ਪਾਰਲੀਮੈਂਟ ਦੇ ਬਾਹਰ ਉਈਘਰ ਭਾਈਚਾਰੇ ਦੇ ਚੀਨ ਵਿੱਚ ਕਤਲਿਆਮ ਖ਼ਿਲਾਫ਼ ਰੈਲੀ -ਸੈਨੇਟਰ ਰੈਕਸ ਪੈਟਰਿਕ ਨੇ ਕੀਤਾ ਸੰਬੋਧਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੈਨਬਰਾ ਵਿਖੇ ਅੱਜ, ਆਸਟ੍ਰੇਲੀਆਈ ਪਾਰਲੀਮੈਂਟ ਦੇ ਬਾਹਰ ਉਈਘਰ ਭਾਈਚਾਰੇ ਨੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਦਰਸ਼ਨ ਚੀਨ ਵਿਚਲੇ ਜ਼ਿਨਜਿਆਂਗ ਖੇਤਰ ਵਿੱਚ ਉਈਘਰ ਭਾਈਚਾਰੇ ਉਪਰ ਕੀਤੇ ਜਾ ਰਹੇ ਜ਼ੁਲਮਾਂ ਖ਼ਿਲਾਫ਼ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਦਰਸ਼ਨ ਨੂੰ ਸੈਨੇਟਰ ਰੈਕਸ ਪੈਟਰਿਕ (ਆਜ਼ਾਦ) ਵੱਲੋਂ ਵੀ ਸੰਬੋਧਨ ਕੀਤਾ ਗਿਆ ਅਤੇ ਸਰਕਾਰ ਨੂੰ ਚੀਨ ਦੇ ਇਸ ਰਵੱਈਏ ਪ੍ਰਤੀ ਆਵਾਜ਼ ਬੁਲੰਦ ਕਰਨ ਅਤੇ ਘੱਟ ਗਿਣਤੀਆਂ ਉਪਰ ਹੋ ਰਹੇ ਜ਼ੁਲਮਾਂ ਖ਼ਿਲਾਫ਼ ਲਾਮਬੰਧੀ ਕਰਨ ਨੂੰ ਕਿਹਾ।
ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਨੇ ਚੀਨ ਖ਼ਿਲਾਫ਼ ਨਾਅਰੇ ਲਗਾਏ ਅਤੇ ਕਿਹਾ ਕਿ ਚੀਨ ਹਰ ਪੱਖੋਂ ਝੂਠ ਬੋਲਣਾ ਬੰਦ ਕਰੇ ਅਤੇ ਹੋ ਰਹੇ ਕਤਲਿਆਮ ਨੂੰ ਫੌਰਨ ਰੋਕੇ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੋ ਹਾਲ ਇਸ ਸਮੇਂ ਚੀਨ ਅੰਦਰ ਹੋ ਰਿਹਾ ਹੈ ਉਸ ਨਾਲ ਤਾਂ ਊਈਘਰ ਸਮਾਜ ਦਾ ਹੀ ਖਾਤਮਾ ਹੋ ਜਾਵੇਗਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ 21ਵੀਂ ਸਦੀ ਵਿੱਚ ਵੀ ਅਜਿਹੇ ਘਿਨੌਣੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਚੀਨ ਵਰਗੇ ਮੁਲਕ ਵਿੱਚ….।
ਆਸਟ੍ਰੇਲੀਆਈ ਊਈਘਰ ਸਮਾਜ ਦੀ ਆਸਟ੍ਰੇਲੀਅਨ ਊਈਘਰ ਟੈਂਗਰੀਟਾਅ ਵੂਮੇਨਜ਼ ਐਸੋਸਿਏਸ਼ਨ ਦੀ ਪ੍ਰਧਾਨ ਸ੍ਰੀਮਤੀ ਚੈਨੀਸ਼ੈਫ ਨੇ ਕਿਹਾ ਕਿ ਉਨ੍ਹਾਂ ਦੇ ਕਈ ਰਿਸ਼ਤੇਨਾਤੇ ਚੀਨ ਵਿੱਚ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਬੀਤੇ 10 ਸਾਲਾਂ ਤੋਂ ਨਹੀਂ ਦੇਖਿਆ ਅਤੇ ਆਸਟ੍ਰੇਲੀਆਈ ਸਰਕਾਰ ਅੱਗੇ ਗੁਜ਼ਾਰਿਸ਼ ਹੈ ਕਿ ਉਹ ਇਤਿਹਾਸ ਅਤੇ ਵਰਤਮਾਨ ਦਾ ਸਹੀ ਪੱਖ ਦੇਖੇ ਅਤੇ ਇਸ ਉਪਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਆਪਣਾ ਪੂਰਾ ਯੋਗਦਾਨ ਪਾਵੇ ਤਾਂ ਜੋ ਹੋ ਰਹੇ ਨਸਲ ਘਾਤੀ ਕਾਰਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਬਾਹਰੀ ਰਾਜਾਂ ਦੀ ਮੰਤਰੀ ਮੈਰੀਸ ਪਾਈਨ ਨੇ ਵੀ ਚੀਨ ਦੇ ਉਕਤ ਰਵੱਈਏ ਪ੍ਰਤੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਹੈ ਕਿ ਚੀਨ ਵਿੱਚ ਬੀਤੇ ਕਾਫੀ ਸਮੇਂ ਤੋਂ ਅਜਿਹਾ ਘਿਨੌਣਾ ਅਤੇ ਅਣਮਨੁੱਖੀ ਕਾਰਵਾਈਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਰੋਕਿਆ ਜਾਣਾ ਫੌਰਨ ਬਣਦਾ ਹੈ ਕਿਉਂਕਿ ਚੀਨ ਅੰਤਰ-ਰਾਸ਼ਟਰੀ ਦਬਾਅ ਦੇ ਬਾਵਜੂਦ ਵੀ ਜ਼ਿਨਜਿਆਂਗ ਖੇਤਰ ਵਿੱਚ ਉਈਘਰ ਲੋਕਾਂ ਉਪਰ ਅੱਤਿਆਚਾਰ ਕਰ ਰਿਹਾ ਹੈ, ਉਨ੍ਹਾਂ ਦਾ ਕਤਲ ਕਰ ਰਿਹਾ ਹੈ ਅਤੇ ਔਰਤਾਂ ਉਪਰ ਹੋਰ ਵੀ ਅਣ-ਮਨੁੱਖੀ ਤਸ਼ੱਦਦ ਕਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਨਜਿਆਂਗ ਖੇਤਰ ਵਿੱਚ ਅਜਿਹੇ 380 ਕੰਨਸਟ੍ਰੇਸ਼ਨ ਕੈਂਪ ਬਣਾਏ ਗਏ ਹਨ ਜਿੱਥੇ ਕਿ 500,000 ਤੋਂ ਵੀ ਵੱਧ ਬੱਚੇ, ਉਨ੍ਹਾਂ ਦੇ ਮਾਪਿਆਂ ਤੋਂ ਖੋਹ ਕੇ ਲਿਜਾਏ ਜਾ ਚੁਕੇ ਹਨ ਤਾਂ ਜੋ ਉਨ੍ਹਾਂ ਨੂੰ ਇੱਕ ਅਨਾਥਾਂ ਦੀ ਜ਼ਿੰਦਗੀ ਵਿੱਚ ਰੱਖ ਕੇ ਚੀਨੀ ਮਾਹੌਲ ਵਿੱਚ ਪਾਲਿਆ ਪੋਸਿਆ ਜਾ ਸਕੇ। ਇਹ ਸਾਰੇ ਦੇ ਸਾਰੇ ਸੈਂਟਰ ਹੀ ਨਹੀਂ ਸਗੋਂ ਸੰਪੂਰਨ ਰਾਜ ਹੀ ਚੀਨੀ ਸੈਨਾ ਦੇ ਕਬਜ਼ੇ ਵਿੱਚ ਹੈ ਅਤੇ ਉਨ੍ਹਾਂ ਦੀ ਆਗਿਆ ਤੋਂ ਬਿਨ੍ਹਾਂ ਨਾ ਕੋਈ ਅੰਦਰ ਆ ਸਕਦਾ ਹੈ ਅਤੇ ਨਾ ਹੀ ਕੋਈ ਬਾਹਰ ਜਾ ਸਕਦਾ ਹੈ। ਥਾਂ ਥਾਂ ਉਪਰ ਚੈਕ ਪੁਆਇੰਟ ਲੱਗੇ ਹਨ, ਬੰਦੂਕਧਾਰੀ ਮੋਰਚੇ ਲਗਾਈ ਖੜ੍ਹੇ ਹਨ, ਅਤੇ ਹੋਰ ਤਾਂ ਹੋਰ ਚੀਨੀ ਅਧਿਕਾਰੀ ਲੋਕਾਂ ਨੂੰ ਇੱਕ ਦੂਜੇ ਉਪਰ ਹੀ ਅੱਖ ਰੱਖਣ ਨੂੰ ਕਹਿੰਦੇ ਹਨ ਅਤੇ ਇੱਕ ਦੂਜੇ ਦੀ ਜਾਸੂਸੀ ਕਰਨ ਨੂੰ ਪ੍ਰੇਰਕ ਕਰਦੇ ਰਹਿੰਦੇ ਹਨ।

Install Punjabi Akhbar App

Install
×