ਕੈਨੇਡਾ ਨੇ 2022 ਵਿੱਚ 431,645 ਨਵੇਂ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਪੂਰਾ ਕੀਤਾ ਟੀਚਾ

ਇਮੀਗ੍ਰੇਸ਼ਨ ਮੰਤਰੀ ਵੱਲੋਂ ਹੁਣ 2023 ਵਿੱਚ ਇੱਕ ਹੋਰ ਇਤਿਹਾਸਕ ਸਾਲ ਦੀ ਉਡੀਕ

(ਸਰੀ)- ਕੈਨੇਡਾ ਨੇ 2022 ਵਿੱਚ 431,645 ਨਵੇਂ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੇ ਅੱਜ ਦੱਸਿਆ ਹੈ ਕਿ ਕੈਨੇਡੀਅਨ ਇਤਿਹਾਸ ਵਿੱਚ ਇਹ ਇੱਕ ਸਾਲ ਵਿੱਚ ਪੱਕੇ ਕੀਤੇ ਗਏ ਲੋਕਾਂ ਦੀ ਸਭ ਤੋਂ ਵੱਡੀ ਸੰਖਿਆ ਹੈ। ਇਸ ਤੋਂ ਪਹਿਲਾਂ 2021 ਵਿੱਚ ਕੈਨੇਡਾ ਵਿਚ ਦਾਖਲ ਹੋਏ ਪ੍ਰਵਾਸੀਆਂ ਦੀ ਗਿਣਤੀ ਨੇ 1913 ਦਾ ਰਿਕਾਰਡ ਮਾਤ ਕੀਤਾ ਸੀ ਅਤੇ 2022 ਵਿਚ 2021 ਦਾ ਅੰਕੜਾ ਵੀ ਪਿੱਛੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਲਈ ਇਹ ਇੱਕ ਮੀਲ ਪੱਥਰ ਬਣ ਗਿਆ ਹੈ, ਜਿਸ ਤਹਿਤ ਇੱਕ ਸਾਲ ਵਿੱਚ ਨਵੇਂ ਆਏ ਲੋਕਾਂ ਦਾ ਸੁਆਗਤ ਕੀਤਾ ਗਿਆ ਹੈ। ਇਹ ਕੈਨੇਡਾ ਅਤੇ ਇਸ ਦੇ ਲੋਕਾਂ ਦੀ ਤਾਕਤ ਅਤੇ ਲਚਕੀਲੇਪਣ ਦਾ ਪ੍ਰਮਾਣ ਹੈ।

ਸੀਨ ਫਰੇਜ਼ਰ ਨੇ ਅੱਗੇ ਕਿਹਾ ਕਿ ਨਵੇਂ ਆਉਣ ਵਾਲੇ ਲੋਕ ਸਾਡੇ ਭਾਈਚਾਰਿਆਂ ਨੂੰ ਅਮੀਰ ਬਣਾਉਂਦੇ ਹਨ ਅਤੇ ਕੰਮ ਕਰਕੇ, ਨੌਕਰੀਆਂ ਪੈਦਾ ਕਰਕੇ ਅਤੇ ਸਥਾਨਕ ਕਾਰੋਬਾਰਾਂ ਦਾ ਸਮਰਥਨ ਕਰਕੇ ਸਾਡੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ। ਸਾਡੇ ਭਾਈਚਾਰਿਆਂ ਵਿੱਚ ਨਵੇਂ ਦ੍ਰਿਸ਼ਟੀਕੋਣ ਅਤੇ ਪ੍ਰਤਿਭਾਵਾਂ ਨੂੰ ਲਿਆਉਣ ਅਤੇ ਸਮੁੱਚੇ ਤੌਰ ‘ਤੇ ਸਾਡੇ ਸਮਾਜ ਨੂੰ ਅਮੀਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਹੁਣ 2023 ਵਿੱਚ ਇੱਕ ਹੋਰ ਇਤਿਹਾਸਕ ਸਾਲ ਦੀ ਉਡੀਕ ਕਰ ਰਹੇ ਹਾਂ ਕਿਉਂਕਿ ਸਾਡੇ ਵੱਲੋਂ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਨਾ ਜਾਰੀ ਰਹੇਗਾ। ਸਰਕਾਰ ਲਈ ਇਹ ਸ਼ਾਨਦਾਰ ਪ੍ਰਾਪਤੀ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਕਰਮਚਾਰੀਆਂ ਤੋਂ ਬਿਨਾਂ ਸੰਭਵ ਨਹੀਂ ਸੀ, ਜਿਨ੍ਹਾਂ ਪ੍ਰੋਸੈਸਿੰਗ ਕਾਰਜ ਬਾਖੂਬੀ ਅੰਜ਼ਾਮ ਦਿੱਤਾ। 2022 ਵਿੱਚ IRCC ਨੇ ਸਥਾਈ ਨਿਵਾਸ, ਅਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਲਗਭਗ 5.2 ਮਿਲੀਅਨ ਅਰਜ਼ੀਆਂ ‘ਤੇ ਕਾਰਵਾਈ ਕੀਤੀ। ਇਹ 2021 ਵਿੱਚ ਪ੍ਰੋਸੈਸ ਕੀਤੀਆਂ ਅਰਜ਼ੀਆਂ ਦੀ ਸੰਖਿਆ ਤੋਂ ਦੁੱਗਣੀ ਹੈ। IRCC ਨੇ ਨਵੀਂ ਤਕਨਾਲੋਜੀ ਨੂੰ ਅਪਣਾਇਆ ਹੈ, ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ ਅਤੇ ਹੋਰ ਪ੍ਰਕਿਰਿਆਵਾਂ ਨੂੰ ਆਨਲਾਈਨ ਲਿਆਂਦਾ ਹੈ। ਇਹ ਤਬਦੀਲੀਆਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇਹ ਸਾਰੇ ਮਹੱਤਵਪੂਰਨ ਸੁਧਾਰ ਭਵਿੱਖ ਵਿਚ ਇਸ ਨੂੰ ਬਿਹਤਰ ਸਥਿਤੀ ਵਿੱਚ ਪ੍ਰਦਾਨ ਕਰਨਗੇ।

(ਹਰਦਮ ਮਾਨ) +1 604 308 6663

maanbabushahi@gmail.com