ਗੁਰੂ ਨਾਨਕ ਦੇਵ ਜੀ ਦਾ ਵਿਸ਼ਵੀਕਰਨ ਮਾਨਵਤਾ ਕੇਂਦਰਤ ਹੈ ਜਦਕਿ ਅਜੋਕਾ ਵਿਸ਼ਵੀਕਰਨ ਪੂੰਜੀ ਕੇਂਦਰਤ ਹੈ: ਡਾ: ਸਵਰਾਜ ਸਿੰਘ

001 (1)

ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਸੰਸਾਰ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਸਰਬਤ ਦੇ ਭਲੇ ਦੀ ਅਸਲ ਵਿੱਚ ਪਈ ਵਿਚਾਰਧਾਰਾ ਮਾਨਵ ਦੀ ਰੂਹਾਨੀ ਅਤੇ ਸਮਾਜਕ ਨੈਤਿਕਤਾ ਦਾ ਸੱਚ ਹੈ।ਪੂਰਬੀ ਚਿੰਤਨ ਦੀ ਵਿਚਾਰਧਾਰਾ ਦਾ ਗੁਰੂ ਨਾਨਕ ਦੇਵ ਸਿਖਰ ਹੈ।ਵਿਸ਼ਵੀਕਰਨ ਦੇ ਮਾਨਵਤਾ ਕੇਂਦਰ ਸਰੂਪ ਦੀ ਅਜ ਲੋੜ ਹੈ ਤਾਂ ਕਿ ਪੂੰਜੀ ਕੇਂਦਰਤ ਮਾਨਵ ਵਿਰੋਧੀ ਵਿਸ਼ਵੀਕਰਨ ਨੂੰ ਰੋਕਿਆ ਜਾ ਸਕੇ। ਇਹ ਵਿਚਾਰ ਵਿਸ਼ਵ ਚਿੰਤਕ ਡਾ: ਸਵਰਾਜ ਸਿੰਘ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼੍ਰੀ ਗੁਰੂਦੁਆਰਾ ਸ਼ਾਹੀ ਸਮਾਧਾਂ ਸੰਗਰੂਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਗਰੁਮਤਿ ਸਿਧਾਂਤ ਉੱਤੇ ਕਰਵਾਏ ਗਏ ਰੂਹਾਨੀ ਸਮਾਗਮ ਸਮੇਂ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਕਹੇ।

ਇਸ ਸਮਾਗਮ ਦਾ ਆਰੰਭ ਅੰਮ੍ਰਿਤਪਾਲ ਸਿੰਘ ਆਸਟ੍ਰੇਲੀਆਂ ਦੁਆਰਾ ਕੀਤੇ ਗਏ ਇੱਕ ਘੰਟਾ ਕੀਰਤਨ ਨਾਲ ਹੋਇਆ। ਉਪਰੰਤ ਪਾਠਕ ਭਰਾਵਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਦੇ ਸਬੰਧ ਵਿੱਚ ਕਵੀਸ਼ਰੀ ਦਾ ਪ੍ਰੋਗਰਾਮ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ: ਨੇ ਕੀਤੀ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਡਾ: ਨਰਵਿੰਦਰ ਕੌਸ਼ਲ, ਡਾ. ਚਰਨਜੀਤ ਸਿੰਘ ਉਡਾਰੀ, ਡਾ: ਜਗਜੀਤ ਸਿੰਘ ਕੋਮਲ, ਡਾ: ਭਗਵੰਤ ਸਿੰਘ, ਅਮਰ ਗਰਗ ਕਲਮਦਾਨ, ਨਰੰਜਣ ਸਿੰਘ ਦੋਹਲਾ, ਸੁਰਿੰਦਰਪਾਲ ਸਿੰਘ ਸਿਦਕੀ, ਪ੍ਰੀਤਮ ਸਿੰਘ, ਮਲਕੀਤ ਸਿੰਘ ਚੰਗਾਲ, ਪਿਆਰਾ ਸਿੰਘ, ਜਗਦੀਪ ਸਿੰਘ ਐਡਵੋਕੇਟ, ਜਗਮੇਲ ਸਿੰਘ ਜੱਗੀ, ਅਮਰੀਕ ਗਾਗਾ, ਜਸਪ੍ਰੀਤ ਸਿੰਘ, ਕਿਰਨਜੀਤ ਸਿੰਘ, ਗੁਰਨਾਮ ਸਿੰਘ ਆਦਿ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

ਡਾ: ਭਗਵੰਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਰੂਹਾਨੀਅਤ ਨੂੰ ਬਲ ਦੇਣ ਵਾਲਾ ਮਨੁੱਖ ਅੰਦਰ ਉੱਦਮ ਦੀ ਭਾਵਨਾ ਪੈਂਦਾ ਕਰਨ ਵਾਲਾ ਸਿਧਾਂਤ ਹੈ। ਡਾ: ਨਰਵਿੰਦਰ ਸਿੰਘ ਕੌਸ਼ਲ ਨੇ ਅਜੋਕੇ ਸੰਕਟੀ ਦੌਰ ਨੂੰ ਬਾਬਰ ਅਤੇ ਲੋਧੀਆਂ ਦੇ ਸਮੇਂ ਦੇ ਸੰਕਟ ਨਾਲ ਤੁਲਨਾ ਕਰਦਿਆਂ ਗੁਰੂ ਨਾਨਕ ਫਲਸਫ਼ੇ ਅਨੁਸਾਰ ਸੰਕਟ ૶ਮੁੱਕਤ ਹੋਣ ਦੀ ਵਿਧੀ ਨੂੰ ਸਭ ਤੋਂ ਉੱਤਮ ਦੱਸਿਆ। ਡਾ: ਉਡਾਰੀ ਦਾ ਮਤ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਕਰਨੀ ਅਤੇ ਕਥਨੀ ਇਕ ਸੀ ਅਤੇ ਉਨ੍ਹਾਂ ਦੀ ਅਜੇਹੀ ਸਖਸ਼ੀਅਤ ਦਾ ਪ੍ਰਭਾਵ ਸਮੁੱਚੇ ਭਾਰਤ ਉੱਤੇ ਪਿਆ। ਡਾ: ਜਗਜੀਤ ਸਿੰਘ ਕੋਮਲ ਦਾ ਮਤ ਸੀ ਕਿ ਗੁਰੂ ਨਾਨਕ ਦੇਵ ਜੀ ਕਿਰਤ ਸਿਧਾਂਤ ਤੋਂ ਅੱਜ ਅਸੀਂ ਦੂਰ ਹੁੰਦੇ ਜਾ ਰਹੇ ਹਾਂ।

ਜਸਪ੍ਰੀਤ ਸਿੰਘ ਨੇ ਨਾਮ ਜਪਣ ਦੀ ਵਿਆਖਿਆ ਕਰਦਿਆਂ ਮਾਨਵ ਜਾਤੀ ਨੂੰ ਨਾਮ ਸਿਮਰਣ ਕਰਨ ਦਾ ਅਭਿਆਸ ਕਰਵਾਇਆ। ਪਿਆਰਾ ਸਿੰਘ ਜੀ ਨੇ ਵੀ ਨਾਮ ਸਿਮਰਣ ਦੀ ਮਹੱਤਤਾ ਉੱਤੇ ਵਿਚਾਰ ਪੇਸ਼ ਕੀਤੇ। ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤੱਸਵ ਦੀ ਵਧਾਈ ਦਿੰਦਿਆਂ ਕਿਹਾ ਅਜਿਹੀਆਂ ਵਿਦਵਾਤਾ ਪੂਰਨ ਵਿਚਾਰਧਾਰਕ ਗੋਸ਼ਟੀਆਂ ਕਰਾਉਣ ਵਿੱਚ ਸ੍ਰੋਮਣੀ ਕਮੇਟੀ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਸਰਵ ਸ਼੍ਰੀ ਗੁਰਜਿੰਦਰ ਸਿੰਘ ਰਸੀਆ, ਗੁਰਜੰਟ ਸਿੰਘ ਸੋਹਲ ਕਵੀਸ਼ਰੀ, ਜਥਾ ਧਨੌਲਾ, ਮਿਲਖਾ ਸਿੰਘ ਸਨੇਹੀ, ਕੁਲਦੀਪ ਕੌਰ, ਅਮਰੀਕ ਗਾਗਾ, ਮੀਤ ਸਕਰੌਦੀ, ਭੋਲਾ ਸਿੰਘ ਸੰਗਰਾਮੀ, ਜੰਗੀਰ ਸਿੰਘ ਰਤਨ, ਮੂਲ ਚੰਦ ਸ਼ਰਮਾ, ਕਰਤਾਰ ਠੁਲੀਵਾਲ, ਅੰਮ੍ਰਿਤਪਾਲ ਸਿੰਘ, ਗੁਰਜੰਟ ਸਿੰਘ ਰਾਹੀਂ ਜਸਵੰਤ ਸਿੰਘ ਅਸਮਾਨੀ, ਬਚਨ ਸਿੰਘ ਗੁਰਮ, ਹਰਬੰਸ ਸਿੰਘ, ਬਲਜਿੰਦਰ ਈਲਵਾਲ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।

ਡਾ: ਤੇਜਵੰਤ ਮਾਨ ਨੇ ਪ੍ਰਧਾਨਗੀ ਸ਼ਬਦ ਬੋਲਦਿਆਂ ਕਿਹਾ ਕਿ ਅੱਜ ਰਾਜਨੀਤਿਕ ਗਲਿਆਰਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਨੂੰ ਆਪਣੇ ਆਪਣੇ ਰਾਜਨੀਤਿਕ ਮੰਤਵਾਂ ਲਈ ਰਾਜਨੀਤੀ ਕਰਨ ਲਈ ਵਰਤਿਆ ਜਾ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਰਾਜਨੀਤਿਕ ਦਾਅ ਪੇਚ ਖੇਡਿਆ ਇਸ ਦਿਵਸ ਨੂੰ ਪਾਕਿਸਤਾਨ ਅਤੇ ਭਾਰਤ ਮਿਲਕੇ ਮਨਾਉਣ। ਕਰਤਾਰਪੁਰ ਦੇ ਲਾਂਘੇ ਦਾ ਉਦਘਾਟਨ ਭਾਰਤ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਕਰਵਾਇਆ ਜਾਵੇ ਅਤੇ ਪਾਕਿਸਤਾਨ ਦੇ ਪਾਸੇ ਭਾਰਤ ਦੇ ਪ੍ਰਧਾਨਮੰਤਰੀ ਤੋਂ ਕਰਵਾਇਆ ਜਾਵੇ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਡਾ: ਤੇਜਵੰਤ ਮਾਨ ਨੇ ਕਿਹਾ ਪੂਰਬੀ ਫਲਸਫ਼ੇ ਦੀ ਇੱਕ ਉਚਕੋਟੀ ਦੀ ਵਿਚਾਰਧਾਰਾ ਹੈ ਜਿਸ ਵਿੱਚ ਮੱਠ ਪਰੰਪਰਾ ਨੂੰ ਰੱਦ ਕੀਤਾ ਗਿਆ ਅਤੇ ਰਟਨ ਪਰੰਪਰਾ ਨੂੰ ਵੱਡਾ ਸਥਾਨ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਰਾ ਗਿਆਨ ਰਟਨ ਕਰਕੇ, ਲੋਕਾਂ ਪਾਸ ਜਾ ਕੇ ਦਿੱਤਾ। ਗੁਰੂ ਸਾਹਿਬ ਦੇ ਸਿਧਾਂਤ ਵਿੱਚ ਕੁਦਰਤ, ਕਾਦਰ, ਕਿਰਤ ਦੀ ਏਕਤਾ ਨੂੰ ਵੱਡਾ ਸਤਿਕਾਰ ਦਿੱਤਾ ਗਿਆ। ਅੱਜ ਅਸੀਂ ਕੁਦਰਤ ਅਤੇ ਕਿਰਤ ਤੋਂ ਪਾਸਾ ਵੱਟ ਰਹੇ ਹਾਂ ਤੇ ਕਾਦਰ ਦੇ ਸਿਰਜਕ ਹੋਣ ਦੀ ਪਹਿਚਾਣ ਕਿਵੇਂ ਕਾਇਮ ਰਹੇਗੀ। ਮਨੁੱਖ ਦੇ ਸਿਰਜਕ ਹੋਣ ਅਤੇ ਕਿਰਤ ਦੁਆਰਾ ਕੁਦਰਤ ਦੇ ਵਿਰਾਟ ਸਰੂਪ ਵਿੱਚ ਆਪਣੀ ਹੌਂਦ ਦੀ ਪਹਿਚਾਣ ਹੀ ਤਾਂ ਕਾਦਰ ਦੀ ਪਹਿਚਾਣ ਹੈ। ਕਾਦਰ ਦਾ ਸਰਗੁਣ ਸਰੂਪ ਹੀ ਤਾਂ ਜੀਵਨ ਦਾ ਸੱਚ ਹੈ।

ਉਪਰੰਤ ਪੰਜਾਬੀ ਸਾਹਿਤ ਸਭਾ ਵੱਲੋਂ ਡਾ: ਤੇਜਵੰਤ ਮਾਨ, ਡਾ: ਸਵਰਾਜ ਸਿੰਘ, ਮਲਕੀਤ ਸਿੰਘ ਚੰਗਾਲ, ਜਸਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ, ਬਾਬਾ ਹਰਦਿਆਲ ਸਿੰਘ, ਬਾਬਾ ਪਿਆਰਾ ਸਿੰਘ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸਾਰੀ ਕਾਰਵਾਈ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਬਾਖੂਬੀ ਨਿਭਾਈ। ਜਸਵੰਤ ਸਿੰਘ ਨੇ ਸੰਧੂ ਬ੍ਰਦਰਜ਼ ਦੀ ਤਰਫੋਂ ਪੁਸਤਕ ਪ੍ਰਦਰਸ਼ਨੀ ਲਾਈ।ਸ. ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਸਭ ਦਾ ਧੰਨਵਾਦ ਕੀਤਾ।