਰਨੀ ਹੈ ਤਾਂ 1800 001 040 ਉਪਰ ਕਾਲ ਕਰਕੇ ਲਈ ਜਾ ਸਕਦੀ ਹੈ ਅਤੇ ਜਾਂ ਫੇਰ ਆਨਲਾਈਨ ਫਾਰਮ ਭਰ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਹਾਲ ਵਿੱਚ ਹੀ ਲੈਟੀਟਿਊਡ ਫਾਈਨੈਂਸ਼ਲ ਸਰਵਿਸਿਜ਼ ਨੇ ਕਿਹਾ ਸੀ ਕਿ ਇੱਕ ਸਾਈਬਰ ਅਟੈਕ ਦੁਆਰਾ ਉਨਾ੍ਹਂ ਦੇ ਕੋਲ ਵਿਆ 7.9 ਮਿਲੀਅਨ ਆਸਟ੍ਰਲੀਆਈ ਅਤੇ ਨਿਊਜ਼ੀਲੈਂਡ ਦੇ ਗ੍ਰਾਹਕਾਂ ਦਾ ਡਾਟਾ ਜਿਸ ਵਿੱਚ ਡ੍ਰਾਈਵਿੰਗ ਲਾਈਸੰਸਾਂ ਦੇ ਨੰਬਰ ਆਦਿ ਸ਼ਾਮਿਲ ਸਨ, ਹੈਕਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ।
ਗ੍ਰਾਹਕਾਂ ਆਦਿ ਵਿੱਚ ਅਜਿਹੇ ਮਾਮਲੇ ਚਿੰਤਾ ਦਾ ਵਿਸ਼ਾ ਬਣਦੇ ਹਨ ਅਤੇ ਹਰ ਕੋਈ ਇਹੋ ਚਾਹੁੰਦਾ ਹੈ ਕਿ ਅੱਜ ਦੇ ਇਲੈਕਟ੍ਰਾਨਿਕ ਅਤੇ ਆਨਲਾਈਨ ਯੁਗ ਵਿੱਚ ਸਭ ਦੇ ਖਾਤੇ ਅਤੇ ਹੋਰ ਜਾਣਕਾਰੀਆਂ ਆਦਿ ਸੁਰੱਖਿਅਤ ਰਹਿਣ।