ਹਰ ਆਸਟ੍ਰੇਲੀਆਈ ਨੂੰ ਕ੍ਰਿਸਮਿਸ ਤੋਂ ਪਹਿਲਾਂ ਪਹਿਲਾਂ ਕਰੋਨਾ ਵੈਕਸੀਨ ਦੀ ਦੇ ਦਿੱਤੀ ਜਾਵੇਗੀ ਪਹਿਲੀ ਖੁਰਾਕ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਵੈਕਸੀਨ ਦਾ ਸਹੀਬੱਧ ਤਰੀਕਿਆਂ ਨਾਲ ਵਿਤਰਣ ਨਹੀਂ ਹੋ ਰਿਹਾ, ਦਵਾਈ ਦੇ ਸਾਈਡ ਇਫੈਕਟ ਹੋ ਰਹੇ ਹਨ, ਆਦਿ ਵਰਗੇ ਵਿਰੋਧੀਆਂ ਦੇ ਇਲਜ਼ਾਮਾਂ ਦਾ ਪਰਥ ਵਿਖੇ ਇੱਕ ਬਿਜਨਸ ਟਾਕ ਦੌਰਾਨ, ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਸਾਲ ਦੇ ਅੰਤ (ਕ੍ਰਿਸਮਿਸ) ਤੱਕ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਕਰੋਨਾ ਦੀ ਵੈਕਸੀਨ ਦੀ ਪਹਿਲੀ ਖੁਰਾਕ ਹਰ ਹਾਲਤ ਵਿੱਚ ਦੇ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਸਾਰੇ ਜ਼ਰੂਰੀ ਇੰਤਜ਼ਾਮ ਚੱਲ ਰਹੇ ਹਨ ਅਤੇ ਸਰਕਾਰ ਇਸ ਵੱਲ ਦਿਨ ਰਾਤ ਦੀ ਤਵੱਜੋ ਦੇ ਰਹੀ ਹੈ।
ਹਾਲ ਵਿੱਚ ਹੀ ਕੀਤੇ ਗਏ ਐਲਾਨ ਕਿ ਪ੍ਰਧਾਨ ਮੰਤਰੀ ਹਫਤੇ ਵਿੱਚ ਦੋ ਵਾਰੀ ਸਾਰੇ ਰਾਜਾਂ ਦੇ ਪ੍ਰੀਮੀਅਰਾਂ ਨਾਲ ਕਰੋਨਾ ਸਬੰਧੀ ਆਂਕੜਿਆਂ ਅਤੇ ਕਾਰਵਾਈਆਂ ਉਪਰ ਚਰਚਾ ਕਰਨਗੇ, ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਵਿਤਰਣ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਹਨ ਅਤੇ ਅੱਗੇ ਵੀ ਆਉਂਦੀਆਂ ਰਹਿਣਗੀਆਂ ਪਰੰਤੂ ਇਸ ਮਿੱਥੇ ਗਏ ਟੀਚੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਐਸਟ੍ਰਾਜੈਨੇਕਾ ਦੇ ਨਾਲ ਨਾਲ ਹੁਣ ਫਾਈਜ਼ਰ ਵੀ ਸਾਲ ਦੇ ਮੱਧ ਤੱਕ ਉਪਲੱਭਧ ਹੋ ਜਾਵੇਗੀ ਅਤੇ ਦੋਹਾਂ ਦਵਾਈਆਂ ਦਾ ਹੀ ਵਿਤਰਣ ਕੀਤਾ ਜਾਵੇਗਾ। ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ ਦਵਾਈਆਂ ਦੇ ਇਸਤੇਮਾਲ ਵਿੱਚ ਰੱਖੇ ਜਾਣ ਵਾਲੇ ਅਹਿਤਿਆਦ ਜ਼ਰੂਰੀ ਹਨ ਅਤੇ ਆ ਰਹੀਆਂ ਖ਼ਬਰਾਂ (ਬਲੱਡ ਕਲਾਟਿੰਗ ਜਾਂ ਹੋਰ ਸਾਈਡ ਇਫੈਕਟ) ਨੂੰ ਬੜੇ ਗੌਰ ਨਾਲ ਵਾਚਿਆ ਜਾ ਰਿਹਾ ਹੈ ਅਤੇ ਹਰ ਇੱਕ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਵਪਾਰ ਮੰਤਰੀ ਡੇਨ ਤੇਹਾਨ ਵੀ ਅੱਜ ਯੂਰੋਪ ਜਾ ਰਹੇ ਹਨ ਅਤੇ ਉਥੇ ਜਿਹੜੀਆਂ ਤਿੰਨ ਮਿਲੀਅਨ ਵੈਕਸੀਨ ਦੀਆਂ ਖੁਰਾਕਾਂ ਆਸਟ੍ਰੇਲੀਆ ਭੇਜਣ ਤੋਂ ਰੋਕੀਆਂ ਗਈਆਂ ਹਨ, ਬਾਬਤ ਗੱਲਬਾਤ ਕਰਨਗੇ ਅਤੇ ਸਥਿਤੀਆਂ ਉਪਰ ਜਲਦੀ ਹੀ ਚਾਨਣਾ ਪਾਉਣਗੇ।
ਲੇਬਰ ਪਾਰਟੀ ਦੇ ਨੇਤਾ ਐਂਥਨੀ ਐਲਬਨੀਜ਼ ਦਾ ਕਹਿਣਾ ਹੈ ਕਿ ਮੋਰੀਸਨ ਸਰਕਾਰ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋ ਰਹੀ ਅਤੇ ਮਹਿਜ਼ ਸਮਾਂ ਭੁਗਤਾਣ ਦਾ ਕੰਮ ਕਰ ਰਹੀ ਹੈ ਅਤੇ ਆਪਣੀਆਂ ਗਲਤੀਆਂ ਆਦਿ ਨੂੰ ਛੁਪਾਉਣ ਲਈ ਹਮੇਸ਼ਾ ਦੂਸਰਿਆਂ ਉਪਰ ਹੀ ਦੋਸ਼ ਮੜ ਦਿੰਦੀ ਹੈ ਅਤੇ ਹਰ ਕੰਮ ਵਿੱਚ ਮਹਿਜ਼ ਰਾਜਨੀਤੀ ਦੀ ਖੇਡ ਹੀ ਖੇਡਦੀ ਰਹਿੰਦੀ ਹੈ ਜੋ ਕਿ ਦੇਸ਼ ਹਿਤ ਵਿੱਚ ਨਹੀਂ ਹੈ ਅਤੇ ਸਰਕਾਰ ਨੂੰ ਤੁਰੰਤ ਆਪਣੀਆਂ ਪਾਲਸੀਆਂ ਬਦਲ ਦੇਣੀਆਂ ਚਾਹੀਦੀਆਂ ਹਨ।

Install Punjabi Akhbar App

Install
×