ਗੁਰੂ ਨਾਨਕ ਸਾਹਿਬ ਦੀ ਬ੍ਰਹਿਮੰਡੀ ਸੋਚ ਤੇ ਗੋਸ਼ਟੀ ਕਰਾਉਣ ਦਾ ਫੈਸਲਾ

ਪੱਛਮ ਦੀ ਪ੍ਰਬਲਤਾ ਹੁਣ ਖਾਤਮੇ ਵੱਲ ਵਧ ਰਹੀ ਹੈ -ਡਾ ਸਵਰਾਜ ਸਿੰਘ

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ) ਦੀ ਕਾਰਜਕਾਰਨੀ ਦੀ ਇੱਕਤਰਤਾ ਡਾ ਈਸ਼ਵਰਦਾਸ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੈਂਟਰ ਦੀਆਂ ਭਵਿੱਖੀ ਯੋਜਨਾਵਾਂ ਉਲੀਕਦੇ ਹੋਏ ਵਿਸ਼ਵ ਚਿੰਤਕ ਡਾ ਸਵਰਾਜ ਸਿੰਘ ਦੀ ਨਵੀ ਪੁਸਤਕ ‘ਗੁਰੂ ਨਾਨਕ  ਸਾਹਿਬ ਦੀ ਬ੍ਰਹਿਮੰਡੀ ਸੋਚ* ਤੇ ਪਟਿਆਲਾ ਵਿਖੇ ਗੋਸ਼ਟੀ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਬਾਰੇ ਚਰਚਾ ਕਰਦੇ ਹੋਏ ਡਾ ਭਗਵੰਤ ਸਿੰਘ ਨੇ ਦੱਸਿਆ ਕਿ ਡਾ ਸਵਰਾਜ ਸਿੰਘ ਜਿਨਾਂ ਨੇ 40 ਸਾਲ ਅਮਰੀਕਾ ਵਿਖੇ ਕਾਰਡੀਓ ਵਸਕੂਲਰ ਸਰਜਨ ਦੇ ਤੌਰ ਤੇ ਕਾਰਜ ਕਰਦੇ ਹੋਏ ਦੁਨੀਆਂ ਦੇ ਸਭ ਤੋਂ ਵਿਕਸਿਤ ਮੁਲਕ ਦੀ ਸਮਾਜਕ ਆਰਥਿਕ, ਸੱਭਿਆਚਾਰਕ ਦਸ਼ਾ ਤੇ ਦਿਸ਼ਾ ਦਾ ਗੰਭੀਰ ਮੁਤਾਲਿਆ ਕੀਤਾ। ਉਨ੍ਹਾਂ ਨੂੰ ਪੂਰਬੀ ਦਰਸ਼ਨ ਦਾ ਵੀ ਵਿਸ਼ਾਲ ਗਿਆਨ ਹੈ। ਇਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਨਵੀਨ ਪੁਸਤਕ “ਗੁਰੂ ਨਾਨਕ ਸਾਹਿਬ ਦੀ ਬ੍ਰਹਿਮੰਡੀ ਸੋਚ** ਇੱਕ ਵਿਲੱਖਣ ਪੁਸਤਕ ਹੈ, ਜਿਸ ਰਾਹੀਂ ਉਨ੍ਹਾ ਨੇ ਸੰਸਾਰ ਦੀ ਸਭ ਤੋਂ ਵਿਕਸਿਤ ਗੁਰਮਤਿ ਵਿਚਾਰਧਾਰਾ ਦੇ ਸੰਕਲਪਾਂ ਨੂੰ ਬਹੁਤ ਸਰਲ ਭਾਸ਼ਾ ਵਿੱਚ ਤੁਲਨਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਉਨ੍ਹਾਂ ਨੇ ਪਹਿਲੀ ਵਾਰ ਦੱਸਿਆ ਹੈ ਕਿ ਸੰਸਾਰ ਦੇ ਛੇ ਵੱਡੇ ਧਰਮ ਪੂਰਬ ਵਿੱਚ ਹੀ ਪੈਦਾ ਹੋਏ ਹਨ। ਪੱਛਮ ਵਿੱਚ ਇੱਕ ਵੀ ਵੱਡਾ ਧਰਮ ਪੈਦਾ ਨਹੀਂ ਹੋਇਆ। ਸੰਸਾਰੀਕਰਨ ਦੇ ਦੌਰ ਵਿੱਚ ਪੱਛਮ ਦੀ ਪ੍ਰਬਲਤਾ ਹੁਣ ਖਾਤਮੇ ਵੱਲ ਵਧ ਰਹੀਂ ਹੈ। ਫਿਲਾਸਫੀ ਦੇ ਵਿਕਾਸ ਦੀਆਂ ਦੋ ਧਾਰਾਵਾਂ ਹਨ। ਇੱਕ ਧਰਮ ਦੀ ਧਾਰਾ ਅਤੇ ਦੂਜੀ ਭੌਤਿਕਵਾਦੀ ਗਿਆਨ ਦੀ ਧਾਰਾ। ਇਹ ਦੋਵੇਂ ਧਾਰਾਵਾਂ ਇੱਕ ਦੂਜੇ ਨੂੰ ਪ੍ਰਭਾਵਿਤ ਦੇ ਵਿਕਸਿਤ ਕਰਦੀਆਂ ਆ ਰਹੀਆਂ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਬ੍ਰਹਿਮੰਡੀ ਸੋਚ ਵਿੱਚ ਸਾਰੇ ਧਰਮ ਦੇ ਆਤਮਿਕ ਗਿਆਨ ਦੀ ਪੜਚੌਲ ਕਰਕੇ ਇਸ ਨੂੰ ਹੋਰ ਵਿਕਸਿਤ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਹੈ।ਇਸ ਮੌਕੇ ਜਗਦੀਪ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ ਅੰਮ੍ਰਿਤਪਾਲ ਸਿੰਘ, ਚਰਨਜੀਤ, ਡਾ. ਅਮਰਪਾਲ, ਰਾਜ ਕੁਮਾਰ, ਦਰਬਾਰਾ ਸਿੰਘ ਢੀਂਡਸਾ ਆਦਿ ਅਨੇਕਾਂ ਚਿੰਤਕ ਮੌਜੂਦ ਸਨ। ਡਾ ਭਗਵੰਤ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਗੋਸ਼ਟੀ ਵਿੱਚ ਉਤਕ੍ਰਿਸ਼ਟ ਵਿਦਵਾਨ ਪੇਪਰ ਪੜਣਗੇ ਅਤੇ ਚਿੰਤਕ ਸੰਵਾਦ ਸਿਰਜਣਗੇ। ਪੁਸਤਕ ਪ੍ਰਦਰਸ਼ਨੀ ਲਈ ਜਾਵੇਗੀ।