ਨਸ਼ਿਆਂ ਦੀ ਕਰੋਪੀ ਨੇ ਸਾਡੇ ਇਤਿਹਾਸ, ਅਮੀਰ ਵਿਰਸੇ ਤੇ ਸੱਭਿਆਚਾਰ ਦਾ ਕੀਤਾ ਘਾਣ: ਡੀਐੱਸਪੀ

ਨਸ਼ੇ ਦਾ ਦੈਂਤ ਸਮੁੱਚੇ ਪਰਿਵਾਰ ਲਈ ਬਣਦਾ ਜਾ ਰਿਹੈ ਪ੍ਰੇਸ਼ਾਨੀਆਂ ਦਾ ਸਬੱਬ : ਡਾ ਢਿੱਲੋਂ

ਕੋਟਕਪੂਰਾ:- ਸਥਾਨਕ ਪੁਲਿਸ ਪ੍ਰਸ਼ਾਸ਼ਨ ਅਤੇ ਸਾਂਝ ਕੇਂਦਰ ਵਲੋਂ ਸਥਾਨਕ ਫਰੀਦਕੋਟ ਰੋਡ ‘ਤੇ ਸਥਿੱਤ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਸਾਂਝੇ ਤੌਰ ‘ਤੇ ਕਰਵਾਏ ਗਏ ‘ਨਸ਼ਾ ਵਿਰੋਧੀ ਸੈਮੀਨਾਰ’ ਦੌਰਾਨ ਬਲਕਾਰ ਸਿੰਘ ਸੰਧੂ ਡੀਐੱਸਪੀ ਅਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਨਸ਼ਿਆਂ ਨਾਲ ਹੋ ਰਹੀ ਬਰਬਾਦੀ, ਸਾਡੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਸੇ ਅਤੇ ਸੱਭਿਆਚਾਰ ਦਾ ਹੋ ਰਿਹਾ ਘਾਣ ਅੱਜ ਕਿਸੇ ਵੀ ਅਣਖ ਵਾਲੇ ਤੇ ਇਨਸਾਫ ਪਸੰਦ ਬਜੁਰਗ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨਾਂ ਦੱਸਿਆ ਕਿ ਨਸ਼ਾ ਇਕੱਲਾ ਨਹੀਂ ਆਉਂਦਾ ਬਲਕਿ ਅਨੇਕਾਂ ਮੁਸੀਬਤਾਂ ਤੇ ਪ੍ਰੇਸ਼ਾਨੀਆਂ ਨੂੰ ਨਾਲ ਲੈ ਕੇ ਆਉਂਦਾ ਹੈ, ਜੋ ਸਮੁੱਚੇ ਪਰਿਵਾਰ ਲਈ ਉਲਝਣਾ ਦਾ ਸਬੱਬ ਬਣਦਾ ਹੈ। ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਅਤੇ ਉੱਘੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਨਸ਼ਿਆਂ ਨਾਲ ਹੋਣ ਵਾਲੀ ਬਰਬਾਦੀ ਤੋਂ ਅੰਕੜਿਆਂ ਸਹਿਤ ਦਲੀਲਾਂ ਦੇ ਦੇ ਕੇ ਸਮਝਾਇਆ ਕਿ ਅੱਜ ਦੁਸ਼ਮਣ ਤਾਕਤਾਂ ਦੀਆਂ ਸਾਜਿਸ਼ਾਂ ਕਰਕੇ ਸਾਡਾ ਨੌਜਵਾਨ ਆਪਣਾ ਅਮੀਰ ਵਿਰਸਾ ਤੇ ਸੱਭਿਆਚਾਰ ਭੁੱਲਦਾ ਜਾ ਰਿਹਾ ਹੈ। ਇੰਸ. ਗੁਰਮੀਤ ਸਿੰਘ ਐੱਸਐੱਚਓ, ਏਐਸਆਈ ਬਲਜਿੰਦਰ ਕੌਰ, ਵਰਿੰਦਰ ਕਟਾਰੀਆ ਅਤੇ ਜੈ ਪ੍ਰਕਾਸ਼ ਨੇ ਦੱਸਿਆ ਕਿ ਗੈਰਾਂ ਦੀਆਂ ਧੀਆਂ ਨੂੰ ਦੁਸ਼ਮਣਾ ਤੋਂ ਸੁਰੱਖਿਅਤ ਬਚਾਅ ਕੇ ਸੁਰੱਖਿਅਤ ਉਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਵਾਲਾ ਨੌਜਵਾਨ ਅੱਜ ਨਸ਼ੇ ਦੀ ਲੱਤ ਕਾਰਨ ਧੀਆਂ/ਭੈਣਾ ਦੀਆਂ ਚੈਨੀਆਂ ਲੁੱਟਣ, ਪਰਸ ਖੋਹਣ ਅਤੇ ਘਰਾਂ-ਦੁਕਾਨਾਂ ‘ਚ ਚੋਰੀਆਂ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਸ਼ਰਮਨਾਕ ਹਰਕਤਾਂ ਕਰ ਰਿਹਾ ਹੈ। ਜਿਸ ਨਾਲ ਬਜੁਰਗਾਂ ਦੀ ਬਣਾਈ ਇੱਜਤ ਅਤੇ ਮਾਣ-ਸਤਿਕਾਰ ਦਾ ਘਾਣ ਹੋ ਰਿਹਾ ਹੈ। ਅੰਤ ‘ਚ ਹਾਜਰ ਮਹਿਮਾਨਾ, ਵਿਦਿਆਰਥਣਾ ਅਤੇ ਸਮੁੱਚੇ ਸਟਾਫ ਨੂੰ ਜਿੰਦਗੀ ਭਰ ਨਸ਼ਾ ਨਾ ਕਰਨ ਦਾ ਪ੍ਰਣ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਅਤੇ ਕਾਲਜ ਦੇ ਪ੍ਰਿੰਸੀਪਲਾਂ ਸਮੇਤ ਸਮੂਹ ਸਟਾਫ ਅਤੇ ਹੋਰ ਵੀ ਪਤਵੰਤੇ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×