ਟਰੰਪ ਦੇ ਸਮਰਥਕਾਂ ਦੀ ਕਾਰਗੁਜ਼ਾਰੀ ਲਈ ਸਕਾਟ ਮੋਰੀਸਨ ਵੱਲੋਂ ਸਾਧੀ ਗਈ ਚੁੱਪੀ ਦੀ ਹੋ ਰਹੀ ਨਿੰਦਾ

ਕਿਹਾ – ਮੇਰੇ ਕੋਲ ਸਮਾਂ ਨਹੀਂ ਕਿ ਦੂਜੇ ਦੇਸ਼ਾਂ ਦੇ ਲੀਡਰਾਂ ਉਪਰ ਫਜ਼ੂਲ ਦੀਆਂ ਟਿੱਪਣੀਆਂ ਕਰਦਾ ਫਿਰਾਂ….. ਇਹ ਮੇਰਾ ਕੰਮ ਨਹੀਂ… ਮੈਨੂੰ ਹੋਰ ਵੀ ਬਹੁਤ ਕੰਮ ਹਨ….

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਰੀ ਦੁਨੀਆ ਜਾਣ ਅਤੇ ਦੇਖ ਚੁਕੀ ਹੈ ਕਿ ਜਨਵਰੀ ਦੀ 6 ਤਾਰੀਖ ਅਮਰੀਕਾ ਦੇ ਇਤਿਹਾਸ ਦੇ ਕਾਲੇ ਦੌਰ ਵਿੱਚ ਲਿੱਖੀ ਜਾ ਚੁਕੀ ਹੈ ਅਤੇ ਇਸ ਦਾ ਸਿੱਧਾ ਕਾਰਨ ਡੋਨਾਲਡ ਟਰੰਪ ਹੈ ਅਤੇ ਸੰਸਾਰ ਦੇ ਹਰ ਕੋਨੇ ਵਿੱਚੋਂ ਟਰੰਪ ਨੂੰ ਇਸ ਦਾ ਪੂਰਨ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾ ਚੁਕਿਆ ਹੈ ਪਰੰਤੂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਇਸ ਸਮੇਂ ਚੁੱਪੀ ਸਾਧ ਗਏ ਹਨ ਅਤੇ ਇਸ ਦੀ ਵੀ ਸਾਰੇ ਪਾਸਿਉਂ ਨਿੰਦਾ ਹੋਣੀ ਸ਼ੁਰੂ ਹੋ ਚੁਕੀ ਹੈ। ਪ੍ਰਧਾਨ ਮੰਤਰੀ ਨੇ ਬੀਤੇ ਕੱਲ੍ਹ ਦੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਜੋ ਹੋਇਆ ਉਹ ਚੰਗਾ ਨਹੀਂ ਹੈ ਅਤੇ ਉਨ੍ਹਾਂ ਆਸਟ੍ਰੇਲੀਆਈ ਲੋਕਾਂ ਨੂੰ ਅਜਿਹੀਆਂ ਥਾਵਾਂ ਉਪਰ ਜਾਣ ਤੋਂ ਹਾਲ ਦੀ ਘੜੀ ਰੋਕ ਵੀ ਦਿੱਤਾ ਸੀ, ਪਰੰਤੂ ਉਹ ਟਰੰਪ ਦੇ ਖ਼ਿਲਾਫ਼ ਇੱਕ ਵੀ ਸ਼ਬਦ ਬੋਲਣ ਤੋਂ ਗੁਰੇਜ਼ ਕਰ ਗਏ ਅਤੇ ਉਨ੍ਹਾਂ ਦੀ ਚੁੱਪੀ ਬਹੁਤ ਸਾਰੇ ਸਵਾਲਾਂ ਦੇ ਘੇਰਿਆਂ ਅੰਦਰ ਉਨ੍ਹਾਂ ਨੂੰ ਖੜ੍ਹਾ ਕਰ ਦਿੰਦੀ ਹੈ ਅਤੇ ਹੁਣ ਤਾਂ ਵਿਰੋਧੀ ਧਿਰ ਦੇ ਨੇਤਾ ਇਨ੍ਹਾਂ ਸਵਾਲਾਂ ਨੂੰ ਚੁੱਕਣ ਵੀ ਲੱਗ ਪਏ ਹਨ। ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਮੂੰਹ ਵਿੱਚ ਇਸ ਸਮੇਂ ਅਜਿਹਾ ਕੀ ਹੈ ਕਿ ਉਹ ਟਰੰਪ ਦੇ ਸਮਰਥਕਾਂ ਵੱਲੋਂ ਮਚਾਏ ਗਏ ਉਤਪਾਤ ਦੇ ਖ਼ਿਲਾਫ਼ ਬੋਲ ਹੀ ਨਹੀਂ ਸਕਦੇ…..? ਚਾਰ ਲੋਕ ਇਸ ਘਟਨਾ ਦਾ ਸ਼ਿਕਾਰ ਹੋ ਚੁਕੇ ਹਨ। ਪ੍ਰਧਾਨ ਮੰਤਰੀ ਕਦੋਂ ਬੋਲਣਗੇ…..? ਉਨ੍ਹਾਂ ਨੂੰ ਗਲਤ ਨੂੰ ਗਲਤ ਕਹਿਣ ਵਿੱਚ ਕੀ ਇਤਰਾਜ਼ ਹੋ ਰਿਹਾ ਹੈ… ਸਮਝ ਤੋਂ ਬਾਹਰ ਹੈ….? ਸੰਸਾਰ ਦੇ ਹੋਰ ਉਘੇ ਰਾਜਨੀਤਿਕਾਂ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਵੀ ਆਉਂਦੇ ਹਨ ਜਿਨ੍ਹਾਂ ਨੇ ਕਿ ਖੁਲ੍ਹੇਆਮ ਹੀ ਟਰੰਪ ਦੇ ਇਸ ਕਾਰੇ ਦੀ ਨਿੰਦ ਕੀਤੀ ਹੈ ਅਤੇ ਇਸ ਸਭ ਕੁੱਝ ਦਾ ਜ਼ਿੰਮੇਵਾਰ ਸਿਰਫ ਅਤੇ ਸਿਰਫ ਟਰੰਪ ਨੂੰ ਹੀ ਠਹਿਰਾਇਆ ਹੈ। ਇੱਥੋਂ ਤੱਕ ਕਿ ਜਦੋਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਇੱਕ ਪ੍ਰਸ਼ਨ ਰਾਹੀਂ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ ਕਿ ਦੂਜੇ ਦੇਸ਼ਾਂ ਦੇ ਲੀਡਰਾਂ ਉਪਰ ਫਜ਼ੂਲ ਦੀਆਂ ਟਿੱਪਣੀਆਂ ਕਰਦਾ ਫਿਰਾਂ….. ਇਹ ਮੇਰਾ ਕੰਮ ਨਹੀਂ… ਮੈਨੂੰ ਹੋਰ ਵੀ ਬਹੁਤ ਕੰਮ ਹਨ….।

Install Punjabi Akhbar App

Install
×