ਘਰ ਦੀ ਆਰਥਿਕ ਹਾਲਤ ਦੇਖ ਕੇ ਮੈਂ ਅੱਗੇ ਪੜ੍ਹਨ ਦਾ ਖਿਆਲ ਤਿਆਗ ਦਿੱਤਾ ਪਰ….

  • ‘ਤੇ ਜਦੋਂ ਸਰਕਾਰੀ ਸਕੂਲ ‘ਚ ਸਨਮਾਨ ਸਮਾਰੋਹ ਮੌਕੇ ਬਣਿਆ ਭਾਵੁਕਤਾ ਵਾਲਾ ਮਾਹੌਲ

27gsc

ਫਰੀਦਕੋਟ, 27 ਅਗਸਤ :- ਘਰ ਦੀ ਆਰਥਿਕ ਹਾਲਤ ਨੂੰ ਦੇਖ ਕੇ ਮੈਂ ਅੱਗੇ ਪੜ੍ਹਨ ਦਾ ਖਿਆਲ ਤਿਆਗ ਦਿੱਤਾ । ਪਰ ਜਦੋਂ ਮੇਰੇ ਇਸੇ ਸਕੂਲ ਦੇ ਅਧਿਆਪਕ ਨੇ ਉਤਸ਼ਾਹਿਤ ਕੀਤਾ ਤਾਂ ਮੇਰੇ ਮਨ ‘ਚ ਹੋਰ ਅੱਗੇ ਪੜ੍ਹਨ ਦੀ ਚਿਣਗ ਜਾਗੀ। ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਬਲਜੀਤ ਸਿੰਘ ਸੰਧੂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਭਾਵੁਕਤਾ ਵਾਲਾ ਮਾਹੌਲ ਪੈਦਾ ਕਰ ਦਿੱਤਾ, ਉੱਥੇ ਉਨਾਂ ਬੱਚਿਆਂ ਨਾਲ ਹਰ ਮੁਸ਼ਕਿਲ, ਸਮੱਸਿਆ, ਪ੍ਰੇਸ਼ਾਨੀ ਅਤੇ ਚੁਣੌਤੀ ਸਮੇਂ ਆਪਣੇ ਮਨੋਬਲ ਨੂੰ ਬਣਾ ਕੇ ਰੱਖਣ ਲਈ ਕਈ ਅਹਿਮ ਨੁਕਤੇ ਸਾਂਝੇ ਕੀਤੇ। ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਵਲੋਂ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਮਾਸਟਰ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਤਿੰਦਰ ਕੁਮਾਰ, ਸ਼ਾਮ ਲਾਲ ਚਾਵਲਾ, ਮੁਖਤਿਆਰ ਸਿੰਘ ਮੱਤਾ ਆਦਿ ਨੇ ਇਸੇ ਪਿੰਡ ਦੇ ਜੰਮਪਲ, ਇਸੇ ਸਕੂਲ ‘ਚੋਂ ਪੜ੍ਹ ਕੇ ਡੀਐਸਪੀ ਬਣਨ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਗੁਰਜੀਤ ਸਿੰਘ ਰੋਮਾਣਾ ਦਾ ਜਿਕਰ ਕਰਦਿਆਂ ਆਖਿਆ ਕਿ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਜਿਹੜੇ ਬੱਚੇ ਹੀਣ ਭਾਵਨਾ ਦੇ ਸ਼ਿਕਾਰ ਨਹੀਂ ਹੁੰਦੇ, ਉਹ ਹਰ ਤਰਾਂ ਦੀ ਬੁਲੰਦੀ ਸਰ ਕਰਨ ਦੀ ਸਮਰੱਥਾ ਰੱਖਦੇ ਹਨ। ਸਕੂਲ ਇੰਚਾਰਜ ਮੈਡਮ ਸੁਨੀਤਾ ਰਾਣੀ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਬੱਚਿਆਂ ਦੇ ਨਾਲ-ਨਾਲ ਉਹ ਖੁਦ ਅਤੇ ਸਕੂਲ ਦਾ ਸਮੁੱਚਾ ਸਟਾਫ ਵੀ ਬੁਲਾਰਿਆਂ ਦੀ ਸ਼ਬਦਾਵਲੀ ਅਤੇ ਕਾਰਜਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ। ਅੰਤ ‘ਚ ਮਾਸਟਰ ਸੋਮਨਾਥ ਅਰੋੜਾ ਅਤੇ ਗੁਰਚਰਨ ਸਿੰਘ ਮਾਨ ਵਲੋਂ ਪੁੱਛੇ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ 100-100 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਤਰਸੇਮ ਨਰੂਲਾ, ਸੁਖਮੰਦਰ ਸਿੰਘ ਰਾਮਸਰ, ਇਕਬਾਲ ਸਿੰਘ ਮੰਘੇੜਾ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀ ਪ੍ਰੰਪਰਾ ਮੁਤਾਬਿਕ ਅੰਤ ‘ਚ ਸੁਸਾਇਟੀ ਨੇ ਸਕੂਲ ਮੁਖੀ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

Install Punjabi Akhbar App

Install
×