ਐਲਕ ਗਰੋਵ ਸਕੂਲ ਬੋਰਡ ਵੱਲੋਂ ਅਮਰੀਕਨ ਸਿੱਖ ਜਾਗਰੂਕਤਾ ਮਹੀਨਾ ਮਨਾਉਣ ਦਾ ਮਤਾ ਪਾਸ

Sikh Resolution

-ਸੰਦੀਪ ਸਿੰਘ ਧਾਲੀਵਾਲ ਨੂੰ ਦਿੱਤੀ ਗਈ ਵਿਸ਼ੇਸ਼ ਤੌਰ ‘ਤੇ ਸ਼ਰਧਾਂਜਲੀ

ਸੈਕਰਾਮੈਂਟੋ, ()- ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਵਿਖੇ ਸਥਾਨਕ ਸਕੂਲ ਡਿਸਟ੍ਰਿਕ ਬੋਰਡ ਵੱਲੋਂ ਅਮਰੀਕਨ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨਾ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਬੌਬੀ ਸਿੰਘ ਐਲਨ ਵੱਲੋਂ ਪੇਸ਼ ਕੀਤੇ ਇਸ ਮਤੇ ਨੰਬਰ 17, 2019-2020 ਨੂੰ ਸਮੂਹ ਬੋਰਡ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਮਾਨਤਾ ਦੇ ਦਿੱਤੀ ਗਈ। ਇਹ ਮਤਾ ਸੈਕਟਰੀ ਬੋਰਡ ਆਫ ਐਜੂਕੇਸ਼ਨ ਕ੍ਰਿਸਟੋਫਰ ਓਫਮੈਨ ਨੇ ਪੜ੍ਹ ਕੇ ਸੁਣਾਇਆ।
ਇਸ ਮਤੇ ਦੇ ਪੇਸ਼ ਹੋਣ ਮੌਕੇ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਅਤੇ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਿੱਖਾਂ ਲਈ ਇਹ ਮਹੀਨਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਮਹੀਨੇ ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਅਵਤਾਰ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਬਾਬਾ ਨਾਨਕ ਦੀਆਂ ਸਿੱਖਿਆਵਾਂ ਬਾਰੇ ਅਮਰੀਕਨ ਆਗੂਆਂ ਨੂੰ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ। ਇਸ ਦੌਰਾਨ ਸ. ਰੰਧਾਵਾ ਨੇ ਹਿਊਸਟਨ ਵਿਖੇ ਮਾਰੇ ਗਏ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਬਾਰੇ ਬੋਲਦਿਆਂ ਕਿਹਾ ਕਿ ਉਸ ਨੇ ਆਪਣੀ ਡਿਊਟੀ ਦੌਰਾਨ ਕੁਰਬਾਨੀ ਦਿੱਤੀ ਹੈ। ਅਮਰੀਕਾ ਵਿਚ ਅਜਿਹੇ ਨਫਰਤੀ ਹਮਲੇ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜਿਸ ਦੌਰਾਨ ਕਈ ਸਿੱਖ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੰਦੀਪ ਸਿੰਘ ਧਾਲੀਵਾਲ ਦਸਤਾਰਧਾਰੀ ਅਤੇ ਸਾਬਤ-ਸੂਰਤ ਹੋ ਕੇ ਪੁਲਿਸ ਸੇਵਾ ਨਿਭਾਉਣ ਕਾਰਨ ਪੂਰੇ ਭਾਈਚਾਰੇ ਵਿਚ ਬਹੁਤ ਸਤਿਕਾਰਿਆ ਜਾਂਦਾ ਸੀ। ਸ. ਰੰਧਾਵਾ ਨੇ ਸੰਦੀਪ ਸਿੰਘ ਵੱਲੋਂ ਪੁਲਿਸ ਵਿਭਾਗ ਦੀ ਸੇਵਾ ਤੋਂ ਇਲਾਵਾ ਅਮਰੀਕੀ ਸਮਾਜ ਲਈ ਕੀਤੇ ਨਿਸ਼ਕਾਮ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਸਾਡੀ ਕੌਮ ਉਸ ‘ਤੇ ਹਮੇਸ਼ਾ ਫਖ਼ਰ ਕਰੇਗੀ।
ਸ. ਰੰਧਾਵਾ ਨੇ ਐਲਕ ਗਰੋਵ ਸਕੂਲ ਬੋਰਡ ਵੱਲੋਂ ਇਸ ਮਤੇ ਨੂੰ ਪਾਸ ਕਰਨ ਲਈ ਡਾਇਰੈਕਟਰ ਬੌਬੀ ਐਲਨ ਅਤੇ ਸਮੁੱਚੇ ਸਕੂਲ ਬੋਰਡ ਦਾ ਧੰਨਵਾਦ ਕੀਤਾ।

ਕੈਪਸ਼ਨ
ਐਲਕ ਗਰੋਵ ਸਕੂਲ ਬੋਰਡ ਵੱਲੋਂ ਸਿੱਖਾਂ ਲਈ ਮਤਾ ਪਾਸ ਕਰਨ ਤੋਂ ਬਾਅਦ ਸਮੂਹ ਬੋਰਡ ਮੈਂਬਰ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ ਕਰਦੇ ਹੋਏ।

Install Punjabi Akhbar App

Install
×