ਦੱਖਣੀ ਆਸਟ੍ਰੇਲੀਆ -ਸੇਫ਼ ਵਰਕ ਅਦਾਰੇ ਵਿੱਚੋਂ ਇੱਕ ਹੋਰ ਅਸਤੀਫ਼ਾ

ਬੈਰੀ ਵਿਚਲਾ ਆਫ਼ਿਸ ਬੰਦ -ਐਡੀਲੇਡ ਅਤੇ ਪੋਰਟ ਪਾਇਰੀ ਕੋਲ ਖੇਤਰ ਦੀ ਹੋਵੇਗੀ ਕਮਾਂਡ

ਰਿਵਰਲੈਂਡ ਖੇਤਰ ਵਿੱਚ, ਬੇਸ਼ੱਕ ਮੁੱਰੇ ਨਦੀ ਦਾ ਪਾਣੀ ਊਫ਼ਾਨ ਤੇ ਹੈ ਅਤੇ ਨਾਲ ਦੇ ਖੇਤਰਾਂ ਵਿੱਚ ਹੜ੍ਹ ਪੀੜਿਤਾਂ ਦੇ ਬਚਾਉ ਕਾਰਜ ਵੀ ਚੱਲ ਰਹੇ ਹਨ ਪਰੰਤੂ ਇਸ ਦੇ ਚੱਲਦਿਆਂ, ਹਾਲੇ ਮਹਿਜ਼ ਅੱਠ ਦਿਨ ਹੀ ਹੋਏ ਸਨ ਕਿ ਜਦੋਂ ਦੱਖਣੀ ਆਸਟ੍ਰੇਲੀਆ ਦੇ ਸੇਫ਼ ਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਕੈਂਪਬੈਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਉਕਤ ਅਦਾਰੇ ਦੇ ਇੱਕ ਹੋਰ ਡਾਇਰੈਕਟਰ ਪ੍ਰੇਮਾ ਓਸਬੋਰਨ ਨੇ ਵੀ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਕਾਰਨ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਇੱਕ ਹੋਰ ਸਰਕਾਰੀ ਅਦਾਰੇ ਵਿੱਚ ਨਵੀਂ ਥਾਂ ਤੇ ਕੰਮ ਮਿਲ ਗਿਆ ਹੈ ਇਸ ਵਾਸਤੇ ਉਹ ਇਸ ਨੌਕਰੀ ਅਤੇ ਅਹੁਦੇ ਤੋਂ ਛੁੱਟੀ ਕਰ ਰਹੇ ਹਨ।
ਸੇਫ ਵਰਕ ਦੇ ਬੁਲਾਰੇ ਰਾਹੀਂ ਦੱਸਿਆ ਗਿਆ ਹੈ ਕਿ ਓਸਬੋਰਨ ਨੇ ਇੱਕ ਹਫ਼ਤੇ ਦਾ ਸਮਾਂ ਲਿਆ ਹੈ ਅਤੇ ਇਸੇ ਮਹੀਨੇ ਦੀ 9 ਤਾਰੀਖ ਨੂੰ ਉਹ ਮੌਜੂਦਾ ਨੌਕਰੀ ਛੱਡ ਕੇ ਦੂਸਰੀ ਜੁਆਇਨ ਕਰ ਲੈਣਗੇ।
ਇਸੇ ਕਾਰਨ ਹੁਣ ਬੈਰੀ ਖੇਤਰ ਵਿਚਲਾ ਆਫ਼ਿਸ ਵੀ ਬੰਦ ਕਰਨਾ ਪੈ ਰਿਹਾ ਹੈ ਅਤੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਆਫ਼ਿਸ ਨੂੰ ਬੰਦ ਕਰਨ ਨਾਲ ਏਜੰਸੀ ਦਾ 250,000 ਡਾਲਰ ਬਚਦਾ ਹੈ ਅਤੇ ਇਸੇ ਕਾਰਨ ਹਾਲ ਦੀ ਘੜੀ ਇਸ ਆਫ਼ਿਸ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਇਹ ਕਾਰਵਾਈ ਨਵੇਂ ਸਾਲ ਜਨਵਰੀ ਦੇ ਮਹੀਨੇ ਵਿੱਚ ਲਾਗੂ ਹੋ ਜਾਵੇਗੀ।
ਕਿਉਂਕਿ ਖੇਤਰ ਵਿੱਚ ਹੜ੍ਹਾਂ ਆਦਿ ਕਾਰਨ ਆਪਾਤਕਾਲੀਨ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਾਸਤੇ ਇਸ (ਰਿਵਰਲੈਂਡ) ਖੇਤਰ ਦੀ ਦੇਖਭਾਲ ਹੁਣ ਐਡੀਲੇਡ ਅਤੇ ਪੋਰਟ ਪਾਇਰੀ ਵਿਚਲੇ ਦਫ਼ਤਰ ਹੀ ਕਰਨਗੇ।