ਸਕਾਟ ਮੋਰੀਸਨ ਨੂੰ ਕਿਉਂ ਝੇਲਣੀ ਪੈ ਰਹੀ ਹੈ ਜਨਤਕ ਨਾਰਾਜ਼ਗੀ….?

ਸਭ ਤੋਂ ਨਿਕੰਮਾ ਪ੍ਰਧਾਨ ਮੰਤਰੀ ਹੋਣ ਵਾਸਤੇ ਤੁਹਾਨੂੰ ਸ਼ੁਭਕਾਮਨਾਵਾਂ….! ਸੈਲਫੀ ਲੈਂਦਿਆਂ ਕਿਹਾ ਮਹਿਲਾ ਨੇ…..

ਅੱਜ ਕੱਲ੍ਹ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਖੁਲ੍ਹੇਆਮ ਹੀ ਜਨਤਕ ਤੌਰ ਤੇ ਨਖੇਧੀਆਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਖ਼ਿਲਾਫ਼ ਬਿਆਨਬਾਜ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਤੋਂ ਨਾਰਾਜ਼ ਹਨ ਅਤੇ ਆਪਣੀ ਨਾਰਾਜ਼ਗੀ ਹੁਣ ਜਨਤਕ ਕਰਨ ਲੱਗੇ ਹਨ।
ਤਾਜ਼ਾ ਮਿਸਾਲ ਅਧੀਨ -ਨਿਊ ਕਾਸਲ ਦੇ ਇੱਕ ਪਬ ਦੇ ਬਾਹਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਜਨਤਕ ਤੌਰ ਤੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਬਜ਼ੁਰਗ ਪੈਂਸ਼ਨਰ ਨੇ ਆ ਕੇ ਉਨ੍ਹਾਂ ਦੇ ਮੂੰਹ ਤੇ ਹੀ ਕਹਿ ਦਿੱਤਾ ਕਿ ਤੁਸੀਂ ਸਾਡੇ ਲਈ ਕੁੱਝ ਵੀ ਨਹੀਂ ਕੀਤਾ ਹੈ ਅਤੇ ਇਸ ਵਜ੍ਹਾ ਕਾਰਨ ਤੁਸੀਂ ਵਾਅਦਾ-ਖ਼ਿਲਾਫ਼ੀ ਦੇ ਦਾਅਵੇਦਾਰ ਹੋ। ਉਸਨੇ ਇਹ ਵੀ ਕਿਹਾ ਕਿ ਤੁਸੀਂ ਜਿਹੜੇ ਵਾਅਦੇ ਅਤੇ ਦਾਅਵੇ ਆਪਣੀਆਂ ਚੋਣਾਂ ਲੜਨ ਤੋਂ ਪਹਿਲਾਂ ਜਨਤਾ ਨੂੰ ਲੁਭਾਉਣ ਲਈ ਕੀਤੇ ਸਨ, ਉਹ ਵਫ਼ਾ ਕੀਤੇ ਹੀ ਨਹੀਂ ਅਤੇ ਹੁਣ ਤਾਂ ਸਾਫ ਸਾਫ ਮੁਕਰਨ ਵਾਲੀ ਗੱਲ ਹੋਈ ਪਈ ਹੈ।
ਉਸ ਵਿਅਕਤੀ ਨੇ ਕਿਹਾ ਕਿ ਅਸੀਂ ਉਹ ਵਿਅਕਤੀ ਹਾਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੰਮ ਕੀਤੇ ਅਤੇ ਸਰਕਾਰ ਨੂੰ ਵਫ਼ਾਦਾਰੀ ਨਾਲ ਟੈਕਸ ਅਦਾ ਵੀ ਕੀਤੇ ਪਰੰਤੂ ਇਸ ਦੇ ਇਵਜ ਵਿੱਚ ਸਾਨੂੰ ਕੀ ਮਿਲਿਆ -ਝੂਠੇ ਵਾਅਦੇ….। ਤੁਹਾਡੇ ਬੈਂਕ ਵਿੱਚ ਲੱਖਾਂ ਡਾਲਰ ਹੋ ਸਕਦੇ ਹਨ, ਤੁਹਾਡੀ ਤਨਖਾਹ ਵੀ ਬਹੁਤ ਹੈ, ਤੁਸੀਂ ਮਿਲੀਅਨ ਡਾਲਰਾਂ ਦੇ ਘਰਾਂ ਵਿੱਚ ਰਹਿੰਦੇ ਹੋ ਅਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਆਦਿ ਹਾਸਿਲ ਕਰਦੇ ਹੋ ਪਰੰਤੂ ਸਾਨੂੰ ਕੀ ਮਿਲਦਾ ਹੈ….. ਕੁੱਝ ਵੀ ਨਹੀਂ।
ਇੱਕ ਮਹਿਲਾ ਨੇ ਤਾਂ ਸੈਲਫੀ ਲੈਣ ਸਮੇਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਸੀਂ ਅਜਿਹਾ ਨਿਕੰਮਾ ਪ੍ਰਧਾਨ ਮੰਤਰੀ ਕਦੀ ਦੇਖਿਆ ਹੀ ਨਹੀਂ…..ਇਸ ਪ੍ਰਾਪਤ ਵਾਸਤੇ ਤੁਹਾਨੂੰ ਸ਼ੁਭਕਾਮਨਾਵਾਂ….!

ਪ੍ਰਧਾਨ ਮੰਤਰੀ ਨੇ ਸਭ ਗੱਲਾਂ ਨੂੰ ਸਹਿਜ ਨਾਲ ਸੁਣਿਆ ਅਤੇ ਸੁਰੱਖਿਆ ਗਾਰਡ ਉਨ੍ਹਾਂ ਨੂੰ ਪਬ ਵਿੱਚੋਂ ਸੁਰੱਖਿਆ ਅਧੀਨ ਲੈ ਕੇ ਬਾਹਰ ਚੱਲੇ ਗਏ ਅਤੇ ਜਾਂਦੇ ਜਾਂਦੇ ਪ੍ਰਧਾਨ ਮੰਤਰੀ ਮੁਸਕੁਰਾ ਕੇ ਸਭ ਨੂੰ ਧੰਨਵਾਦ ਵੀ ਕਹਿ ਗਏ।

Install Punjabi Akhbar App

Install
×