ਲੰਡਨ ਬਰਿਜ ਅਤੇ ਨੀਦਰਲੈਂਡਜ਼ ਵਿਚਲੇ ਆਤੰਕਵਾਦੀ ਹਮਲੇ ਨਿੰਦਣਯੋਗ -ਸਕੋਟ ਮੋਰੀਸਨ

ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਲੰਡਨ ਬਰਿਜ ਉਪਰ ਹੋਏ ਚਾਕੂ ਨਾਲ ਹਮਲੇ ਦੀ ਘੋਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਅਤੇ ਘਿਨੌਣੀ ਆਤੰਕਵਾਦੀ ਕਾਰਵਾਈ ਹੈ ਅਤੇ ਇਹ ਹਮਲੇ ਚਾਹੇ ਲੰਡਨ ਵਿੱਚ ਹੋਣ ਅਤੇ ਜਾਂ ਫੇਰ ਨੀਦਰਲੈਂਡਜ਼ ਵਿੱਚ -ਉਹ ਅਤੇ ਉਨਾ੍ਹਂ ਦੀ ਸਰਕਾਰ ਸਮੂਹ ਆਸਟ੍ਰੇਲੀਆ ਵੱਲੋਂ ਇਸ ਦੇ ਖ਼ਿਲਾਫ਼ ਹਨ ਅਤੇ ਘੋਰ ਨਿੰਦਾ ਕਰਦੇ ਹਨ। ਉਹ ਬਿਲਕੁਲ ਹੀ ਬੇਕਸੂਰ ਲੋਕ ਹੁੰਦੇ ਹਨ ਜੋ ਕਿ ਅਜਿਹੀਆਂ ਆਤੰਕਵਾਦੀ ਕਾਰਵਾਈਆਂ ਵਿੱਚ ਸੰਤਾਪ ਭੋਗਦੇ ਹਨ ਅਤੇ ਕਈ ਵਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੁੰਦੇ ਹਨ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਉਨਾ੍ਹਂ ਕਿਹਾ ਕਿ ਹਾਲੇ ਤੱਕ ਅਜਿਹੀ ਕੋਈ ਖ਼ਬਰ ਨਹੀਂ ਹੈ ਕਿ ਇਸ ਦੁਰਘਟਨਾ ਵਿੱਚ ਕਿਸੇ ਆਸਟ੍ਰੇਲੀਆਈ ਨਾਗਰਿਕ ਨੂੰ ਕਿਸੇ ਕਿਸਮ ਦੀ ਕੋਈ ਚੋਟ ਆਈ ਹੈ ਅਤੇ ਉਹ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਜ਼ਿਕਰਯੋਗ ਹੈ ਕਿ ਬੀਤੇ ਸ਼ੁਕਰਵਾਰ ਨੂੰ ਲੰਡਨ ਬਰਿਜ ਉਪਰ ਇੱਕ ਸਿਰਫਿਰੇ ਨੇ ਲੋਕਾਂ ਉਪਰ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਅਤੇ ਇਸ ਵਿੱਚ ਦੋ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਸਨ। ਇਸ ਆਤੰਕਵਾਦੀ ਕਾਰਵਾਈ ਵਿੱਚ ਹਮਲਾਵਰ ਨੇ ਨਕਲੀ ਬੰਬ ਆਪਣੇ ਸਰੀਰ ਨਾਲ ਬੰਨੇ ਹੋਣ ਦਾ ਵੀ ਐਲਾਨ ਕੀਤਾ ਸੀ ਪਰੰਤੂ ਪੁਲਿਸ ਕਾਰਵਾਈ ਵਿੱਚ ਇਸ ਉਪਰ ਕਾਬੂ ਪਾ ਲਿਆ ਗਿਆ ਸੀ।