ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਏਸ਼ੀਆ ਨਾਲ ਬਾਰਡਰ ਖੋਲ੍ਹਣ ਵੱਲ ਕੀਤਾ ਇਸ਼ਾਰਾ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕੋਵਿਡ-19 ਕਾਰਨ ਦੇਸ਼ ਦੇ ਸੀਲ ਕੀਤੇ ਬਾਰਡਰਾਂ ਨੂੰ ਏਸ਼ੀਆ ਖੇਤਰ ਨਾਲ ਮੁੜ ਤੋਂ ਖੋਲ੍ਹਣ ਵਾਸਤੇ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਤਾਇਵਾਨ, ਜਪਾਨ, ਸਿੰਗਾਪੁਰ, ਚੀਨ ਦੇ ਕੁੱਝ ਹਿੱਸੇ, ਆਦਿ ਦੇ ਬਾਰਡਰਾਂ ਨੂੰ ਕੈਨਬਰਾ ਰਾਹੀਂ ਮੁੜ ਤੋਂ ਖੋਲ੍ਹ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਮਾਰਚ ਦੇ ਮਹੀਨੇ ਵਿੱਚ ਕੋਵਿਡ-19 ਦੇ ਕਹਿਰ ਕਾਰਨ ਦੇਸ਼ ਨੂੰ ਸਮੁੱਚੇ ਸੰਸਾਰ ਨਾਲ ਹੀ ਆਪਣੇ ਬਾਰਡਰਾਂ ਨੂੰ ਬੰਦ ਕਰਨਾ ਪਿਆ ਸੀ ਅਤੇ ਇਸ ਨਾਲ ਅਸਟ੍ਰੇਲੀਆ ਦੇ ਨਾਗਰਿਕਾਂ ਅਤੇ ਗੈਰ ਨਾਗਰਿਕਾਂ ਜਾਂ ਯਾਤਰੀਆਂ ਨੂੰ ਦੇਸ਼ ਅੰਦਰ ਵੜ੍ਹਨ ਦੀ ਆਗਿਆ ਨਹੀਂ ਸੀ। ਪਰੰਤੂ ਅਕਤੂਬਰ ਦੇ ਮਹੀਨੇ ਵਿੱਚ ਨਿਊਜ਼ੀਲੈਂਡ ਨਾਲ ਬਾਰਡਰ ਖੋਲ੍ਹ ਲਏ ਗਏ ਸਨ -ਬੇਸ਼ੱਕ ਯਾਤਰੀ ਸੀਮਿਤ ਸਨ ਪਰੰਤੂ ਹੁਣ ਉਮੀਦ ਹੈ ਕਿ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਇਹ ਬਾਰਡਰ ਵੀ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਵਿੱਚ ਕਿਹਾ ਕਿ ਹਾਲ ਦੀ ਘੜੀ ਅਮਰੀਕਾ ਅਤੇ ਯੋਰਪ ਵਾਸਤੇ ਬਾਰਡਰ ਖੁਲ੍ਹਣ ਵਾਸਤੇ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪਵੇਗਾ ਕਿਉਂਕਿ ਸਥਿਤਿਆਂ ਨੂੰ ਵਾਚਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਬਾਹਰ ਤੋਂ ਆਉਣ ਵਾਲਿਆਂ ਵਾਸਤੇ ਸਾਨੂੰ ਕੁਅਰਨਟੀਨ ਦਾ ਪੂਰਾ ਇੰਤਜ਼ਾਮ ਵੀ ਕਰਨਾ ਪੈਣਾ ਹੈ। ਜ਼ਿਕਰਯੋਗ ਹੈ ਕਿ ਇਸ ਸਾਰੇ ਬਾਬਤ ਦੇਸ਼ ਅੰਦਰ ਟੂਰਿਜ਼ਮ ਨੂੰ ਖਾਸੀ ਢਾਹ ਲੱਗੀ ਹੈ ਅਤੇ ਇਹ ਗਿਰਾਵਟ 1959 ਤੋਂ ਅੰਕਿਤ ਕੀਤੇ ਜਾ ਰਹੇ ਆਂਕੜਿਆਂ ਮੁਤਾਬਿਕ ਸਭ ਤੋਂ ਜ਼ਿਆਦਾ ਹੈ। 2019 ਵਿੱਚ ਟੂਰਿਜ਼ਮ ਦੇਸ਼ ਦੀ ਅਰਥ-ਵਿਵਸਥਾ ਦਾ 3.1 ਹਿੱਸਾ ਅੰਕਿਤ ਕੀਤਾ ਗਿਆ ਸੀ ਜਿਸਤੋਂ ਕਿ 61 ਬਿਲੀਅਨ ਡਾਲਰ ਦਾ ਨਿਵੇਸ਼ ਦੇਸ਼ ਦੀ ਅਰਥ-ਵਿਵਸਥਾ ਵਿੱਚ ਆਪਣਾ ਯੋਗਦਾਨ ਪਾਉਂਦਾ ਸੀ।

Install Punjabi Akhbar App

Install
×