ਪਾਰਲੀਮੈਂਟ ਵਿੱਚ ਚੱਲ ਰਹੇ ‘ਸੈਕਸ ਰੈਕਟ’ ਦੀ ਕੀਤੀ ਪ੍ਰਧਾਨ ਮੰਤਰੀ ਨੇ ਨਿਖੇਧੀ; ਕਿਹਾ -ਕੀਤੀ ਜਾ ਰਹੀ ਪੂਰੀ ਪੜਤਾਲ, ਕੋਈ ਵੀ ਨਹੀਂ ਜਾਵੇਗਾ ਬਖ਼ਸ਼ਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਪਾਰਲੀਮੈਂਟ ਹਾਊਸ ਅੰਦਰ ਆਪਣੀ ਸਪੀਚ ਵਿੱਚ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਉਨ੍ਹਾਂ ਦੇ ਵਿਰੋਧੀ ਅਤੇ ਜਾਂ ਫੇਰ ਕੁੱਝ ਮਹਿਲਾਵਾਂ ਇਹ ਸੋਚਦੀਆਂ ਹਨ ਕਿ ਉਹ ਉਨ੍ਹਾਂ ਪ੍ਰਤੀ ਹੋ ਰਹੇ ਗਲਤ ਕੰਮਾਂ ਨੂੰ ਅਣਗੌਲਿਆ ਕਰ ਰਹੇ ਹਨ ਅਤੇ ਪਾਰਲੀਮੈਂਟ ਵਿੱਚ ਚੱਲ ਰਹੇ ‘ਸੈਕਸ ਰੈਕਟ’ ਉਪਰ ਵੀ ਚੁੱਪੀ ਸਾਧ ਰਹੇ ਹਨ ਅਤੇ ਮੌਜੂਦਾ ਹਾਲਾਤਾਂ ਨੂੰ ਵੀ ਬਦਲਣਾ ਨਹੀਂ ਚਾਹੁੰਦੇ। ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਉਹ ਲਗਾਤਾਰ ਮਿਲ ਰਹੀਆਂ ਖ਼ਬਰਾਂ ਤੋਂ ਬਹੁਤ ਜ਼ਿਆਦਾ ਦੁਖੀ ਅਤੇ ਸਦਮੇ ਵਿੱਚ ਹਨ ਕਿ ਆਸਟ੍ਰੇਲੀਆ ਵਰਗੇ ਦੇਸ਼ ਦੀ ਪਾਰਲੀਮੈਂਟ ਵਿੱਚ ਅਜਿਹੇ ਘਿਨੌਣੇ ਕਾਰਨਾਮੇ ਕੀਤੇ ਜਾ ਰਹੇ ਹਨ। ਪਰੰਤੂ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਇਸ ਸਭ ਦੀ ਪੜਤਾਲ ਜਾਰੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਸਾਡੇ ਇਸ ਪਾਰਲੀਮੈਂਟ ਵਿਚਲੇ ਆਪਣੇ ਹੀ ਸਹਿਯੋਗੀ, ਅਜਿਹੇ ਕਾਰਨਾਮੇ ਕਰ ਹੀ ਨਹੀਂ ਰਹੇ ਹਨ ਸਗੋਂ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਰਿਕਾਰਡ ਵੀ ਰੱਖ ਰਹੇ ਹਨ ਅਤੇ ਅਜਿਹੀਆਂ ਹੀ ਵੀਡੀਓ ਉਨ੍ਹਾਂ ਦੇ ਹੱਥ ਲੱਗੀਆਂ ਹਨ ਅਤੇ ਹੁਣ ਇਨ੍ਹਾਂ ਦੀ ਜਾਂਚ ਚੱਲ ਰਹੀ ਹੈ।
ਇੱਕ ਅਜਿਹੇ ਹੀ ਮਹਾਂਪੁਰਸ਼ ਨੂੰ ਗ੍ਰਿਫਤ ਵਿੱਚ ਲੈ ਵੀ ਲਿਆ ਗਿਆ ਹੈ ਜੋ ਕਿ ਇੱਕ ਐਮ.ਪੀ. ਲਈ ਕੰਮ ਕਰਦਾ ਸੀ ਅਤੇ ਉਸੇ ਐਮ.ਪੀ. ਦੇ ਡੈਸਕ ਉਪਰ ਹੀ ਅਜਿਹੀਆਂ ਕਾਰਵਾਈਆਂ ਕਰਕੇ ਉਸ ਦੀਆਂ ਵੀਡੀਓ ਵੀ ਬਣਾ ਰਿਹਾ ਸੀ। ਉਸ ਕਰਮਚਾਰੀ ਨੂੰ ਫੌਰੀ ਤੌਰ ਉਪਰ ਬਰਖ਼ਾਸਤ ਕਰਕੇ ਉਸਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਅਜਿਹੇ ਕਾਰਨਾਮਿਆਂ ਵਿੱਚ ਵਿਲੁੱਪਤ ਹੋਰਾਂ ਨੂੰ ਵੀ ਸਭ ਦੇ ਸਾਹਮਣੇ ਲਿਆ ਕੇ ਸਜ਼ਾ ਲਈ ਪੇਸ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਸਭ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਅਤੇ ਉਹ ਇਸਤੋਂ ਇਲਾਵਾ ਇਸ ਵਾਸਤੇ ਕੋਈ ਹੋਰ ਸ਼ਬਦ ਵਰਤ ਹੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਠੀਕ ਕਰਨ ਦਾ ਅਤੇ ਪਾਰਲੀਮੈਂਟ ਦੀ ਗਰਿਮਾ ਨੂੰ ਬਹਾਲ ਕਰਨ ਦਾ ਸਮਾਂ ਆ ਗਿਆ ਹੈ ਅਤੇ ਉਹ ਇਹ ਕੰਮ ਕਰ ਕੇ ਹੀ ਦਮ ਲੈਣਗੇ।

Install Punjabi Akhbar App

Install
×