‘ਅਰਦਾਸ ਕਰਾਂ’: …ਤਾਂ ਕਿ ਜ਼ਿੰਦਗੀ ਨੂੰ ਵਿਅਰਥ ਨਾ ਕਰਾਂ 

  • ਨਿਊਜ਼ੀਲੈਂਡ ‘ਚ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਕਰੀਨਿੰਗ ਮੌਕੇ ਦਰਸ਼ਕ ਭਾਵੁਕ
  • ਚੜ੍ਹਦੇ ਅਤੇ ਲਹਿੰਦੇ ਪੰਜਾਬੀ ਪਰਿਵਾਸੀਆਂ ਦੇ ਘਰਾਂ ਤੋਂ ਉਡਾਣ ਭਰ ਗਏ ਜ਼ਜਬਾਤ ਜ਼ਿੰਦਾਦਿਲ ਜ਼ਿੰਦਗੀ ਦੀ ਤੇਜ਼ ਗਤੀ ਗੱਡੀ ‘ਤੇ ਸਵਾਰੀ ਕਰਨ ਦੀ ਕਹਾਣੀ ਦਾ ਖੂਬਸੂਰਤ ਦ੍ਰਿਸ਼ ਹੈ ਇਹ ਫਿਲਮ
(19 ਜੁਲਾਈ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਸਕਰੀਨਿੰਗ ਮੌਕੇ ਪਹੁੰਚੇ ਗਿੱਪੀ ਗਰੇਵਾਲ ਅਤੇ ਇਸ ਮੌਕੇ ਨਿਊਜ਼ੀਲੈਂਡ ਤੋਂ ਪਹੁੰਚੇ ਵਿਸ਼ੇਸ਼ ਦਰਸ਼ਕ)
(19 ਜੁਲਾਈ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਸਕਰੀਨਿੰਗ ਮੌਕੇ ਪਹੁੰਚੇ ਗਿੱਪੀ ਗਰੇਵਾਲ ਅਤੇ ਇਸ ਮੌਕੇ ਨਿਊਜ਼ੀਲੈਂਡ ਤੋਂ ਪਹੁੰਚੇ ਵਿਸ਼ੇਸ਼ ਦਰਸ਼ਕ)

ਔਕਲੈਂਡ 14 ਜੁਲਾਈ -ਪੰਜਾਬੀ ਫਿਲਮਾਂ ਮਨੋਰੰਜਨ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਵੀ ਦੇਣ ਲੱਗੀਆਂ ਹਨ।  ਇਸਦੀ ਤਾਜ਼ਾ ਉਦਾਹਰਣ ਗਿੱਪੀ ਗਰੇਵਾਲ ਦੀ ਨਿਰਦੇਸ਼ਨਾਂ ਅਤੇ ਹੰਬਲ ਮੋਸ਼ਨ ਪਿਕਰਜ਼ ਦੀ ਪੇਸ਼ਕਸ਼ ਨਵੀਂ ਆ ਰਹੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੇ ਵਿਚ ਅੱਜ ਲੋਕਾਂ ਨੂੰ ਵੇਖਣ ਨੂੰ ਮਿਲੀ। ਫਿਲਮ ਦਾ ਪ੍ਰੀਮੀਅਰ ਸ਼ੋਅ ਅੱਜ ਹੋਇਟਸ ਸਿਨੇਮਾ ਸਿਲਵੀਆ ਪਾਰਕ ਵਿਖੇ ‘ਫੋਰਮ ਫਿਲਮਜ਼’ ਦੇ ਸ੍ਰੀ ਪ੍ਰੀਤੇਸ਼ ਰਣੀਜਾ ਅਤੇ ਸ. ਮਨਪ੍ਰੀਤ ਸਿੰਘ ਵੱਲੋਂ ਰੱਖਿਆ ਗਿਆ ਸੀ। ਫਿਲਮ ਦੇ ਇਸ ਸ਼ੋਅ ਲਈ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਗਿੱਪੀ ਗਰੇਵਾਲ ਵਿਸ਼ੇਸ਼ ਤੌਰ ‘ਤੇ ਨਿਊਜ਼ੀਲੈਂਡ ਪਹੁੰਚੇ। ਉਨ੍ਹਾਂ ਪ੍ਰੈਸ ਕਾਨਫਰੰਸ ਦੇ ਵਿਚ ਜਿੱਥੇ ਮੀਡੀਆ ਨਾਲ ਗੱਲਾਂਬਾਤਾਂ ਕੀਤੀਆਂ ਉਥੇ ਥੀਏਟਰ ਦੇ ਵਿਚ ਵੀ 15 ਮਿੰਟ ਵਾਸਤੇ ਆਮ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਫਿਲਮ ਤਿੰਨ ਪੰਜਾਬੀ ਘਰਾਂ ਦੇ ਮੁਖੀਆਂ ਦੀ ਹੱਸਦੀ-ਰੁਸਦੀ ਜ਼ਿੰਦਗੀ ਨੂੰ ਹੁਲਾਰੇ ਦੇਣ ਦੀ ਕਹਾਣੀ ਦੁਆਲੇ ਘੁੰਮਦੀ ਹੈ। ਇਨ੍ਹਾਂ ਮੁਖੀਆਂ ਵਿਚੋਂ ਇਕ ਲਹਿੰਦੇ ਪੰਜਾਬ ਦੇ ਲਾਹੌਰ ਸ਼ਹਿਰ ਤੋਂ ਮੁਸਲਿਮ ਅੱਬਾ ਹੈ, ਦੂਜਾ ਹਿੰਦੂ ਪਰਿਵਾਰ ਦਾ ਮੁਖੀਆ ਅਤੇ ਤੀਜਾ ਸਿੱਖ ਪਰਿਵਾਰ ਦਾ ਮੁਖੀਆ। ਬੱਚਿਆਂ ਦੀ ਪ੍ਰਵਾਸ ਲਈ ਕੀਤੀ ਜ਼ਿਦ ਅਤੇ ਫਿਰ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਦੇ ਵਿਚ ਪੈਂਦੇ ਫਰਕ ਨੂੰ ਜਿੱਥੇ ਦਰਸਾਇਆ ਗਿਆ ਹੈ ਉਥੇ ਗੁਰਪ੍ਰੀਤ ਸਿੰਘ ਘੁੱਗੀ ਦੇ ਮੈਜਿਕ ਸਿੰਘ ਨਾਂਅ ਦੇ ਕਿਰਦਾਰ ਨੇ ਅਜਿਹੇ ਡਾਇਲਾਗਾਂ ਅਤੇ ਧਾਰਮਿਕ ਸਤਰਾਂ ਦੇ ਨਾਲ ਜ਼ਿੰਦਗੀ ਤੋਂ ਤੌਬਾ ਕਰਨ ਜਾ ਰਹੇ ਇਕ ਘਰ ਦੇ ਮੁਖੀ ਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਕਿ ਇਹ ਪਾੜਾ ਮੁੜ ਮਿਲਾ ਦਿੱਤਾ ਗਿਆ। ਨਾ-ਮੁਰਾਦ ਬਿਮਾਰੀ ਦੇ ਚਲਦਿਆਂ ਥੋੜੇ ਚਿਰੀ ਜ਼ਿੰਦਗੀ ਕਿਵੇਂ ਹੱਸਦਿਆਂ ਜਿਊਣੀ ਹੈ ਬਹੁਤ ਸੋਹਣਾ ਸਮਝਾਇਆ ਗਿਆ ਹੈ। ਗਿੱਪੀ ਗਰੇਵਾਲ ਵੱਲੋਂ ਪੈਸੇ ਦੀ ਸਕੀਮ ਲਾ ਕੇ ਚਲਾਇਆ ਜਾਣ ਵਾਲਾ ਬਿਜ਼ਨਸ ਕਿਵੇਂ ਕਿਸੇ ਮਿਸ਼ਨ ਵਿਚ ਬਦਲ ਗਿਆ ਤੁਹਾਨੂੰ ਵੇਖ ਕੇ ਪਤਾ ਲੱਗੇਗਾ। ਫਿਲਮ ਤੋਂ ਬਾਅਦ ਸਾਰੇ ਦਰਸ਼ਕਾਂ ਨੇ ਫਿਲਮ ਨੂੰ ਕਾਫੀ ਸਰਾਹਿਆ। ਕਹਾਣੀ  ਕਾਫੀ ਤੇਜੀ ਨਾਲ ਅੱਗੇ ਵਧਦੀ ਹੈ ਜਿਸ ਦੇ ਲਈ ਦਰਸ਼ਕਾਂ ਨੂੰ ਫੁਰਤੀ ਦੇ ਨਾਲ ਦ੍ਰਿਸ਼ਾਂ ਨੂੰ ਜ਼ਿਹਨ ਵਿਚ ਰੱਖਣਾ ਪਏਗਾ। ਕਿਸੇ ਕਾਰਜ ਲਈ ਕੀਤੀ ਗਈ ਅਰਦਾਸ ਕਿਵੇਂ ਪੂਰੀ ਕੀਤੀ ਜਾਂਦੀ ਹੈ ਅਤੇ ਕਿਵੇਂ ਕੋਈ ਤੁਹਾਨੂੰ ਐਨਾ ਵੱਡਾ ਹੁਲਾਰਾ ਦੇ ਜਾਂਦਾ ਹੈ ਤੁਸੀਂ ਨਿਰਾਸ਼ਾ ਦੇ ਬੱਦਲਾਂ ਵਿਚੋਂ ਨਿਕਲ ਕੇ ਕਿਸੇ ਹੋਰ ਲਈ ਠੰਡੀ ਬਵਾ ਦੇ ਬੁੱਲ੍ਹੇ ਬਣ ਜਾਂਦੇ ਹੋ, ਇਹ ਵੀ ਖੂਬ ਦੱਸਿਆ ਗਿਆ ਹੈ।
ਫਿਲਮ ਦਾ ਸਾਰਅੰਸ਼ ਖੁਦ ਨੂੰ ਮਿਲਦੇ ਇਸ ਸੁਨੇਹੇ ਨਾਲ ਕਿ ‘ਅਰਦਾਸ ਕਰਾਂ’ ਤਾਂ ਕਿ ਜ਼ਿੰਦਗੀ ਨੂੰ ਵਿਅਰਥ ਨਾ ਕਰਾਂ ਸਗੋਂ ਜਿੰਨਾ ਹੋ ਸਕਦਾ ਜੀਅ ਲਵਾਂਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ।  ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਅਤੇ ਪ੍ਰੋਮੋਟਰ ਸੁੱਖਾ ਵੀ ਪਹੁੰਚੇ ਹੋਏ ਸਨ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਤੋਂ ਵੀ ਕਾਫੀ ਲੋਕ ਵਿਸ਼ੇਸ਼ ਸੱਦਾ ਪੱਤਰ ਉਤੇ ਇਹ ਫਿਲਮ ਵੇਖਣ ਪਹੁੰਚੇ ਹੋਏ ਸਨ। ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਜਪੁ ਜੀ ਖਹਿਰਾ, ਸਪਨਾ ਪੱਬੀ ਤੇ ਯੋਗਰਾਜ ਸਿੰਘ ਦਾ ਵੀ ਬਹੁਤ ਵਧੀਆ ਰੋਲ ਹੈ।

Install Punjabi Akhbar App

Install
×