ਸਿਹਤਮੰਦ ਸਮਾਜ ਸਿਰਜਣ ਲਈ ਵੱਖ ਵੱਖ ਵਿਸ਼ਾ ਮਾਹਿਰ ਜਾਣਕਾਰੀਆਂ ਦੇਣਗੇ – ਸੰਦੀਪ ਅਰੋੜਾ ਪਰਦੀਪ ਚਮਕ
(ਫਰੀਦਕੋਟ) ਸੀਰ ਸੰਸਥਾ ਤੇ ਸੋਚ ਸੰਸਥਾ ਪੰਜਾਬ ਵੱਲੋਂ ਵਾਤਾਵਰਣ ਨਾਲ ਸੰਬੰਧਤ ਵਿਸ਼ਾਲ ਸੈਮੀਨਾਰ, ਨੁਮਾਇਸ਼ਾਂ, ਘਰੇਲੂ ਵਰਤੋ, ਸਬਜੀਆਂ, ਪੌਦੇ ਖਾਦ ਸਜਾਵਟੀ ਪੌਦੇ ਆਦਿ ਬਾਰੇ ਵਾਤਾਵਰਣ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸੰਦੀਪ ਅਰੋੜਾ, ਪਰਦੀਪ ਚਮਕ ਨੇ ਦੱਸਿਆ ਕਿ ਫਰੀਦਕੋਟ ਵਿਖੇ ਸਤਾਰਾਂ ਸਾਲਾਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੁਸਾਇਟੀ) ਅਤੇ ਵਿਸ਼ਵ ਪ੍ਰਸਿੱਧ ਵਾਤਾਵਰਣ ਵਿਗਿਆਨੀ ਬਲਵਿੰਦਰ ਸਿੰਘ ਲੱਖੇਵਾਲੀ ਦੀ ਸੰਸਥਾ ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (ਸੋਚ ਸੰਸਥਾ) ਦੁਆਰਾ ਲੋਕਾਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕਰਨ ਲਈ ਇੱਕ ਵਿਸ਼ਾਲ ਪ੍ਰੋਗਰਾਮ 26 ਫਰਵਰੀ ਐਤਵਾਰ ਨੂੰ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀ. ਸੈਕੰ. ਸਕੂਲ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਘਰੇਲੂ ਬਗੀਚੀ, ਮੋਟੇ ਅਨਾਜ, ਘਰੇਲੂ ਰਹਿੰਦ ਖੂੰਹਦ ਤੋ ਖਾਦ ਤਿਆਰ ਕਰਨ ਬਾਰੇ, ਗੰਡੋਇਆਂ ਦੀ ਖਾਦ, ਜੈਵਿਕ ਖੇਤੀ, ਦਵਾਈਆ ਵਾਲੇ ਪੌਦੇ, ਸਿਹਤ ਮੰਦ ਖੁਰਾਕ, ਆਰਗੈਨਿਕ ਭੋਜਨ, ਕੁਦਰਤੀ ਸੁੰਦਰਤਾ ਉਤਪਾਦ, ਪ੍ਰਦੂਸ਼ਣ ਰੋਕਣ ਦੀਆਂ ਤਕਨੀਕਾਂ, ਘਰਾਂ ਵਿੱਚ ਬਚੇ ਖੁਚੇ ਭੋਜਨ ਦੀ ਸੁੱਚਜੀ ਸੰਭਾਲ, ਜਾਨਵਰਾਂ ਤੇ ਪੰਛੀਆ ਲਈ ਉਪਰਾਲੇ, ਆਲ੍ਹਣੇ, ਸੂਰਜੀ ਉਰਜਾ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਪ੍ਰਦਰਸ਼ਨੀਆ ਲਗਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਸ ਮੌਕੇ ਵੱਖ ਵੱਖ ਵਿਸ਼ਾ ਮਾਹਿਰ ਜਾਣਕਾਰੀਆਂ ਦੇਣਗੇ ਤਾਂ ਜੋ ਲੋਕਾਂ ਨੂੰ ਵਾਤਾਵਰਣ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਇਸ ਮੌਕੇ ਉਹਨਾਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਕੇ ਵਾਤਾਵਰਣ ਨਾਲ ਜੁੜਨ, ਖੁਰਾਕ ਤੇ ਘਰਾਂ ਵਿੱਚ ਬਿਨਾਂ ਰੇਹ ਸਪਰੇਅ ਸ਼ਬਜੀਆ, ਫਲ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ ।