ਪ੍ਰੋ. ਗੁਰਮੀਤ ਸਿੰਘ ਟਿਵਾਣਾ ਦੀ ਪੁਸਤਕ “ਪਰਮਾਤਮਾ ਅਤੇ ਧਰਮ -ਮਨੁੱਖ ਦੀ ਸਿਰਜਣਾ” ਉਪਰ ਗੋਸ਼ਟੀ

ਸਰੀ – ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਪੰਜਾਬ ਭਵਨ ਸਰੀ ਵਿਖ਼ੇ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦੀ ਸੰਪਾਦਿਤ ਪੁਸਤਕ “ਪ੍ਰਮਾਤਮਾ ਅਤੇ ਧਰਮ ਮਨੁੱਖ ਦੀ ਸਿਰਜਣਾ” ਉਪਰ ਗੋਸ਼ਟੀ ਕਰਵਾਈ ਗਈ। ਗੋਸ਼ਟੀ ਸਮਾਰੋਹ ਦਾ ਅਗਾਜ਼ ਕਰਦਿਆਂ ਪਰਮਿੰਦਰ ਸਵੈਚ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਪ੍ਰੋਫੈਸਰ ਟਿਵਾਣਾ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਾਰਕਸਵਾਦੀ ਵਿਚਾਰਧਾਰਾ ਦੇ ਹਮਾਇਤੀ  ਹੋਣ ਦੇ ਨਾਲ ਨਾਲ ਗੁਰਬਾਣੀ ਦੇ ਗਿਆਤਾ ਵੀ ਹਨ, ਪ੍ਰੋਫੈਸਰ ਸਾਹਿਬ ਵੱਲੋਂ ਲਿਖਤ ਕਿਤਾਬਾਂ ਧਰਮ ਬਨਾਮ ਮਾਰਕਸਵਾਦ, ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ (ਫਿਡੇਲ ਕਾਸਤਰੋ) ਪੰਜਾਬੀ ਵਿੱਚ ਅਨੁਵਾਦ, ਅੱਖੀਂ ਡਿੱਠਾ ਸਮਾਜਵਾਦੀ ਕਿਊਬਾ, ਰਹੱਸਮਈ ਸੰਤ ਬਾਬਾ ਸ਼ੇਖ ਫ਼ਰੀਦ, ਚੋਣਵਾਂ ਲੇਖਕ ਸੰਗ੍ਰਹਿ, ਤੋਂ ਇਲਾਵਾ ਸੰਪਾਦਿਤ ਕੀਤੀਆਂ ਅਜ਼ਾਦ ਔਰਤ, ਗੁਰਬਾਣੀ ਦਾ ਇਨਕਲਾਬੀ ਵਿਰਸਾ, ਆਦਮਜ਼ਾਤ ਦਾ ਮਸਲਾ ਤੇ ਸਾਹਿਤ, ਵਿਆਖਿਆ ਵਾਰ ਮਲ੍ਹਾਰ ਤੇ ਆਸਾ ਦੀ ਵਾਰ ਅਤੇ ਵਿਆਖਿਆ ਸਿੱਧ ਗੋਸ਼ਟ ਤੇ ਵਾਰ ਮਾਝ ਤੋਂ ਇਲਾਵਾ ਉਨ੍ਹਾਂ ਦੀ ਅਗਲੀ ਕਿਤਾਬ ਗੁਰਬਾਣੀ ਦੇ ਮੱਧਯੁਗੀ ਸੰਕਲਪਾਂ ਦੀ ਵਿਗਿਆਨਿਕ ਵਿਆਖਿਆ ਵੀ ਛਪ ਕੇ ਆ ਗਈ ਹੈ।

ਸੁਸਾਇਟੀ ਦੇ ਸਹਾਇਕ ਸਕੱਤਰ ਨਿਰਮਲ ਕਿੰਗਰਾ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਤਰਕਸ਼ੀਲ ਸੁਸਾਇਟੀ ਦੇ ਇਸ ਹਥਲੇ ਕੰਮ ਨੂੰ ਆਪਣਾ ਫਰਜ਼ ਦੱਸਦਿਆਂ ਇਸ ਬ੍ਰਹਿਮੰਡ ਨੂੰ ਵਿਗਿਆਨਿਕ ਨਜ਼ਰੀਏ ਨਾਲ ਦੇਖਣ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਖੁਸ਼ੀ ਰਾਮ ਨੇ ਪ੍ਰੋ. ਟਿਵਾਣਾ ਦੀ ਇਸ ਕਿਤਾਬ ਦੇ ਆਗਮਨ ਤੇ  ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਵੱਲੋਂ ਉਮਰ ਦੇ ਇਸ ਪੜਾਅ ਵਿੱਚ ਸੰਸਾਰ ਪੱਧਰ ਦੇ ਬੁਧੀਜੀਵੀਆਂ, ਵਿਗਿਆਨੀਆਂ ਦੀਆਂ ਖੋਜ ਭਰਪੂਰ ਟਿੱਪਣੀਆਂ ਨੂੰ ਇਕੱਠਿਆਂ ਕਰਕੇ ਪ੍ਰਕਾਸ਼ਿਤ ਕਰਨਾ ਉਨ੍ਹਾਂ ਦੀ ਸਾਹਿਤਿਕ ਤੇ ਅਧਿਐਨ ਦੀ ਦਿਲੀ ਲਲ੍ਹਕ ਦਾ ਸਿੱਟਾ ਦੱਸਿਆ। ਤਰਕਸ਼ੀਲ ਸਰਬਜੀਤ ਉਖਲਾ ਨੇ ਕਿਤਾਬ ਦੇ ਅਧਿਆਤਮਿਕ ਪੱਖ ਤੇ ਗੱਲ ਕਰਦਿਆਂ ਵੇਦਾਂ, ਉਪਨਿਸ਼ਦਾਂ, ਰਮਾਇਣ ਅਤੇ ਭਗਵਤ ਗੀਤਾ ਆਦਿ ਦਾ ਹਵਾਲਾ ਦਿੰਦਿਆਂ ਰਹੀਆਂ ਤਰੁੱਟੀਆਂ ਵੱਲ ਧਿਆਨ ਦਿਵਾਇਆ ਅਤੇ ਟਿਵਾਣਾ ਸਾਹਿਬ ਦੀ ਮਾਰਕਸਵਾਦ ਨੂੰ ਗੁਰਬਾਣੀ ਦੇ ਆਧਾਰਿਤ ਸਿੱਧ ਕਰਨ ਦੀ ਕੋਸ਼ਿਸ਼ ਦੱਸਿਆ ਜੋ ਬੁਨਿਆਦੀ ਤੌਰ ਤੇ ਸਹੀ ਨਹੀਂ ਹੈ।

‘’ਨਾਸਤਿਕ ਬਾਣੀ’’ ਦੇ ਸੰਪਾਦਿਤ ਡਾ. ਸਾਧੂ ਬਿਨਿੰਗ ਨੇ ਕਿਤਾਬ ਵਿੱਚ ਸੰਮਲਿਤ ਟਿੱਪਣੀਆਂ ਦੀ ਸ਼ਲਾਘਾ ਕੀਤੀ ਪਰ ਮਾਰਕਸਵਾਦ ਅਤੇ ਸਿੱਖ ਧਰਮ ਨੂੰ ਮੇਲਣ ਤੇ ਕਿੰਤੂ ਵੀ ਕੀਤਾ। ਉਨ੍ਹਾਂ ਟਿਵਾਣਾ ਸਾਹਿਬ ਦੀ ਦਿਲੀ ਇੱਛਾ ਰਾਜਨੀਤੀ ਅਤੇ ਧਰਮ ਦੇ  ਸੁਮੇਲ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ ਨਾਲ ਅਸਹਿਮਤ ਹੁੰਦਿਆਂ ਕਈ ਉਦਾਹਰਣਾਂ ਦੇ ਕੇ ਸਮਝਾਇਆ ਕਿ ਜੇਕਰ ਅੱਜ ਕੈਨੇਡਾ ਵਿੱਚ ਵੀ ਅਜਿਹਾ ਹੋਵੇ ਤਾਂ ਇੱਥੇ ਈਸਾਈਅਤ ਤੋਂ ਬਿਨਾ ਕਿਸੇ ਵੀ ਹੋਰ ਧਰਮ ਨੂੰ ਜਗ੍ਹਾ  ਨਹੀਂ ਮਿਲ ਸਕੇਗੀ। ਉੱਘੇ ਵਿੱਦਵਾਨ ਡਾ. ਸਾਧੂ ਸਿੰਘ ਨੇ ਪ੍ਰੋ. ਟਿਵਾਣਾ ਦੇ ਧਾਰਮਿਕ ਨਜ਼ਰੀਏ ਤੋਂ ਹੀ ਕਿਤਾਬ ਵਿੱਚ ਦਰਜ ਆਪਾ ਵਿਰੋਧ ਦਾ ਜ਼ਿਕਰ ਕਰਦਿਆਂ ਧਰਮਾਂ ਦੇ ਆਪਾ ਵਿਰੋਧ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਤੇ ਕਿਹਾ ਕਿ ਮਾਰਕਸਵਾਦ ਅਤੇ ਅਧਿਆਤਮਵਾਦ ਨੂੰ ਇਕੱਠਿਆਂ ਨਹੀਂ ਕੀਤਾ ਜਾ ਸਕਦਾ।

ਪ੍ਰੋ. ਟਿਵਾਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇੱਕ ਵਾਰ ਫੇਰ ਆਪਣੇ ਦ੍ਰਿਸ਼ਟੀਕੋਣ ਨੂੰ ਸਹੀ ਦਰਸਾਉਂਦਿਆਂ ਅੱਜ ਦੇ ਪ੍ਰਬੰਧ ਲਈ ਸੁਸਾਇਟੀ ਅਤੇ ਪੰਜਾਬ ਭਵਨ ਦੇ ਸੁੱਖੀ ਬਾਠ ਜੀ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਨੂੰ ਮਾਇਕ ਸਹਾਇਤਾ ਦਿੱਤੀ। 

ਅਖੀਰ ਵਿੱਚ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਨੇ ਆਏ ਸਾਰੇ ਲੋਕਾਂ, ਸਮੁੱਚੀ ਟੀਮ ਤਰਕਸ਼ੀਲ ਸੁਸਾਇਟੀ, ਪੰਜਾਬ ਭਵਨ ਦੇ ਪ੍ਰਬੰਧਕਾਂ ਅਤੇ ਟਿਵਾਣਾ ਪਰਿਵਾਰ ਦਾ ਵੀ ਤਹਿ ਦਿਲੋਂ  ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਹੁਣ ਕਰੋਨਾ ਸੰਕਟ ਦੇ ਖ਼ਤਮ ਹੁੰਦਿਆਂ ਬਹੁਤ ਹੀ ਸੰਜੀਦਾ ਮੁੱਦਿਆਂ ਤੇ ਸੁਸਾਇਟੀ ਵੱਲੋਂ ਲਗਾਤਾਰ ਸੈਮੀਨਾਰ ਕਰਵਾਏ ਜਾਇਆ ਕਰਨਗੇ ਤਾਂ ਕਿ ਸਮਾਜ ਵਿੱਚ ਫੈਲੀ ਅੰਧਵਿਸ਼ਵਾਸਾਂ ਦੀ ਧੁੰਦ ਖ਼ਤਮ ਕੀਤੀ ਜਾ ਸਕੇ।  

(ਹਰਦਮ ਮਾਨ)  +1 604 308 6663
 maanbabushahi@gmail.com

Install Punjabi Akhbar App

Install
×