ਰਾਖ਼ ਦੇ ਢੇਰ ਵਿੱਚੋਂ ਮੁੜ ਤੋਂ ਸੁਰਜੀਤ ਹੋ ਰਿਹਾ ਸੈਲਵਿਨ ਸਨੌਅ ਰਿਜ਼ਾਰਟ

ਵਧੀਕ ਪ੍ਰੀਮੀਅਰ ਅਤੇ ਮੌਨਾਰੋ ਤੋਂ ਐਮ.ਪੀ., ਜੋਹਨ ਬੈਰੀਲੈਰੋ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਸਿਜ਼ਕੋ ਨੈਸ਼ਨਲ ਪਾਰਕ ਵਿੱਖੇ ਸੈਲਵਿਨ ਸਨੌਅ ਰਿਜ਼ਾਰਟ ਜੋ ਕਿ 2019/20 ਦੀ ਬੁਸ਼ਫਾਇਰ ਦੌਰਾਨ ਸੜ੍ਹ ਕੇ ਸਵਾਹ ਹੋ ਗਿਆ ਸੀ, ਨੂੰ ਮੁੜ ਤੋਂ ਨਿਰਮਾਣ ਕਰਕੇ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰੀ ਸਰਦੀਆਂ ਦੇ ਸੀਜ਼ਨ ਦੌਰਾਨ ਇਹ ਰਿਜ਼ਾਰਟ ਫੇਰ ਤੋਂ ਯਾਤਰੀਆਂ ਅਤੇ ਸੈਲਾਨੀਆਂ ਦੀ ਸੇਵਾ ਵਿੱਚ ਹਾਜ਼ਿਰ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਭ ਕੁੱਝ ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਕ ਨਾਲ 40 ਸਾਲਾਂ ਦੀ ਲੀਜ਼ ਵਾਲੇ ਸਮਝੌਤੇ ਤਹਿਤ ਸੰਭਵ ਹੋਇਆ ਹੈ ਅਤੇ ਇਸ ਰਿਜ਼ਾਰਟ ਦੀ ਸਮਰੱਥਾ ਵੀ ਹੁਣ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ। ਸੈਲਾਨੀਆਂ ਦੇ ਆਕਰਸ਼ਣ ਵਾਸਤੇ ਇੱਥੇ ਬਰਫ ਵਿਚਲੀਆਂ ਖੇਡਾਂ (ਸਨੌਅ ਗੇਮਜ਼) ਲਈ ਸਨੌਅ ਮੇਕਿੰਗ ਦੀ ਸਮਰੱਥਾ ਨੂੰ ਦੁੱਗਣਾ ਕੀਤਾ ਗਿਆ ਹੈ, ਲਿਫਟਾਂ ਆਦਿ ਨੂੰ ਅਪਗ੍ਰੇਡ ਕੀਤਾ ਗਿਆ ਹੈ, ਸਿਖਲਾਈ ਖੇਤਰਾਂ ਨੂੰ ਵੱਡਾ ਕੀਤਾ ਗਿਆ ਹੈ, ਆਸਟ੍ਰੇਲੀਆ ਦੇ ਵੱਡੇ ਪਾਰਕਾਂ ਵਿੱਚੋਂ ਇੱਕ ਟੋਬੋਗਾਨ ਪਾਰਕ ਵੀ ਇੱਥੇ ਹੀ ਹੈ, ਅਤੇ ਇਸ ਤੋਂ ਇਲਾਵਾ ਸਕੇਟਿੰਗ ਰਿੰਕ ਆਦਿ ਦਾ ਵੀ ਨਵ-ਨਿਰਮਾਣ ਕੀਤਾ ਜਾ ਰਿਹਾ ਹੈ।
ਸੈਲਵਿਨ ਸਨੌਅ ਰਿਜ਼ਾਰਟ ਦੇ ਚੇਅਰਮੈਨ ਕੈਵਿਨ ਬਲਿਟਨ, -ਜੋ ਕਿ ਇਸ ਦੇ ਮਾਲਕ ਅਤੇ ਬਲਿਟਨ ਸੰਗਠਨ ਦੇ ਕਰਤਾ-ਧਰਤਾ ਵੀ ਹਨ, ਨੇ ਕਿਹਾ ਕਿ ਇਸ ਰਿਜ਼ਾਰਟ ਦੇ ਪੁਨਰ-ਨਿਰਮਾਣ ਲਈ ਸਥਾਨਕ ਲੋਕਾਂ ਨੂੰ ਹੀ ਰੌਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਵਾਸਤੇ ਓਰੈਂਜ, ਕੂਮਾ ਅਤੇ ਅਡਾਮੀਨੇਬੀ ਭਾਈਚਾਰਿਆਂ ਦੀ ਮਦਦ ਲਈ ਜਾਵੇਗੀ।
ਉਨ੍ਹਾਂ ਇਹ ਵੀ ਕਿਾ ਰਾਜ ਸਰਕਾਰ ਦੀ ਇਸ ਨਵੀਂ ਲੀਜ਼ ਕਾਰਨ ਉਕਤ ਤਬਾਹ ਹੋ ਚੁਕੇ ਰਿਜ਼ਾਰਟ ਅੰਦਰ ਮੁੜ ਤੋਂ ਜਾਨ ਪੈ ਗਈ ਹੈ ਅਤੇ ਹੁਣ ਇਸ ਰਿਜ਼ਾਰਟ ਦਾ ਭਵਿੱਖ ਸੁਰੱਖਿਅਤ ਅਤੇ ਵਧੀਆ ਦਿਖਾਈ ਦੇਣ ਲੱਗ ਪਿਆ ਹੈ।

Install Punjabi Akhbar App

Install
×