ਭਵਿੱਖ ਦੇ ਦੋ-ਭਾਸ਼ੀਆਂ ਲਈ ਨਵੇਂ ਵਜ਼ੀਫ਼ੇ ਜਾਰੀ; ਅਰਜ਼ੀਆਂ ਮੰਗੀਆਂ

ਆਸਟ੍ਰੇਲੀਆ ਇੱਕ ਬਹੁ-ਸਭਿਅਕ ਅਤੇ ਬਹੁ-ਭਾਸ਼ਾਈ ਦੇਸ਼ ਹੈ ਅਤੇ ਇੱਥੇ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਸ ਵਾਸਤੇ ਹਮੇਸ਼ਾ ਅਜਿਹੇ ਲੋਕਾਂ ਅਤੇ ਮਾਹਿਰਾਂ ਦੀ ਜ਼ਰੂਰਤ ਰਹਿੰਦੀ ਹੈ ਜੋ ਕਿ ਆਪਣੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਨੂੰ ਵੀ ਲਿੱਖਣਾ, ਸਮਝਣਾ, ਬੋਲਣਾ ਅਤੇ ਸਮਝਾਉਣਾ ਜਾਣਦੇ ਹਨ ਅਤੇ ਇਸ ਦਿਸ਼ਾ ਵੱਲ ਹੁਣ ਬਹੁਤ ਸਾਰੇ ਲੋਕ ਆਪਣਾ ਭਵਿੱਖ ਅਤੇ ਕੰਮ ਧੰਦਾ ਬਣਾ ਰਹੇ ਹਨ ਅਤੇ ਚੰਗੇ ਡਾਲਰ ਵੀ ਕਮਾਉਂਦੇ ਹਨ ਅਤੇ ਇੱਜ਼ਤ ਵਾਲਾ ਕਾਰੋਬਾਰ ਵੀ ਕਰਦੇ ਹਨ।
ਇਸੇ ਦਿਸ਼ਾ ਵੱਲੋ ਨਿਊ ਸਾਊਥ ਵੇਲਜ਼ ਸਰਕਾਰ ਨੇ ਨਵੇਂ ਕਦਮ ਉਠਾਉਂਦਿਆਂ ਅਗਲੇ ਚਾਰ ਸਾਲਾਂ ਦੌਰਾਨ ਅਜਿਹੇ 400 ਲੋਕਾਂ ਨੂੰ ਸਿਖਲਾਈ ਅਤੇ ਮਾਨਤੇ ਦੇ ਕੇ ਦੋ-ਭਾਸ਼ੀਏ ਬਣਨ ਨੂੰ ਪ੍ਰੇਰਨ ਲਈ ਨਵੇਂ ਵਜ਼ੀਫ਼ਿਆਂ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਦੇ ਤਹਿਤ ਮੌਜੂਦਾ ਸਮਿਆਂ ਵਿੱਚ 100 ਲੋਕਾਂ ਨੂੰ ਅਜਿਹੀ ਹੀ ਸਿਖਲਾਈ ਦਿੱਤੀ ਜਾ ਰਹੀ ਹੈ।
ਲੋਕਾਂ ਨੂੰ ਇਸ ਖ਼ਿਤੇ ਵੱਲ ਪ੍ਰੇਰਿਆ ਜਾ ਰਿਹਾ ਹੈ ਅਤੇ ਚੁਣਿੰਦੀਆਂ ਭਾਸ਼ਾਵਾਂ ਜਿਵੇਂ ਕਿ ਕਰੋਟੇਨ, ਗਰੀਕ, ਹੰਗਰੀ, ਇੰਡੋਨੇਸ਼ੀਆ, ਇਤਾਲਵੀ, ਲਾਓ, ਮੈਕਡੋਨੀਅਨ, ਮਾਲਾਇ, ਮਾਲਟੀ, ਨੇਪਾਲੀ, ਪੁਰਤਗਾਲੀ, ਰੋਮ, ਸਰਬੀਆ, ਸਵਾਹੀਲੀ, ਟਾਡਾਲੋਗ, ਥਾਈ, ਟਰਕਿਸ਼, ਅਤੇ ਵਿਅਤਨਾਮੀ ਆਦਿ ਭਾਸ਼ਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇਸ ਵਾਸਤੇ ਵਿਸ਼ਵ ਪੱਧਰ ਤੇ ਯੂ.ਐਨ.ਐਸ.ਡਬਲਿਊ ਵੱਲੋਂ ਆਨਲਾਈਟ ਕੋਰਸ ਕਰਵਾਏ ਜਾ ਰਹੇ ਹਨ।
ਸਰਕਾਰ ਨੇ ਇਸ ਖੇਤਰ ਲਈ 650,000 ਡਾਲਰਾਂ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਕਿ ਅਗਲੇ 4 ਸਾਲਾਂ ਵਿੱਚ 400 ਅਜਿਹੇ ਦੋ-ਭਾਸ਼ੀਏ ਤਿਆਰ ਕੀਤੇ ਜਾ ਰਹੇ ਹਨ।
ਅਰਜ਼ੀ ਦੇਣ ਵਾਲਿਆਂ ਲਈ ਅਗਲੇ ਮਹੀਨੇ 5 ਨਵੰਬਰ ਦਿਨ ਸ਼ੁਕਰਵਾਰ ਨੂੰ ਰਾਤ ਦੇ 11:59 ਤੱਕ ਦਾ ਸਮਾਂ ਨਿਸਚਿਤ ਕੀਤਾ ਗਿਆ ਹੈ ਅਤੇ ਇਸ ਵਾਸਤੇ ਹੋਰ ਜਾਣਕਾਰੀ ਲੈਣ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×