‘ਚਰਚ ਆਫ ਸਾਈਂਟਾਲੋਜੀ’ ਚਰਚਾ ਵਿੱਚ; ਰਿਪੋਰਟ ਮੁਤਾਬਿਕ ਆਸਟੇਲੀਆ ਵਿੱਚ ਭੇਜੇ ਕਈ ਮਿਲੀਅਨ ਡਾਲਰ

(ਦ ਏਜ ਵਿੱਚ ਛਡੀ ਬੇਨ ਸ਼ਨੇਡਰਜ਼ ਦੀ ਰਿਪੋਰਟ ਮੁਤਾਬਿਕ) ਆਸਟ੍ਰੇਲੀਆ ਅੰਦਰ 10 ਮਿਲੀਅਨ ਡਾਲਰਾਂ ਦੀ ਰਕਮ ਭੇਜਣ ਵਾਲੇ ਵਿਵਾਦਿਤ ਧਾਰਮਿਕ ਸੰਗਠਨ ‘ਦ ਚਰਚ ਆਫ ਸਾਈਂਟਾਲੋਜੀ’ ਉਪਰ ਇੱਕ ਵਾਰੀ ਫੇਰ ਤੋਂ ਉਂਗਲ ਚੁੱਕੀ ਗਈ ਹੈ ਕਿਉਂਕਿ ਇੰਝ ਲਗਦਾ ਹੈ ਕਿ ਆਸਟ੍ਰੇਲੀਆ ਦੀ ਧਰਤੀ ਉਪਰ ਟੈਕਸ ਮੁਕਤ ਪ੍ਰਾਫਿਟ ਕਮਾਉਣ ਲਈ ਉਕਤ ਅਦਾਰੇ ਨੇ ਆਪਣਾ ਪੂਰਾ ਜ਼ੋਰ -ਤਨ, ਮਨ ਅਤੇ ਧਨ ਨਾਲ ਲਗਾਇਆ ਹੋਇਆ ਹੈ ਅਤੇ ਇੱਥੇ ਦੀ ਧਰਤੀ ਨੂੰ ਲਾਭ ਦੇ ਸਵਰਗ ਵੱਜੋਂ ਜਾਣਿਆ ਅਤੇ ਪੂਰੀ ਤਰ੍ਹਾਂ ਮਾਣਿਆ ਵੀ ਜਾ ਰਿਹਾ ਹੈ।
ਉਕਤ ਧਾਰਮਿਕ ਸੰਗਠਨ ਦੀ ਸਥਾਪਨਾ ਅਮਰੀਕਾ ਦੇ ਇੱਕ ਵਿਗਿਆਨ ਨਾਲ ਸਬੰਧਤ ਕਹਾਣੀਆਂ ਆਦਿ ਲਿੱਖਣ ਵਾਲੇ ਲਿਖਾਰੀ ਅਤੇ ਵਿਚਾਰਕ ਐਲ. ਰੌਨ ਹਬਰਡ ਵੱਲੋਂ 1950ਵਿਆਂ ਦੌਰਾਨ ਕੀਤੀ ਗਈ ਸੀ ਅਤੇ ਇੱਥੇ ਦੀ ਹਰ ਗੱਲ ਨੂੰ ‘ਗੁੱਪਤ’ ਹੀ ਰੱਖਿਆ ਜਾਂਦਾ ਹੈ ਪਰੰਤੂ ‘ਦ ਏਜ ਅਤੇ ਦ ਸਿਡਨੀ ਮਾਰਨਿੰਗ ਹਰਾਲਡ’ ਦੇ ਯਤਨਾਂ ਸਦਕਾ ਵੱਡੇ ਨਿਵੇਸ਼ ਦੀ ਗੱਲ ਦਾ ਜਨਤਕ ਤੌਰ ਉਪਰ ਖੁਲਾਸਾ ਕਰਕੇ ਸਨਸਨੀ ਫੈਲਾ ਦਿੱਤੀ ਗਈ ਹੈ।
ਖੁਲਾਸੇ ਵਿੱਚ ਦੱਸਿਆ ਗਿਆ ਹੈ ਕਿ ਕੁੱਝ ਸਾਲਾਂ ਅੰਦਰ ਹੀ, ਕਦੋਂ ਕਦੋਂ ਅਤੇ ਕਿਵੇਂ ਕਿਵੇਂ ਇਸ ਚਰਚ ਦੀ ਚੜ੍ਹਤ ਹੋਈ ਹੈ ਅਤੇ ਉਹ ਵੀ ਉਦੋਂ ਜਦੋਂ ਕਿ ਆਸਟ੍ਰੇਲੀਆ ਅੰਦਰ ਇੱਸ ਦੇ 1,700 ਤੋਂ ਵੀ ਘੱਟ ਉਪਾਸਕ ਹਨ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਾਲਾਂਕਿ ਇਹ ਚਰਚ ਬਿਨ੍ਹਾਂ ਕੋਈ ਲਾਭ ਪ੍ਰਾਪਤੀ ਦੇ ਕੰਮ ਕਰਦਾ ਹੈ ਅਤੇ ‘ਨਾਟ ਫਾਰ ਪ੍ਰਾਫਿਟ’ ਦੀ ਸ਼੍ਰੇਣੀ ਵਿੱਚ ਟੈਕਸ ਮੁਕਤ ਵੀ ਹੈ ਪਰੰਤੂ ਆਂਕੜੇ ਦਰਸਾਉਂਦੇ ਹਨ ਕਿ ਸਾਲ 2013 ਤੋਂ 2019 ਤੱਕ ਉਕਤ ਅਦਾਰੇ ਨੇ 65.4 ਮਿਲੀਅਨ ਡਾਲਰਾਂ ਦਾ ਲਾਭ ਕਮਾਇਆ ਹੈ। ਅਦਾਰੇ ਨੇ 2016 ਵਿੱਚ 27.8 ਮਿਲੀਅਨ ਡਾਲਰਾਂ ਦਾ ਕਰਜ਼ ਲਿਆ ਅਤੇ ਅਮਰੀਕਾ ਤੋਂ ਸਾਲ 2014 ਵਿੱਚ ਇਸਨੂੰ 35.9 ਮਿਲੀਅਨ ਡਾਲਰਾਂ ਦੀ ਗ੍ਰਾਂਟ ਵੀ ਮਿਲੀ ਸੀ ਅਤੇ ਸਾਲ 2013 ਤੋਂ 2019 ਤੱਕ ਉਕਤ ਅਦਾਰੇ ਨੂੰ ਮਿਲੀਆਂ ਗ੍ਰਾਂਟਾਂ ਅਤੇ ਲੋਨ ਦੀ ਕੁੱਲ ਰਾਸ਼ੀ 78.5 ਮਿਲੀਅਨ ਡਾਲਰਾਂ ਦੀ ਬਣ ਚੁਕੀ ਸੀ। ਅਦਾਰੇ ਨੇ ਇਸ ਦੇ ਇਵਜ ਵਿੱਚ 22.2 ਮਿਲੀਅਨ ਡਾਲਰਾਂ ਦਾਂ ਧਾਰਮਿਕ ਸੇਵਾਵਾਂ ਉਪਰ ਖਰਚ ਕੀਤੇ, 8.9 ਮਿਲਅਨ ਡਾਲਰ ਦੀਆਂ ਕਿਤਾਬਾਂ ਆਦਿ ਖਰੀਦੀਆਂ ਅਤੇ ਜਿਹੜੀ ਰਕਮ ਉਕਤ ਅਦਾਰੇ ਨੂੰ ਤਾਇਵਾਨ, ਜਪਾਨ, ਅਤੇ ਏਸ਼ੀਆ ਪੈਸਿਫਿਕ ਤੋਂ ਮਿਲੀ ਜਾਂ ਆਸਟ੍ਰੇਲੀਆਈ ਅਕਾਊਂਟਾਂ ਰਾਹੀਂ ਇਸ ਦਾ ਚਲਨ ਕੀਤਾ ਗਿਆ ਉਸ ਦਾ ਕੋਈ ਹਿਸਾਬ ਹੀ ਨਹੀਂ ਹੈ।
ਅਦਾਰੇ ਨੇ ਆਪਣਾ ਲਾਭ ਅੰਸ਼ 30% ਦਾ ਦਿਖਾਇਆ ਹੈ ਜੋ ਕਿ ਆਸਟ੍ਰੇਲੀਆ ਅੰਦਰ ਕੰਮ ਕਰਦੇ ਬਹੁਤ ਅਦਾਰਿਆਂ ਤੋਂ ਬਿਹਤਰ ਹੈ। ਸਾਲ 2013-2019 ਦੌਰਾਨ ਅਦਾਰੇ ਦੀ ਕੁੱਲ ਆਮਦਨ 217.8 ਮਿਲੀਅਨ ਡਾਲਰ ਬਣਦੀ ਹੈ ਅਤੇ ਇਸ ਦਾ ਕੁੱਲ ਲਾਭ 65.4 ਮਿਲੀਅਨ ਡਾਲਰਾਂ ਦਾ ਬਣਦਾ ਹੈ ਅਤੇ ਆਸਟ੍ਰੇਲੀਆਈ ਨਿਯਮਾਂ ਦੇ ਮੁਤਾਬਿਕ ਇਸਨੂੰ ਟੈਕਸ ਵਿੱਚ ਛੋਟ ਦਿੱਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਉਕਤ ਅਦਾਰੇ ਦੇ ਕੁੱਲ ਐਸਟ 102,535 (ਪ੍ਰਤੀ ਉਪਾਸਕ) ਹੈ ਜਦੋਂ ਕਿ ਕੈਥਲਿਕ ਚਰਚਾਂ ਵਿੱਚ ਇਹ ਆਂਕੜਾ 5600 ਡਾਲਰਾਂ ਦਾ ਹੈ।
ਇਸ ਅਦਾਰੇ ਦੀ ਸੰਸਾਰ ਪੱਧਰ ਉਪਰ ਪਹਿਲਾਂ ਵੀ ਆਲੋਚਨਾ ਹੋ ਚੁਕੀ ਹੈ ਅਤੇ ਮਸ਼ਹੂਰ ਅਮਰੀਕੀ ਅਦਾਕਾਰ ਲੀਹ ਰੇਮਾਨੀ ਵੀ ਇਸ ਦੇ ਮੁੱਖ ਆਲੋਚਕਾਂ ਵਿੱਚ ਸ਼ਾਮਿਲ ਰਹੇ ਹਨ ਪਰੰਤੂ ਅਦਾਰਾ ਹਮੇਸ਼ਾ ਹੀ ਆਪਣੇ ਉਪਰ ਲਗਾਏ ਗਈ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਹੈ।

Install Punjabi Akhbar App

Install
×