ਨਿਊ ਸਾਊਥ ਵੇਲਜ਼ ਵਿਚਲੇ ਸਕੂਲਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਪੂਰੇ ਜ਼ੋਰਾਂ ਨਾਲ

ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ 240 ਮਿਲੀਅਨ ਡਾਲਰਾਂ ਦੀ ਲਾਗਤ ਵਾਲੇ, ਖੇਤਰੀ ਅਤੇ ਮੈਟਰੋ ਨਵੀਨੀਕਰਣ ਪ੍ਰਾਜੈਕਟਾਂ ਦਾ ਪਹਿਲਾ ਚਰਣ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ 792 ਸਕੂਲਾਂ ਦੇ ਨਵੀਨੀਕਰਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਇਸ ਦੇ ਤਹਿਤ ਬੀਤੇ ਕੱਲ੍ਹ ਰਾਜ ਸਰਕਾਰ ਵੱਲੋਂ ਲਿੰਡਫੀਲਡ ਪਬਲਿਕ ਸਕੂਲ ਵਾਸਤੇ ਰਾਜ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਗਏ ਹਨ ਜਿਸ ਵਿੱਚ ਕਿ ਇੱਕ ਖੇਡ ਦੇ ਮੈਦਾਨ ਦੀ ਸਹੂਲਤ ਵੀ ਸ਼ਾਮਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਪ੍ਰਾਜੈਕਟ ਵਾਸਤੇ ਸਰਕਾਰ ਨੇ ਕਈ ਮਿਲੀਅਨ ਡਾਲਰਾਂ ਦਾ ਫੰਡ ਰੱਖਿਆ ਹੋਇਆ ਹੈ। ਰਾਜ ਸਰਕਾਰ ਦਾ ਟੀਚਾ ਹੈ ਕਿ ਰਾਜ ਦੇ ਹਰ ਇੱਕ ਜਨਤਕ ਸਕੂਲ ਨੂੰ ਨਵੀਨਤਮ ਸੁਵਿਧਾਵਾਂ ਨਾਲ ਲੈਸ ਕਰਕੇ, ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਪ੍ਰੋਗਰਾਮਾਂ ਨੂੰ ਉਲੀਕਿਆ ਜਾਵੇ ਅਤੇ ਇਨ੍ਹਾਂ ਸਕੂਲਾਂ ਵਿੱਚੋਂ ਵਿਦਿਆਰਥੀ ਹਰ ਖਿੱਤੇ ਦੀ ਸਿਖਲਾਈ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਸਹੀ ਲੀਹਾਂ ਉਪਰ ਦੌੜਾ ਸਕਣ ਅਤੇ ਆਪਣਾ ਭਵਿੱਖ ਸੰਵਾਰ ਸਕਣ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਸਮੁਚੇ ਪ੍ਰਾਜੈਕਟ ਦੇ ਤਹਿਤ ਅਜਿਹੇ ਹੀ 1000 ਦੇ ਕਰੀਬ ਪ੍ਰਾਜੈਕਟ ਚਲਾਏ ਜਾਣੇ ਹਨ। ਅਜਿਹੇ ਕੰਮਾਂ ਨਾਲ ਘੱਟੋ ਘੱਟ 1,300 ਲੋਕਾਂ ਨੂੰ ਸਿੱਧੇ ਤੌਰ ਤੇ ਰੌਜ਼ਗਾਰ ਮਿਲ ਰਿਹਾ ਹੈ ਅਤੇ ਜਿੱਥੇ ਤੱਕ ਵੀ ਸੰਭਵ ਹੋ ਸਕੇ, ਸਥਾਨਕ ਸਪਲਾਇਰਾਂ ਕੋਲੋਂ ਹੀ ਸਮੁੱਚੇ ਸਮਾਨ ਦੀ ਪੂਰਤੀ ਕਰਵਾਈ ਜਾ ਰਹੀ ਹੈ ਇਸ ਨਾਲ ਸਥਾਨਕ ਲੋਕਾਂ ਨੂੰ ਹੀ ਫਾਇਦਾ ਹੋ ਰਿਹਾ ਹੈ।
ਉਨ੍ਹਾਂ ਇਹ ਵੀ ਕਿ ਪਹਿਲਾਂ ਸੋਕਾ ਅਤੇ ਫੇਰ ਹੜ੍ਹ ਅਤੇ ਹੜ੍ਹਾਂ ਤੋਂ ਬਾਅਦ ਆਹ ਕਰੋਨਾ ਨੇ ਕੰਮ-ਧੰਦਿਆਂ ਨੂੰ ਜਿਹੜੀ ਮਾਰ ਮਾਰੀ ਹੈ, ਉਸ ਵਿੱਚੋਂ ਨਿਕਲਣ ਵਾਸਤੇ ਸਹੀਬੱਧ ਕੰਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸੇ ਵਾਸਤੇ ਰਾਜ ਸਰਕਾਰ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤ ਰਹੀ ਹੈ ਅਤੇ ਨਵੇਂ ਨਵੇਂ ਪ੍ਰੋਗਰਾਮਾਂ ਨੂੰ ਉਲੀਕ ਕੇ ਲੋਕਾਂ ਨੂੰ ਆਰਥਿਕ ਮੰਦੀਆਂ ਵਿੱਚੋਂ ਕੱਢਣ ਲਈ ਯਤਨਸ਼ੀਲ ਹੈ। ਇਸ ਵਾਸਤੇ ਸਰਕਾਰ ਅਗਲੇ ਚਾਰ ਸਾਲਾਂ ਅੰਦਰ 7 ਬਿਲੀਅਨ ਡਾਲਰਾਂ ਦਾ ਨਿਵੇਸ਼ ਕਰ ਰਹੀ ਹੈ ਅਤੇ ਇਸ ਨਾਲ ਰਾਜ ਵਿੱਚ 200 ਤੋਂ ਵੀ ਜ਼ਿਆਦਾ ਨਵੇਂ ਜਨਤਕ ਸਕੂਲ ਵੀ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।

Install Punjabi Akhbar App

Install
×