ਪੋਸਟ ਕਰੋਨਾਵਾਇਰਸ ਮਾਈਗ੍ਰੇਸ਼ਨ ਨੂੰ ਮੁੜ ਤੋਂ ਵਿਚਾਰਨ ਵਾਸਤੇ ਸਰਕਾਰ ਕਰ ਰਹੀ ਤਿਆਰੀ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਪਣੇ ਬਿਆਨਾਂ ਰਾਹੀਂ ਦਰਸਾਇਆ ਹੈ ਕਿ ਬੀਤੇ ਸਾਲ 2020 ਦੇ ਸ਼ੁਰੂ ਤੋਂ ਹੀ, ਕਰੋਨਾਵਾਇਰਸ ਬਿਮਾਰੀ ਦੀ ਚੱਲੀ ਹਨੇਰੀ ਨੇ ਸਮੁੱਚੇ ਸੰਸਾਰ ਨੂੰ ਹੀ ਝੰਝੋੜ ਕੇ ਰੱਖ ਦਿੱਤਾ ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਵੀ ਤਕਰੀਬਨ ਹਰ ਕੋਨੇ ਵਿੱਚ ਹੀ ਇਸ ਦੀ ਮਾਰ ਕਾਰਨ ਹੋਰ ਨੁਕਸਾਨਾਂ ਦੇ ਨਾਲ ਨਾਲ ਆਰਥਿਕ ਨੁਕਸਾਨ ਵੀ ਝੱਲਣੇ ਪਏ ਜਦੋਂ ਕਿ ਸਭ ਤੋਂ ਪ੍ਰਭਾਵਿਤ ਖੇਤਰ ਜਿਹੜਾ ਹੋਇਆ ਉਹ ਹੈ ਮਾਈਗ੍ਰੇਸ਼ਨ ਪ੍ਰੋਗਰਾਮ ਦਾ…. ਅਤੇ ਇਸ ਦੌਰਾਨ ਮਾਈਗ੍ਰੇਸ਼ਨ ਦਾ ਗ੍ਰਾਫ ਤਾਂ ਸਿੱਧਾ ਨੈਗੇਟਿਵ ਆਂਕੜਿਆਂ ਵਿੱਚ ਹੀ ਚਲਾ ਗਿਆ ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ, ਹੁਣ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਕਾਰਾਤਮਕਤਾ ਦਾ ਸਿੱਧਾ ਅਸਰ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੀ ਲੇਬਰ ਉਪਰ ਪਿਆ ਹੈ ਅਤੇ ਇਸ ਨਾਲ ਸਿੱਧੇ ਤੌਰ ਤੇ ਦੇਸ਼ ਦੇ ਹਰ ਕੋਨੇ ਵਿੱਚ ਹਰ ਤਰ੍ਹਾਂ ਦੇ ਕੰਮਾਂ-ਕਾਰਾਂ ਨੂੰ ਪ੍ਰਤਾੜਿਤ ਹੋਣਾ ਪਿਆ ਹੈ। ਸਰਕਾਰ ਹੁਣ ਇਸ ਰੁਕੇ ਹੋਏ ਪ੍ਰੋਗਰਾਮ ਵੱਲ ਮੁੜ ਤੋਂ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਦੇਸ਼ ਦੀ ਵਿਗੜੀ ਹੋਈ ਅਰਥ ਵਿਵਸਥਾ ਦੀ ਗੱਡੀ ਨੂੰ ਲੀਹਾਂ ਉਪਰ ਮੁੜ ਤੋਂ ਲੈ ਕੇ ਆਉਣ ਵਾਸਤੇ ਜੋ ਪ੍ਰਯੋਗ ਕਰ ਰਹੀ ਹੈ ਉਨ੍ਹਾਂ ਵਿੱਚ ਮਾਈਗ੍ਰੇਸ਼ਨ ਦੇ ਸੁਧਾਰ ਵੱਲ ਵੀ ਕਦਮ ਚੁੱਕੇ ਜਾਣ ਦੀਆਂ ਸੰਭਾਵਨਾਵਾਂ ਤੋਂ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਹਰ ਪਾਸੋਂ ਸਥਿਤੀਆਂ ਨੂੰ ਮੁੜ ਤੋਂ ਵਾਚਣ ਦਾ ਸਮਾਂ ਆ ਗਿਆ ਹੈ ਕਿ ਆਰਜ਼ੀ ਤੋਰ ਤੇ ਵੀਜ਼ੇ ਲੈ ਕੇ ਦੇਸ਼ ਅੰਦਰ ਆਉਣ ਵਾਲੇ ਮਿਹਨਤ ਕਸ਼ ਲੋਕਾਂ ਦੀ ਆਮਦ ਨੂੰ ਮੁੜ ਤੋਂ ਸੁਧਾਰਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ 2020-21 ਦੌਰਾਨ ਚੱਲ ਰਹੇ ਇਸ ਕਰੋਨਾ ਕਾਲ ਕਾਰਨ ਕਰੀਬ 72,000 ਅਜਿਹੇ ਆਰਜ਼ੀ ਵੀਜ਼ਾ ਹੋਲਡਰਾਂ ਤੋਂ ਦੇਸ਼ ਦੀ ਅਰਥ ਵਿਵਸਥਾ ਨੂੰ ਹੱਥ ਧੌਣੇ ਪਏ ਹਨ ਅਤੇ ਇਸ ਦਾ ਸਿੱਧਾ ਅਸਰ ਦੇਸ਼ ਉਪਰ ਪਿਆ ਹੈ ਅਤੇ ਇੱਕ ਅੰਦਾਜ਼ੇ ਮੁਤਾਬਿਕ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਹੁਣ ਇਸ ਘਾਟੇ ਨੂੰ 2022-23 ਤੱਕ ਹੀ ਪੂਰਾ ਕੀਤਾ ਜਾ ਸਕਦਾ ਹੈ। ਦੇਸ਼ ਦੀ ਖੇਤੀਬਾੜੀ ਨਾਲ ਜੁੜੇ ਆਰਥਿਕ ਸੌਮਿਆਂ ਵਾਲੇ ਵਿਭਾਗਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਇਸ ਦਾ ਸਭ ਤੋਂ ਗਹਿਰਾ ਅਤੇ ਵੱਡਾ ਨੁਕਸਾਨ ਦੇਸ਼ ਦੀ ਖੇਤੀਬਾੜੀ ਨੂੰ ਹੀ ਹੋਇਆ ਹੈ ਅਤੇ ਇਸ ਸਮੇਂ ਵੀ 22,000 ਤੋਂ ਵੀ ਵੱਧ ਕਾਮਿਆਂ ਦੀ ਕਮੀ ਪਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਕੰਮਾਂ ਵਾਸਤੇ ਕਾਮਿਆਂ ਦੀ ਜ਼ਰੂਰਤ ਹੈ ਅਤੇ ਜਦੋਂ ਆਸਟ੍ਰੇਲੀਆਈ ਲੋਕ ਅਜਿਹੇ ਕੰਮ ਕਰਦੇ ਹੀ ਨਹੀਂ ਤਾਂ ਫੇਰ ਤਾਂ ਅਜਿਹੇ ਕੰਮਾਂ ਵਾਸਤੇ ਬਾਹਰੋਂ ਕਾਮਿਆਂ ਨੂੰ ਲਿਆਉਣਾ ਹੀ ਪਵੇਗਾ ਅਤੇ ਇਸ ਵਾਸਤੇ ਸਰਕਾਰ ਨੇ ਹੁਣ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ ਹਨ।

Install Punjabi Akhbar App

Install
×