ਸਕਾਟਲੈਂਡ ਚੋਣਾਂ: ਨਿਕੋਲਾ ਸਟਰਜਨ ਨੇ ਮਾਰੀ ਬਾਜੀ, ਪਾਰਟੀ ਨੇ ਪ੍ਰਾਪਤ ਕੀਤੀਆਂ 64 ਸੀਟਾਂ

ਗਲਾਸਗੋ -ਸਕਾਟਲੈਂਡ ਵਿੱਚ 6 ਮਈ ਨੂੰ ਪਈਆਂ ਹੋਲੀਰੂਡ ਚੋਣਾਂ ਵਿੱਚ ਇੱਕ ਵਾਰ ਫਿਰ ਸਕਾਟਿਸ਼ ਨੈਸ਼ਨਲਿਸਟ ਪਾਰਟੀ (ਐੱਸ ਐੱਨ ਪੀ) ਨੇ ਬਾਜੀ ਮਾਰ ਲਈ ਹੈ। ਸਕਾਟਲੈਂਡ ਦੇ ਲੋਕਾਂ ਨੇ ਨਿਕੋਲਾ ਸਟਰਜਨ ਨੂੰ ਦੁਬਾਰਾ ਸਕਾਟਲੈਂਡ ਦੀ ਫਸਟ ਮਨਿਸਟਰ ਚੁਣਿਆ ਹੈ। ਐੱਸ ਐੱਨ ਪੀ ਨੇ ਚੋਣਾਂ ਵਿੱਚ ਕੁੱਲ 129 ਸੀਟਾਂ ਵਿੱਚੋਂ 64 ਸੀਟਾਂ ਪ੍ਰਾਪਤ ਕੀਤੀਆਂ ਹਨ, ਜਦਕਿ ਸਮੁੱਚਾ ਬਹੁਮਤ ਪ੍ਰਾਪਤ ਕਰਨ ਵਿੱਚ ਇੱਕ ਸੀਟ ਦੀ ਕਮੀ ਰਹਿ ਗਈ ਹੈ। ਸੰਸਦ ਦੀਆਂ ਚੋਣਾਂ ਦੇ ਸਾਰੇ ਨਤੀਜਿਆਂ ਨਾਲ ਐੱਸ ਐੱਨ ਪੀ ਨੂੰ 64 ਐੱਮ ਐੱਸ ਪੀ ਮਿਲੇ ਹਨ ਜੋ ਕਿ 2106 ਦੀ ਗਿਣਤੀ ਨਾਲੋਂ ਇੱਕ ਜਿਆਦਾ ਹੈ। ਐੱਸ ਐੱਨ ਪੀ ਅਤੇ ਸਕਾਟਿਸ਼ ਗਰੀਨਜ਼ ਨੇ ਹੋਲੀਰੂਡ ਵਿੱਚ ਕੁੱਲ 72 ਸੀਟਾਂ ਜਿੱਤੀਆਂ ਹਨ  ਇਸ ਮੁਹਿੰਮ ਵਿੱਚ ਗ੍ਰੀਨਜ਼ ਨੂੰ ਅੱਠ ਐੱਮ ਐੱਸ ਪੀਜ਼ ਮਿਲੇ ਹਨ। ਡਗਲਸ ਰਾਸ ਦੀ ਅਗਵਾਈ ਵਾਲੀ ਕੰਜਰਵੇਟਿਵ ਪਾਰਟੀ ਨੇ 31 ਸੀਟਾਂ ਦੇ ਨਾਲ ਸਭ ਤੋਂ ਵੱਡੀ ਵਿਰੋਧੀ ਧਿਰ ਵਜੋਂ ਆਪਣੀ ਸਥਿਤੀ ਬਣਾਈ ਰੱਖੀ ਹੈ ਅਤੇ ਲੇਬਰ ਪਾਰਟੀ ਦੇ ਅਨਸ ਸਰਵਰ ਨੂੰ ਵੀ 22 ਲੇਬਰ ਐੱਮ ਐੱਸ ਪੀ ਮਿਲੇ ਹਨ, ਜੋ ਕਿ 2016 ਨਾਲੋਂ ਦੋ ਘੱਟ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਐੱਸ ਐੱਨ ਪੀ ਦੀ ਕੌਕਾਬ ਸਟੀਵਰਟ ਅਤੇ ਕੰਜਰਵੇਟਿਵ ਦੀ ਪੈਮ ਗੋਸਲ ਸਕਾਟਲੈਂਡ ਦੀ ਸੰਸਦ ਲਈ ਚੁਣੀਆਂ ਜਾਣ ਵਾਲੀਆਂ ਪਹਿਲੀਆਂ ਗੈਰ ਗੋਰੇ ਮੂਲ ਦੀਆਂ ਸੰਸਦ ਮੈਂਬਰ ਬਣੀਆਂ ਹਨ। ਜਦਕਿ ਲੇਬਰ ਦੀ ਪਾਮ ਡੰਕਨ-ਗਲੇਂਸੀ ਨੇ ਹੋਲੀਰੂਡ ਲਈ ਚੁਣੀ ਜਾਣ ਵਾਲੀ ਪਹਿਲੀ ਸਥਾਈ ਵ੍ਹੀਲਚੇਅਰ ਉਮੀਦਵਾਰ ਬਣ ਕੇ ਇਤਿਹਾਸ ਰਚਿਆ ਹੈ। ਇਸ ਦੇ ਇਲਾਵਾ ਵਿਲੀ ਰੇਨੀ ਦੀ ਅਗਵਾਈ ਵਾਲੀ ਲਿਬਰਲ ਡੇਮੋਕ੍ਰੇਟਸ ਪਾਰਟੀ ਨੇ ਚਾਰ ਐੱਮ ਐੱਸ ਪੀ ਨਾਲ ਇੱਕ ਪ੍ਰਮੁੱਖ ਪਾਰਟੀ ਵਜੋਂ ਆਪਣੀ ਭੂਮਿਕਾ ਗੁਆ ਦਿੱਤੀ ਹੈ, ਜਦਕਿ ਸਾਬਕਾ ਫਸਟ ਮਿਨਿਸਟਰ ਐਲੈਕਸ ਸੈਲਮੰਡ ਉੱਤਰੀ ਪੂਰਬੀ ਖੇਤਰੀ ਸੂਚੀ ਵਿੱਚ ਹਾਰਨ ਤੋਂ ਬਾਅਦ ਐਲਬਾ ਪਾਰਟੀ ਦੇ ਨੇਤਾ ਵਜੋਂ ਸਕਾਟਲੈਂਡ ਦੀ ਸੰਸਦ ਵਿੱਚ ਪਰਤਣ ਦੀ ਆਪਣੀ ਕੋਸ਼ਿਸ਼ ਵਿੱਚ ਅਸਫਲ ਰਹੇ ਹਨ।