
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲਗਦਾ ਹੈ ਕਿ ਆਸਟ੍ਰੇਲੀਆ ਦੀ ਰਾਜਨੀਤਿਕ ਸਾਰੀਆਂ ਹੀ ਸ਼ਕਤੀਆਂ ਅੱਜਕਲ੍ਹ ਸਟਾਫ ਮੈਂਬਰਾਂ ਆਦਿ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਹੀ ਉਲਝੀਆਂ ਹੋਈਆਂ ਦਿਖਾਈ ਦੇਣ ਲੱਗੀਆਂ ਹਨ ਕਿਉ਼ਕਿ ਸੱਤਾ ਪੱਖ ਦੇ ਨੇਤਾਵਾਂ ਅਤੇ ਸਟਾਫ ਦੇ ਦੂਸਰੇ ਮੈਂਬਰਾਂ ਆਦਿ ਉਪਰ ਸਟਾਫ ਵਿੱਚ ਹੀ ਕੰਮ ਕਰਦੀਆਂ ਮਹਿਲਾਵਾਂ ਵੱਲੋਂ ਅਜਿਹੀਆਂ ਘਿਨੌਣੀਆਂ ਕਰਤੂਤਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਰਾਜਨੀਤਿਕ ਗਲਿਆਰਿਆਂ ਅੰਦਰ ਚਰਚਾਵਾਂ ਦੇ ਬਾਜ਼ਾਰ ਕਾਫੀ ਗਰਮ ਹਨ।
ਬ੍ਰਿਟਨੀ ਹਿਗਿੰਨਜ਼ ਵਾਲੇ ਮਾਮਲੇ ਵਿੱਚ ਚਰਚਾ ਦਾ ਵਿਸ਼ਾ ਬਣੇ ਡਿਫੈਂਸ ਮੰਤਰੀ ਲਿੰਡਾ ਰਿਨੌਲਡਜ਼ ਦੀਆਂ ਬ੍ਰਿਟਨੀ ਹਿਗਿੰਨਜ਼ ਪ੍ਰਤੀ ਟਿੱਪਣੀਆਂ (lying cow) ਕਾਰਨ ਗੁੱਸੇ ਵੱਧ ਰਹੇ ਹਨ ਅਤੇ ਹੁਣ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਖੁਦ ਅੱਗੇ ਆ ਕੇ ਡਿਫੈਂਸ ਮੰਤਰੀ ਦੇ ਬਚਾਅ ਵਿੱਚ ਕਿਹਾ ਹੈ ਕਿ ਜਦੋਂ ਡਿਫੈਂਸ ਮੰਤਰੀ ਨੇ ਅਜਿਹੇ ਸ਼ਬਦ ਪੀੜਿਤਾ ਬ੍ਰਿਟਨੀ ਹਿਗਿੰਨਜ਼ ਲਈ ਕਹੇ ਸਨ ਤਾਂ ਨਾਲ ਹੀ ਉਨ੍ਹਾਂ ਨੇ ਆਪਣੇ ਸ਼ਬਦਾਂ ਪ੍ਰਤੀ ਗਹਿਰਾ ਦੁੱਖ ਵੀ ਜ਼ਾਹਿਰ ਕੀਤਾ ਸੀ ਅਤੇ ਕਿਹਾ ਸੀ ਕਿ ਉਕਤ ਸ਼ਬਦ ਉਨ੍ਹਾਂ ਦੇ ਮੂੰਹ ਵਿੱਚੋਂ ਗਲਤੀ ਨਾਲ ਨਿਕਲ ਗਏ ਅਤੇ ਉਨ੍ਹਾਂ ਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸ਼ਬਦ ਉਨ੍ਹਾਂ ਨੇ ਕੋਈ ਏਕਾਂਤ ਵਿੱਚ ਵੀ ਨਹੀਂ ਕਹੇ ਸਨ ਅਤੇ ਆਪਣੇ ਪੂਰੇ ਦਫ਼ਤਰ ਵਿੱਚ ਕਹੇ ਸਨ ਅਤੇ ਕਈ ਅਹਿਮ ਸ਼ਖ਼ਸੀਅਤਾਂ ਦੇ ਸਾਹਮਣੇ ਕਹੇ ਸਨ। ਇਸ ਲਈ ਹੁਣ ਅਜਿਹੇ ਮਾਮਲਿਆਂ ਨੂੰ ਤੂਲ ਦੇ ਕੇ ਰਾਜਨੀਤਿਕ ਗਲਿਆਰਿਆਂ ਅੰਦਰ ਤੂਫਾਨ ਖੜ੍ਹਾ ਕਰਨਾ ਕੋਈ ਜਾਇਜ਼ ਗੱਲ ਨਹੀਂ ਹੈ ਕਿਉਂਕਿ ਡਿਫੈਂਸ ਮੰਤਰੀ ਪਹਿਲਾਂ ਹੀ ਇਸ ਗੱਲ ਵਾਸਤੇ ਮੁਆਫੀ ਮੰਗ ਚੁਕੇ ਹਨ।
ਉਧਰ ਅਟਾਰਨੀ ਜਨਰਲ ਕ੍ਰਿਸਟਿਨ ਪੋਰਟਰ ਉਪਰ ਲੱਗੇ ਇਲਜ਼ਾਮਾਂ ਦੀ ਪੜਤਾਲ ਬਾਰੇ ਵੀ ਉਨ੍ਹਾਂ ਸਾਫ ਇਨਕਾਰ ਹੀ ਕੀਤਾ ਅਤੇ ਕਿਹਾ ਕਿ ਅਜਿਹੀ ਨਿਰਪੱਖ ਪੜਤਾਲ ਦੀ ਹਾਲ ਦੀ ਘੜੀ ਕੋਈ ਜ਼ਰੂਰਤ ਹੀ ਨਹੀਂ ਹੈ।