ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ -ਪੰਜਾਬੀ ਸਾਹਿਤਿਕ ਫੋਰਮ ਵਲੋਂ ਸੈਮੀਨਾਰ 

Dr Davinder Singh Jitla 190727 003a
ਪੰਜਾਬੀ ਸਾਹਿਤਿਕ ਫੋਰਮ ਸਿਡਨੀ ਦੁਆਰਾ 21 ਜੁਲਾਈ 2019 ਬਾਅਦ ਦੁਪਹਿਰ 2:00 ਤੋਂ 5:00 ਵਜੇ ਤਕ ਗਲੈਨਡੈਨਿੰਗ ਪਬਲਿਕ ਸਕੂਲ ਵਿੱਚ ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿਚਾਰ ਅਧੀਨ ਦੋ ਵਿਸ਼ੇ ਸਨ। ਗੁਰੂ ਨਾਨਕ -ਜਗਤ ਗੁਰੂ ਅਤੇ ਮਾਨਵਤਾ ਲਈ ਸੰਦੇਸ਼ ਅਤੇ ਗੁਰਬਾਣੀ-ਭਾਸ਼ਾਵਾਂ,ਲਿਪੀ ਅਤੇ ਪੰਜਾਬੀ ਦਾ ਸਫਰ। ਇਸ ਵਿਚ ਸਿੱਖ ਵਿਦਵਾਨਾਂ ਦੇ ਨਾਲ ਨਾਲ ਹਿੰਦੂ, ਸਿੰਧੀ, ਅਹਿਮਦੀਆ ਮੁਸਲਿਮ ਭਾਈਚਾਰੇ ਦੇ ਬੁਲਾਰਿਆਂ ਨੇ ਹਿੱਸਾ ਲਿਆ। ਇਸ ਵਿੱਚ ਖਾਸ ਮਹਿਮਾਨ ਆਸਟਰੇਲੀਆ ਵਿੱਚ ਭਾਰਤੀ ਰਾਜਦੂਤ ਡਾ ਏ ਐਮ ਗੋਂਡੈਨ ਨੇ ਵੀ ਭਾਗ ਲਿਆ ਜੋ ਕਿ ਖਾਸ ਕਰਕੇ ਕੈਨਬਰਾ ਤੋਂ ਆਏ ਸਨ।
ਸੈਮੀਨਾਰ ਦੀ ਸ਼ੁਰੂਆਤ ਹਰਮੋਹਨ ਸਿੰਘ ਵਾਲੀਆ ਦੀ ਦੋਹਤਰੀ ਮੈਡਲੀਨ ਸਾਬ ਅਤੇ ਜਸਵਿੰਦਰ ਕੌਰ ਚੱਗਰ ਦੀ ਪੋਤਰੀ ਈਸ਼ਰ ਕੌਰ ਚੱਗਰ ਨੇ ਮੂਲ ਮੰਤਰ ਅਤੇ ਜਪੁਜੀ ਸਹਿਬ ਦੇ ਭਾਵ ਅਰਥ ਸਰੋਤਿਆਂ ਨਾਲ ਸਾਂਝੇ ਕਰਕੇ ਕੀਤੀ। ਇਸ ਤੋਂ ਬਾਦ ਮਨਜਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਫੋਰਮ ਜੋ ਕਿ ਦੋ ਸਾਲ ਪਹਿਲਾਂ ਹੀ ਹੋਂਦ ਵਿਚ ਆਈ ਹੈ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਦੇਸ਼ ਵਿਦੇਸ਼ ਦੀਆਂ ਉਦਾਸੀਆਂ, ਉਥੋਂ ਦੇ ਲੋਕਾਂ ਵਿਚ ਗੁਰੂ ਸਾਹਿਬ ਦੀ ਪਹਿਚਾਣ ਅਤੇ ਮਨੁਖੀ ਬਰਾਬਰਤਾ ਦੇ ਸੰਦੇਸ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

Dr Davinder Singh Jitla 190727 003
ਡਾ ਗੋਂਡੇਨ ਨੇ ਇਕ ਵਿਦਵਾਨ ਦੀ ਹੈਸੀਅਤ ਵਿੱਚ ਹਾਜ਼ਰੀ ਭਰਦਿਆਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਾਂਝੇ ਕਰਦਿਆਂ ਕਿਹਾ ਕਿ ਜ਼ਾਤ-ਪਾਤ ਅਤੇ ਵਹਿਮਾਂ-ਭਰਮਾਂ ਵਿਚ ਫਸੇ ਸਮਾਜ ਲਈ ਗੁਰੁ ਨਾਨਕ ਸਾਹਿਬ ਇਕ ਇਨਕਲਾਬੀ ਸੋਚ ਦਾ ਨਾਮ ਹੈ ਅਤੇ ਇਸ ਸੋਚ ਨੂੰ ਸਮਝ ਕੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਢਾਲ ਕੇ ਆਪਣੇ ਵਿਵਹਾਰ ਨਾਲ ਸਮੁੱਚੀ ਦੁਨੀਆ ਅੱਗੇ ਮਿਸਾਲ ਰੱਖਣੀ ਬਹੁਤ ਜ਼ਰੂਰੀ ਹੈ।ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ ਦੇ ਫਲਸਫੇ ਵਿਚਲੇ ਸਮੁੱਚੇ ਸੰਦੇਸ਼ ਬਾਰੇ ਖਾਸ ਕਰਕੇ ਗੱਲ ਕੀਤੀ। ਉਨ੍ਹਾਂ ਦੇ ਨਾਲ ਮਨੀਸ਼ ਗੁਪਤਾ ਕੌਂਸਲ ਜਨਰਲ ਆਫ ਇੰਡੀਆ ਅਤੇ ਵੀ ਕੇ ਵਰਮਾ ਕੌਸਲ, ਕੌਂਸਲੇਟ ਜਨਰਲ ਆਫ ਇੰਡੀਆ ਨੇ ਵੀ ਹਾਜ਼ਰੀ ਭਰੀ।
ਸਿੰਧੀ ਐਸੋਸੀਏਸ਼ਨ ਹਿੰਦੂ ਕੌਂਸਲ ਵਲੋਂ ਇੰਦਰ ਕਰਿਪਲਾਨੀ ਨੇ ਸਿੰਧੀ ਸਮਾਜ ਵਿੱਚ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਗੁਰਬਾਣੀ ਦੀ ਕਥਾ ਕੀਰਤਨ ਅਤੇ ਸਿੰਧੀ ਸਮਾਜ ਵਿਚ ਅਭਿਆਸ ਬਾਰੇ ਆਪਣੇ ਵਿਚਾਰ ਬਹੁਤ ਹੀ ਸ਼ਰਧਾ ਪੂਰਣ ਸਾਂਝੇ ਕੀਤੇ। ਡਾ ਅਨਿਲ ਕੁਮਾਰ ਵਰਮਾ, ਰੀਟਾਇਰਡ ਪ੍ਰਿੰਸੀਪਲ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਅਜੋਕੇ ਅਰਥ ਸ਼ਾਸਤਰ ਪ੍ਰਣਾਲੀਆਂ ਨਾਲ ਤੁਲਨਾ ਕੀਤੀ। ਹਿੰਦੂ ਕੌਂਸਲ ਦੇ ਮੀਤ ਪ੍ਰਧਾਨ ਸੁਰਿੰਦਰ ਜੈਨ ਨੇ ਮੂਲ ਮੰਤਰ ਦੇ ਅਰਥਾਂ ਬਾਰੇ ਗਲਬਾਤ ਕਰਦਿਆਂ ਸਮੁੱਚੇ ਧਰਮ ਦੇ ਮੂਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਪਾਰੇਸ਼ ਭੰਭਾਨੀ ਨੇ ਵੀ ਹਾਜ਼ਰੀ ਭਰਦਿਆਂ ਗੁਰੁ ਸਾਹਿਬ ਅਤੇ ਗੁਰਬਾਣੀ ਲਈ ਆਪਣੀ ਸ਼ਰਧਾ ਪ੍ਰਗਟ ਕੀਤੀ।

Dr Davinder Singh Jitla 190727 002
ਡਾ ਹਰਕੀਰਤ ਸਿੰਘ ਢੀਂਡਸਾ ਨੇ ਗੁਰੂ ਨਾਨਕ ਸਾਹਿਬ ਦੀ ਸਿਖਿਆ ਪ੍ਰਣਾਲੀ ਦਾ ਅਜੋਕੀ ਸਾਇੰਟਿਫਿਕ ਸਿਖਿਆ ਪ੍ਰਣਾਲੀ ਨਾਲ ਤੁਲਨਾ ਕਰਦਿਆਂ ਦਸਿਆ ਕਿ ਗੁਰੂ ਸਾਹਿਬ ਨੇ 55ੋ ਸਾਲ ਪਹਿਲਾਂ ਗਰੁਪ ਚਰਚਾ, ਕੁਝ ਸਮਝਾਉਣ ਲਈ ਦਲੀਲ ਨਾਲ ਟਕਰਾਅ ਦਾ ਪ੍ਰਗਟਾਵਾ, ਸਿਖਿਅਕ ਕੋਲ ਆਪ ਚਲਕੇ ਜਾਣਾ ਅਤੇ ਗਿਆਤ ਤੋਂ ਅਗਿਆਤ ਦੇ ਤਰੀਕੇ ਅਪਣਾਏ ਸਨ।
ਡਾ ਦਵਿੰਦਰ ਸਿੰਘ ਜੀਤਲਾ ਨੇ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੀਆਂ ਭਾਸ਼ਾਵਾਂ, ਲਿੱਪੀ ਅਤੇ ਪੰਜਾਬੀ ਦੇ ਸਫਰ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਡਾ ਜੀਤਲਾ ਨੇ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਅਤੇ ਭੱਟਾਂ ਦੇ ਜੀਵਨ ਕਾਲ ਅਤੇ ਸਥਾਨਕ ਵੇਰਵਾ ਦਿੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੀਆਂ ਭਾਸ਼ਾਵਾਂ ਅਤੇ ਭਾਸ਼ਾਵਾਂ ਦੀ ਪ੍ਰਫੁਲਤਾ ਉਤੇ ਸਥਾਨਕ ਅਸਰ ਅਤੇ ਉਪ ਭਾਸ਼ਾਵਾਂ ਦੀ ਪੈਦਾਇਸ਼ ਦੀ ਗਲ ਵੀ ਕੀਤੀ।ਗੁਰੂ ਅੰਗਦ ਦੇਵ ਜੀ ਦੁਆਰਾ ਬਣਾਈ ਲਿੱਪੀ ਗੁਰਮੁਖੀ ਦੇ ਅੱਖਰਾਂ ਦਾ ਦੂਸਰੀਆਂ ਲਿੱਪੀਆਂ ਜਿਵੇਂ ਕਿ ਲੰਡੇ, ਸ਼ਾਰਦਾ,ਟਾਕਰੀ, ਬਰੱਹਮੀ, ਗੁਪਤਾ ਅਦਿ ਦੇ ਅੱਖਰਾਂ ਨਾਲ ਸੁਮੇਲ ਦੀ ਗਲਬਾਤ ਕਰਦਿਆਂ 13 ਵੀਂ ਸਦੀ ਤੋਂ ਬਾਬਾ ਫਰੀਦ ਜੀ ਅਤੇ ਨਾਥਾਂ ਤੋਂ ਲੈਕੇ ਅਜੋਕੇ ਸਮੇਂ ਦੇ ਪੰਜਾਬੀ ਸਾਹਿਤ ਦੇ ਰਚਨਹਾਰਾਂ ਬਾਰੇ ਵੀ ਦੱਸਿਆ।
ਗੁਰਵਿਜੇ ਸਿੰਘ ਨੇ ਗੁਰਬਾਣੀ ਅਨੁਸਾਰ ਪ੍ਰਮਾਤਮਾਂ ਦੇ ਗੁਣਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਿਰਜ਼ਾ ਰਮਜ਼ਾਨ ਸ਼ੈਫ ਨੇ ਬਾਬਾ ਨਾਨਕ ਦਾ ਮੁਸਲਿਮ ਸਮਾਜ ਵਿਚ ਰੁਤਬਾ ਅੁਤੇ ਉਨ੍ਹਾਂ ਦੀ ਬਾਣੀ ਦਾ ਪ੍ਰਭਾਵ ਬਾਰੇ ਗਲ ਬਾਤ ਕੀਤੀ।
ਪ੍ਰੋਫੈਸਰ ਮਨਿੰਦਰ ਸਿੰਘ ਬਨਵੈਤ ਅਤੇ ਸਾਹਿਬ ਸਿੰਘ ਪੰਨੂ ਨੇ ਬੁਲਾਰਿਆਂ ਬਾਰੇ ਜਾਣਕਾਰੀ ਦਿੰਦਿਆਂ ਸਟੇਜ ਚਾਲਕ ਦੀ ਭੂਮਿਕਾ ਬਹੁਤ ਹੀ ਬੇਹਤਰੀਨ ਢੰਗ ਨਾਲ ਨਿਭਾਈ। ਹਰਮੋਹਨ ਸਿੰਘ ਵਾਲੀਆ ਨੇ ਕੈਮਰੇ ਰਾਹੀਂ ਹਰ ਇਕ ਪਲ ਨੂੰ ਕੈਮਰੇ ਵਿਚ ਕੈਦ ਕੀਤਾ। ਨਰਿੰਦਰ ਪਾਲ ਸਿੰਘ ਦੇ ਸਹਿਯੋਗ ਸਦਕਾ ਗਲੈਨਡੈਨਿੰਗ ਪ੍ਰਾਇਮਰੀ ਸਕੂਲ ਦਾ ਹਾਲ ਉਪਲਬਧ ਹੋਇਆ ਹੈ ।ਫੋਰਮ ਦੀ ਸਮੁੱਚੀ ਪ੍ਰਬੰਧਕੀ ਟੀਮ ਵਲੋਂ ਗਲੈਨਡੈਨਿੰਗ ਪ੍ਰਾਇਮਰੀ ਸਕੂਲ ਦਾ,ਮਹਿਮਾਨ ਬੁਲਾਰਿਆਂ ਦਾ ਅਤੇ ਸਮੂਹ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।ਅਜੈਬ ਸਿੰਘ ਸਿੱਧੂ, ਜਸਵੀਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮਨਕੂ, ਰਣਜੀਤ ਸਿੰਘ ਭੁਲਰ, ਸਰਜਿੰਦਰ ਸਿੰਘ ਸੰਧੂ ਅਤੇ ਡਾ ਮੋਨਿੰਦਰ ਸਿੰਘ ਦੇ ਸਹਿਯੁੋਗ ਲਈ ਵੀ ਧੰਨਵਾਦ ਹੈ।

(ਡਾ ਦਵਿੰਦਰ ਸਿੰਘ ਜੀਤਲਾ)

dsjitla@yahoo.com.au

Install Punjabi Akhbar App

Install
×