ਕਰੋਨਾਵਾਇਰਸ ਵਿੱਚ ਸਾਥ ਨਿਭਾਉਣ ਵਾਸਤੇ ਮੁਸਲਿਮ ਭਾਈਚਾਰੇ ਦਾ ਧੰਨਵਾਦ -ਈਦ ਮੌਕੇ ਉਪਰ ਪ੍ਰਧਾਨ ਮੰਤਰੀ

(ਐਸ.ਬੀ.ਐਸ.) ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਰਮਜ਼ਾਨ ਦੇ ਮਹੀਨੇ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਤੁਹਾਡਾ ਸਾਥ ਹਮੇਸ਼ਾ ਯਾਦ ਰਹੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਨੂੰ ਇਕੱਠਿਆਂ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸਭ ਨੇ ਪੂਰਨ ਤੌਰ ਤੇ ਸੁਹਿਰਦਗੀ ਦਿਖਾਉਂਦਿਆਂ ਆਪਣੇ ਆਪਣੇ ਘਰਾਂ ਅੰਦਰ ਹੀ ਨਮਾਜ਼ ਅਦਾ ਕੀਤੀ। ਆਉਣ ਵਾਲੇ ਐਤਵਾਰ ਨੂੰ ਈਦ ਦੇ ਮੌਕੇ ਤੇ ਆਮ ਤੌਰ ਤੇ ਬਹੁਤ ਇਕੱਠ ਹੁੰਦਾ ਹੈ ਅਤੇ ਮੇਲੇ ਦਾ ਮਾਹੌਲ ਹੁੰਦਾ ਹੈ ਪਰੰਤੂ ਇਸ ਵਾਰ ਇਹ ਸਭ ਕੁੱਝ ਸਾਧਾ ਹੋਵੇਗਾ ਅਤੇ ਇਕੱਠ ਹਾਲੇ ਵੀ ਨਹੀਂ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬੇਸ਼ੱਕ ਇਸ ਵਾਰੀ ਤੁਸੀਂ ਲੋਕ ਨਮਾਜ਼ ਲਈ ਇਕੱਠੇ ਨਹੀਂ ਹੋ ਸਕੇ ਪਰੰਤੂ ਤੁਹਾਡੀ ਭਗਤੀ ਅਤੇ ਇੱਛਾ ਸ਼ਕਤੀ ਨੂੰ ਅਲਾਹ ਆਪ ਪ੍ਰਵਾਨ ਕਰੇਗਾ ਅਤੇ ਸਾਰਿਆਂ ਨੂੰ ਤੋਹਫ਼ੀਕ ਅਤਾ ਫਰਮਾਏਗਾ। ਪ੍ਰਧਾਨ ਮੰਤਰੀ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਕੋਵਿਡਸੇਫ ਟਰੇਸਿੰਗ ਐਪ ਆਪਣੇ ਆਪਣੇ ਮੋਬਾਇਲ ਫੋਨਾਂ ਵਿੱਚ ਡਾਊਨਲੋਡ ਕਰਨ ਅਤੇ ਇੰਸਟਾਲ ਕਰਨ ਲਈ ਵੀ ਅਪੀਲ ਕੀਤੀ।